ਮੀਂਹ ਕਾਰਨ ਸਿਡਨੀ ਦੀ ਬਜਾਏ ਮੈਲਬੋਰਨ ''ਚ ਹੋਵੇਗਾ ਚੈਰਿਟੀ ਮੈਚ

02/06/2020 11:41:48 AM

ਸਿਡਨੀ : ਆਸਟਰੇਲੀਆਈ ਜੰਗਲਾਂ 'ਚ ਲੱਗੀ ਅੱਗ ਨਾਲ ਪੀੜਤਾਂ ਦੀ ਮਦਦ ਲਈ ਹੋਣ ਵਾਲੇ ਚੈਰਿਟੀ ਕ੍ਰਿਕਟ ਮੈਚ ਹੁਣ ਮੀਂਹ ਦੇ ਅੰਦਾਜ਼ੇ ਕਾਰਨ ਸਿਡਨੀ ਦੀ ਬਜਾਏ ਐਤਵਾਰ ਨੂੰ ਮੈਲਬੋਰਨ ਵਿਖੇ ਖੇਡਿਆ ਜਾਵੇਗਾ। 'ਬੁਸ਼ਫਾਇਰ ਕ੍ਰਿਕਟ ਬੈਸ਼' ਪਹਿਲਾਂ ਸਿਡਨੀ ਕ੍ਰਿਕਟ ਗਰਾਊਂਡ 'ਤੇ ਸ਼ਨੀਵਾਰ ਨੂੰ ਹੋਣਾ ਸੀ ਪਰ ਹੁਣ ਇਹ ਮੈਲਬੋਰਨ ਵਿਚ ਐਤਵਾਰ ਨੂੰ ਖੇਡਿਆ ਜਾਵੇਗਾ। ਚੈਂਪੀਅਨ ਬੱਲੇਬਾਜ਼ ਸਚਿਨ ਤੇਂਦੁਲਕਰ ਇਸ ਵਿਚ ਰਿਕੀ ਪੋਂਟਿੰਗ ਇਲੈਵਨ ਦੇ ਕੋਚ ਹਨ ਜਦਕਿ ਵੈਸਟਇੰਡੀਜ਼ ਦੇ ਮਹਾਨ ਗੇਂਦਬਾਜ਼ ਕਰਟਨੀ ਵਾਲਸ਼ ਆਸਟਰੇਲੀਆ ਦੇ ਐਡਮ ਗਿਲਕ੍ਰਿਸਟ ਦੀ ਟੀਮ ਦੇ ਕੋਚ ਹੋਣਗੇ। ਪਹਿਲਾਂ ਸ਼ੇਨ ਵਾਰਨ ਨੂੰ ਕਪਤਾਨੀ ਕਰਨੀ ਸੀ ਪਰ ਪ੍ਰੋਗਰਾਮ ਵਿਚ ਬਦਲਾਅ ਕਾਰਨ ਉਹ ਨਹੀਂ ਖੇਡ ਸਕਣਗੇ। ਕ੍ਰਿਕਟ ਦੀ ਵੈਬਸਾਈਮ ਮੁਤਾਬਕ ਉਸ ਤਾਰੀਖ ਨੂੰ ਉਹ ਉਪਲੱਬਧ ਨਹੀਂ ਹਨ ਜਿਸ ਕਾਰਨ ਗਿਲਕ੍ਰਿਸਟ ਕਪਤਾਨੀ ਕਰਨਗੇ। ਇਸ ਮੈਚ ਤੋਂ ਹੋਣ ਵਾਲਾ ਸਾਰਾ ਮੁਨਾਫਾ ਅਤੇ ਕਮਾਈ ਆਸਟਰੇਲੀਆਈ ਰੈੱਡ ਕ੍ਰਾਸ ਆਫਤ ਅਤੇ ਰਿਕਵਰੀ ਫੰਡ ਵਿਚ ਜਾਣਗੇ।

 

Related News