ਕੀ ਮਹਾਰਾਸ਼ਟਰ ''ਚ ਬਣੇਗੀ ''ਅਨੋਖੀ ਸਰਕਾਰ''

11/18/2019 12:23:38 AM

ਮਹਾਰਾਸ਼ਟਰ ਵਿਚ ਜੇਕਰ ਊਧਵ ਠਾਕਰੇ ਦੀ ਅਗਵਾਈ ਵਿਚ ਸ਼ਿਵ ਸੈਨਾ, ਕਾਂਗਰਸ ਅਤੇ ਰਾਸ਼ਟਰੀ ਕਾਂਗਰਸ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਇਹ ਕਾਫੀ ਅਨੋਖੀ ਸਰਕਾਰ ਹੋਵੇਗੀ। ਇੰਨੀ ਅਨੋਖੀ ਕਿ ਚੋਣਾਂ ਤੋਂ ਪਹਿਲਾਂ ਕਿਸੇ ਨੇ ਵੀ ਇਸ ਦੀ ਉਮੀਦ ਨਹੀਂ ਕੀਤੀ ਸੀ। ਠਾਕਰੇ ਪਰਿਵਾਰ ਤਿੰਨ ਦਹਾਕਿਆਂ ਤਕ ਭਾਜਪਾ ਦੇ ਨਾਲ ਰਿਹਾ। ਹਰ ਵਾਰ ਸ਼ਿਵ ਸੈਨਾ ਸੀਟ ਸ਼ੇਅਰਿੰਗ ਦੇ ਸਮੇਂ ਮੁੱਲ-ਭਾਅ ਕਰਨ ਲੱਗਦੀ ਹੈ। ਹਰ ਵਾਰ ਸ਼ਿਵ ਸੈਨਾ ਵੱਧ ਸੀਟਾਂ ਦੀ ਮੰਗ ਕਰਦੀ ਹੈ ਅਤੇ ਹਰ ਵਾਰ ਭਾਜਪਾ ਇਹ ਸੋਚ ਕੇ ਉਸ ਦੀ ਗੱਲ ਮੰਨ ਲੈਂਦੀ ਹੈ ਕਿ ਕਿਸੇ ਸਮੇਂ ਕਾਫੀ ਲੀਡ ਹਾਸਿਲ ਕਰ ਲਵੇਗੀ, ਜਿਵੇਂ ਕਿ ਹੁਣ ਹੋ ਚੁੱਕਾ ਹੈ। ਭਾਜਪਾ ਕੋਲ ਲੰਮੀ ਖੇਡ ਖੇਡਣ ਲਈ ਜ਼ਰੂਰੀ ਅਨੁਸ਼ਾਸਨ ਹੈ।
ਸ਼ਿਵ ਸੈਨਾ ਵਧ-ਚੜ੍ਹ ਕੇ ਗੱਲਾਂ ਕਰਦੀ ਹੈ ਅਤੇ ਉਸ ਵਿਚ ਧੀਰਜ ਦੀ ਕਮੀ ਹੈ। ਇਹ ਆਪਣਾ ਵਿਚਾਰ ਜ਼ਾਹਿਰ ਕਰਦੀ ਹੈ, ਜਿਸ ਨੂੰ ਬਾਅਦ ਵਿਚ ਬਦਲ ਵੀ ਲੈਂਦੀ ਹੈ, ਇਸ ਗੱਲ ਦਾ ਤਜਰਬਾ ਕਾਂਗਰਸ ਅਤੇ ਰਾਕਾਂਪਾ ਨੂੰ ਆਉਣ ਵਾਲੇ ਸਮੇਂ ਵਿਚ ਹੋਵੇਗਾ। ਪਾਰਟੀ ਦੇ ਮੁੱਖ ਪੱਤਰ 'ਸਾਮਨਾ' ਵਿਚ ਸੈਨਾ ਮੁਖੀ ਦੇ ਇੰਟਰਵਿਊ ਫਰੰਟ ਪੇਜ 'ਤੇ ਪ੍ਰਕਾਸ਼ਿਤ ਕੀਤੇ ਜਾਂਦੇ ਹਨ, ਜਿਨ੍ਹਾਂ ਰਾਹੀਂ ਪਾਰਟੀ ਦਾ ਸਖਤ ਸਟੈਂਡ ਜ਼ਾਹਿਰ ਕੀਤਾ ਜਾਂਦਾ ਹੈ। 