ਏਸ਼ੀਆਈ ਜੂਨੀਅਰ ਬੈਡਮਿੰਟਨ : ਲਕਸ਼ ਰਾਜੇਸ਼ ਸਮੇਤ 4 ਭਾਰਤੀ ਸੈਮੀਫਾਈਨਲ ’ਚ
Sunday, Oct 26, 2025 - 01:29 PM (IST)
ਚੇਂਗਦੂ (ਚੀਨ)- ਲਕਸ਼ ਰਾਜੇਸ਼ ਨੇ ਟਾਪ ਦਾ ਦਰਜਾ ਪ੍ਰਾਪਤ ਲਲਿਤਾ ਸੱਤਯਾਥਾਡਾਕੂਨ ਨੂੰ ਹਰਾ ਕੇ ਇਥੇ ਬੈਡਮਿੰਟਨ ਏਸ਼ੀਆ ਅੰਡਰ-17 ਅਤੇ ਅੰਡਰ-15 ਚੈਂਪੀਅਨਸ਼ਿਪ ਦੇ ਸੈਮੀਫਾਈਨਲ ’ਚ ਜਗ੍ਹਾ ਬਣਾਈ। ਭਾਰਤ ਦੇ 4 ਖਿਡਾਰੀਆਂ ਨੇ ਸਿੰਗਲ ਵਰਗ ਦੇ ਆਖ਼ਰੀ 4 ’ਚ ਪ੍ਰਵੇਸ਼ ਕੀਤਾ।
ਦਿਨ ਦੀ ਵਿਸ਼ੇਸ਼ ਖ਼ਾਸੀਅਤ ਲਕਸ਼ ਰਾਜੇਸ਼ ਰਹੀ, ਜਿਸ ਨੇ ਅੰਡਰ-17 ਕੁੜੀ ਇਕਲ ਕੁਆਰਟਰ ਫਾਈਨਲ ’ਚ ਥਾਈਲੈਂਡ ਦੀ ਟਾਪ ਦਾ ਦਰਜਾ ਪ੍ਰਾਪਤ ਲਲਿਤਾ ਨੂੰ 11-21, 21-16, 21-19 ਨਾਲ ਹਰਾਇਆ। ਭਾਰਤ ਦੀ ਇਕ ਹੋਰ ਖਿਡਾਰਨ 6ਵਾਂ ਦਰਜਾ ਪ੍ਰਾਪਤ ਦੀਕਸ਼ਾ ਸੁਧਾਕਰ ਵੀ ਸੈਮੀਫਾਈਨਲ ’ਚ ਪਹੁੰਚ ਗਈ। ਉਸ ਨੇ ਇੰਡੋਨੇਸ਼ੀਆ ਦੀ ਰਈਸਿਆ ਅੱਫਾਤੁਨਿਸਾ ਨੂੰ 21-17, 21-8 ਨਾਲ ਹਰਾਇਆ।
ਮੁੰਡਿਆਂ ਦੇ ਸਿੰਗਲ ਵਰਗ ’ਚ ਜਗਸ਼ੇਰ ਸਿੰਘ ਖੰਗੂਰਾ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਹਾਂਗਕਾਂਗ ਚੀਨ ਦੇ ਝਾਨ ਸ਼ਿੰਗ ਯੁਈ ਨੂੰ ਸਿੱਧੀ ਗੇਮ ਵਿਚ 21-13, 21-14 ਨਾਲ ਹਰਾ ਕੇ ਸੈਮੀਫਾਈਨਲ ’ਚ ਪ੍ਰਵੇਸ਼ ਕੀਤਾ। ਭਾਰਤ ਦੇ ਜੰਗਜੀਤ ਸਿੰਘ ਕਾਜਲਾ ਅਤੇ ਜਨਨਿਕਾ ਰਮੇਸ਼ ਆਪਣੇ ਚੀਨੀ ਵਿਰੋਧੀ ਦੇ ਰਿਟਾਇਰ ਹੋਣ ਤੋਂ ਬਾਅਦ ਅੰਡਰ-17 ਮਿਕਸਡ ਡਬਲਜ਼ ਸੈਮੀਫਾਈਨਲ ’ਚ ਪਹੁੰਚ ਗਏ। ਇਸ ਤੋਂ ਪਹਿਲਾਂ ਟਾਪ ਦਾ ਦਰਜਾ ਪ੍ਰਾਪਤ ਸ਼ਾਇਨਾ ਮਣਿਮੁਥੁ ਨੇ ਜਾਪਾਨ ਦੀ ਯੁਬੁਕੀ ਅਜ਼ੁਮਾਇਆ ਨੂੰ 21-14, 21-16 ਨਾਲ ਹਰਾ ਕੇ ਅੰਡਰ-15 ਕੁੜੀ ਇਕਲ ਸ਼੍ਰੇਣੀ ਦੇ ਸੈਮੀਫਾਈਨਲ ’ਚ ਪ੍ਰਵੇਸ਼ ਕੀਤਾ।