'ਸਾਮਨਾ' ਦੀ ਇਹ ਇੰਟਰਵਿਊ ਸਥਾਨਕ ਅਖਬਾਰਾਂ ਅਤੇ ਚੈਨਲਾਂ ਲਈ ਖ਼ਬਰ ਹੁੰਦੀ ਹੈ ਕਿਉਂਕਿ ਇਹ ਸਭ ਮਰਾਠੀ ਵਿਚ ਹੁੰਦਾ ਹੈ, ਇਸ ਲਈ ਦੇਸ਼ ਦੇ ਬਾਕੀ ਲੋਕਾਂ ਨੂੰ ਸੈਨਾ ਦੇ ਸੁਭਾਅ ਦਾ ਪਤਾ ਨਹੀਂ ਲੱਗਦਾ ਪਰ ਇਹ ਜ਼ਿਆਦਾ ਦਿਨਾਂ ਤਕ ਲੁਕਿਆ ਨਹੀਂ ਰਹੇਗਾ।
ਵਿਚਾਰਕ ਤੌਰ 'ਤੇ ਸੈਨਾ ਅਤੇ ਭਾਜਪਾ ਸਾਥੀ ਮੰਨੇ ਜਾਂਦੇ ਹਨ ਪਰ ਅਸਲ ਵਿਚ ਸ਼ਿਵ ਸੈਨਾ ਦੀ ਵਿਚਾਰਧਾਰਾ ਪੂਰੀ ਤਰ੍ਹਾਂ ਹਿੰਦੂਵਾਦੀ ਨਹੀਂ ਹੈ। ਸ਼ਿਵ ਸੈਨਾ ਪੂਰੀ ਤਰ੍ਹਾਂ ਮੌਕਾਪ੍ਰਸਤ ਹੈ। ਇਸ ਨੇ ਉੱਤਰ ਭਾਰਤੀਆਂ, ਦੱਖਣ ਭਾਰਤੀਆਂ ਅਤੇ ਮੁਸਲਮਾਨਾਂ ਨੂੰ ਠੇਸ ਪਹੁੰਚਾਈ ਹੈ, ਤਾਂ ਕਿ ਖ਼ੁਦ ਨੂੰ ਮਜ਼ਬੂਤ ਕੀਤਾ ਜਾ ਸਕੇ। ਇਹ ਸੱਚਾਈ ਹੈ ਕਿ ਸ਼ਿਵ ਸੈਨਾ ਦੇ ਨੇਤਾਵਾਂ ਨੇ ਬਾਬਰੀ ਮਸਜਿਦ ਤਬਾਹੀ ਅਤੇ ਬਾਅਦ ਵਿਚ ਮੁੰਬਈ ਵਿਚ 1992-93 ਵਿਚ ਹੋਏ ਦੰਗਿਆਂ ਵਿਚ ਹਿੱਸਾ ਲਿਆ ਸੀ। ਮਧੂਕਰ ਸਰਪੋਤਦਾਰ ਸਮੇਤ ਸ਼ਿਵ ਸੈਨਾ ਨੇਤਾਵਾਂ ਨੂੰ ਇਸ ਦੇ ਲਈ ਦੋਸ਼ੀ ਠਹਿਰਾਇਆ ਗਿਆ ਸੀ।
ਇਹ ਵੀ ਸੱਚ ਹੈ ਕਿ ਹੁਣ ਸ਼ਿਵ ਸੈਨਾ ਉਨ੍ਹਾਂ ਹੀ ਉੱਤਰ ਭਾਰਤੀਆਂ ਨੂੰ ਅਪਮਾਨਿਤ ਕਰਨਾ ਚਾਹੁੰਦੀ ਹੈ, ਜਿਨ੍ਹਾਂ ਨਾਲ ਮਿਲ ਕੇ ਉਸ ਨੇ ਅਯੁੱਧਿਆ ਵਿਚ ਹੋਈ ਭੰਨ-ਤੋੜ ਵਿਚ ਹਿੱਸਾ ਲਿਆ ਸੀ। ਸ਼ਿਵ ਸੈਨਾ ਜਿਵੇਂ ਨਫਰਤ ਆਮ ਤੌਰ 'ਤੇ ਮੁਸਲਮਾਨਾਂ ਲਈ ਦਰਸਾਉਂਦੀ ਹੈ, ਉਹੋ ਜਿਹੀ ਹੀ ਉਹ ਹੋਰਨਾਂ ਲੋਕਾਂ ਲਈ ਵੀ ਆਸਾਨੀ ਨਾਲ ਦਰਸਾ ਸਕਦੀ ਹੈ।
ਇਹ ਦੇਖਣਾ ਦਿਲਚਸਪ ਹੋਵੇਗਾ ਕਿ ਗਾਂਧੀ ਪਰਿਵਾਰ ਠਾਕਰੇ ਪਰਿਵਾਰ ਨਾਲ ਕਿਸ ਤਰ੍ਹਾਂ ਤਾਲਮੇਲ ਬਿਠਾਉਂਦਾ ਹੈ, ਜੋ ਉਨ੍ਹਾਂ ਪ੍ਰਤੀ ਸਖਤ ਭਾਸ਼ਾ ਦੀ ਵਰਤੋਂ ਕਰਦੇ ਰਹਿੰਦੇ ਹਨ। ਕਾਂਗਰਸ ਹਮੇਸ਼ਾ ਆਪਣੇ ਆਪ ਨੂੰ ਧਰਮ ਨਿਰਪੱਖਤਾ ਦੀ ਪ੍ਰਤੀਨਿਧੀ ਦੱਸਦੀ ਰਹੀ ਹੈ। ਮੈਂ ਇਹ ਸੋਚ ਰਿਹਾ ਹਾਂ ਕਿ ਸ਼ਿਵ ਸੈਨਾ ਦੇ ਨਾਲ ਗੱਠਜੋੜ ਹੋਣ 'ਤੇ ਮਨਮੋਹਨ ਸਿੰਘ, ਸ਼ਸ਼ੀ ਥਰੂਰ ਅਤੇ ਚਿਦਾਂਬਰਮ ਵਰਗੇ ਲੋਕ ਇਸ ਸਮਝੌਤੇ ਨੂੰ ਕਿਸ ਤਰ੍ਹਾਂ ਉਚਿਤ ਠਹਿਰਾਉਣਗੇ।
ਸ਼ਿਵ ਸੈਨਾ ਬਾਰੇ ਦੂਸਰੀ ਰੌਚਕ ਗੱਲ ਇਹ ਹੈ ਕਿ ਉਸ ਦੀ ਕੋਈ ਵਿਸ਼ੇਸ਼ ਵਿਚਾਰਧਾਰਾ ਨਹੀਂ ਹੈ ਅਤੇ ਨਾ ਹੀ ਉਸ ਕੋਲ ਕੋਈ ਅਰਥ ਭਰਪੂਰ ਚੋਣ ਐਲਾਨ ਪੱਤਰ ਜਾਂ ਰਣਨੀਤਕ ਦਸ਼ਾ ਹੈ। ਅਰਥ ਵਿਵਸਥਾ ਨੂੰ ਚਲਾਉਣ, ਜਨਤਕ ਖੇਤਰ ਅਤੇ ਮਨੁੱਖੀ ਵਿਕਾਸ ਸੂਚਕਅੰਕ ਨੂੰ ਉਪਰ ਚੁੱਕਣ ਜਾਂ ਚੀਨ ਅਤੇ ਪਾਕਿਸਤਾਨ ਉੱਤੇ ਲਗਾਮ ਕੱਸਣ ਨੂੰ ਲੈ ਕੇ ਉਸ ਕੋਲ ਕੋਈ ਵੱਡੀ ਰਣਨੀਤੀ ਨਹੀਂ ਹੈ। ਇਹ ਸਿਰਫ ਵੱਡੀਆਂ-ਵੱਡੀਆਂ ਗੱਲਾਂ ਕਰਦੀ ਹੈ। ਸ਼ਿਵ ਸੈਨਾ ਦੇ ਸੱਤਾ ਵਿਚ ਆਉਣ 'ਤੇ ਕਈ ਮਨੋਰੰਜਕ ਅਤੇ ਭਿਆਨਕ ਦ੍ਰਿਸ਼ ਦੇਖਣ ਨੂੰ ਮਿਲ ਸਕਦੇ ਹਨ।

ਕਾਂਗਰਸ-ਐੱਨ. ਸੀ. ਪੀ. ਲਈ ਅਣਕਿਆਸੇ ਨਤੀਜੇ
ਇਹ ਚੋਣ ਨਤੀਜੇ ਕਾਂਗਰਸ ਅਤੇ ਐੱਨ. ਸੀ. ਪੀ. ਲਈ ਕਾਫੀ ਅਣਕਿਆਸੇ ਰਹੇ ਹਨ। ਉਨ੍ਹਾਂ ਨੂੰ ਵੱਡੀ ਹਾਰ ਦੀ ਉਮੀਦ ਸੀ ਪਰ ਉਹ ਸਨਮਾਨਜਨਕ ਸੀਟਾਂ ਹਾਸਿਲ ਕਰਨ ਵਿਚ ਸਫਲ ਰਹੀਆਂ। ਦੋਹਾਂ ਪਾਰਟੀਆਂ ਨੂੰ ਲੱਗਭਗ ਇਕੋ ਜਿਹਾ ਵੋਟ ਸ਼ੇਅਰ ਹਾਸਿਲ ਹੋਇਆ। ਇਨ੍ਹਾਂ ਦੋਹਾਂ ਪਾਰਟੀਆਂ ਲਈ ਅਜੇ ਵੀ ਜ਼ਮੀਨ 'ਤੇ ਜਾ ਕੇ ਮੁੜ ਨਿਰਮਾਣ ਦਾ ਮੌਕਾ ਹੈ। ਮਹਾਰਾਸ਼ਟਰ ਵਿਚ ਕਾਂਗਰਸ ਲਈ ਅਜੇ ਵੀ ਮੌਕਾ ਹੈ, ਬਸ਼ਰਤੇ ਕਿ ਉਸ ਦੇ ਪ੍ਰਤਿਭਾਸ਼ਾਲੀ ਨੇਤਾ ਸਖਤ ਮਿਹਨਤ ਕਰਨ।
ਅਜਿਹੀ ਹਾਲਤ ਵਿਚ ਇਸ ਗੱਲ ਦੀ ਸੰਭਾਵਨਾ ਘੱਟ ਹੈ ਕਿ ਕਾਂਗਰਸ ਠਾਕਰੇ ਪਰਿਵਾਰ ਨਾਲ ਸਾਂਝੇਦਾਰੀ ਕਰੇਗੀ ਕਿਉਂਕਿ ਉਹ ਉਲਟ ਦਿਸ਼ਾ ਵਿਚ ਕਦਮ ਹੋਵੇਗਾ। ਇਹ ਹਮਲਾਵਰ ਹੋਣ ਦੀ ਬਜਾਏ ਰੱਖਿਆਤਮਕ ਰਾਜਨੀਤੀ ਹੈ। ਕਾਂਗਰਸ ਅਤੇ ਐੱਨ. ਸੀ. ਪੀ. ਦੇ ਨਜ਼ਰੀਏ ਤੋਂ ਇਸ ਗੱਠਜੋੜ ਨੂੰ ਸਮਝਣ ਦਾ ਤਰੀਕਾ ਇਹ ਹੈ ਕਿ ਉਨ੍ਹਾਂ ਦਾ ਇਹ ਨਾਲ-ਨਾਲ ਆਉਣਾ ਸੁਭਾਵਿਕ ਨਹੀਂ ਹੈ। ਇਸ ਦਾ ਅਰਥ ਇਹ ਹੈ ਕਿ ਉਨ੍ਹਾਂ ਵਿਚਾਲੇ ਕੁਦਰਤੀ ਆਕਰਸ਼ਣ ਨਹੀਂ ਹੈ। ਵਰਕਰ ਅਤੇ ਵੋਟਰ ਦੇ ਪੱਧਰ 'ਤੇ ਇਸ ਦਾ ਸਪੱਸ਼ਟ ਵਿਰੋਧ ਹੈ। ਉਸ ਦਾ ਉਦੇਸ਼ ਲਗਾਤਾਰ ਮਜ਼ਬੂਤ ਹੋ ਰਹੀ ਭਾਜਪਾ ਦੇ ਯੁੱਗ ਵਿਚ ਖ਼ੁਦ ਨੂੰ ਪ੍ਰਸੰਗਿਕ ਬਣਾਈ ਰੱਖਣਾ ਹੈ। ਜੇਕਰ ਕਾਂਗਰਸ ਅਸਲ ਵਿਚ ਆਪਣੀ ਸਥਿਤੀ ਨੂੰ ਲੈ ਕੇ ਆਸਵੰਦ ਹੁੰਦੀ ਤਾਂ ਉਹ ਭਾਜਪਾ-ਸ਼ਿਵ ਸੈਨਾ ਗੱਠਜੋੜ ਦੀ ਅਸਫਲਤਾ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਦੁਬਾਰਾ ਚੋਣਾਂ ਦੀ ਮੰਗ ਕਰਦੀ ਪਰ ਅਜਿਹਾ ਲੱਗਦਾ ਹੈ ਕਿ ਕਾਂਗਰਸ ਕਾਫੀ ਦਿਸ਼ਾਹੀਣ ਅਤੇ ਟੁੱਟੀ ਹੋਈ ਹੈ ਅਤੇ ਉਹ 2020 ਨੂੰ ਨਹੀਂ ਦੇਖ ਪਾ ਰਹੀ ਹੈ।
ਸ਼ਿਵ ਸੈਨਾ, ਕਾਂਗਰਸ ਅਤੇ ਰਾਕਾਂਪਾ ਮੋਦੀ ਦੀ ਅਗਵਾਈ ਵਾਲੀ ਭਾਜਪਾ ਦੇ ਸਮੇਂ ਵਿਚ ਖ਼ੁਦ ਨੂੰ ਹਾਸ਼ੀਏ 'ਤੇ ਪਾ ਰਹੀਆਂ ਹਨ। ਉਨ੍ਹਾਂ ਦਾ ਇਹ ਡਰ ਜਾਇਜ਼ ਹੈ। ਭਾਜਪਾ ਚੋਣਾਂ ਵਿਚ ਜਿਸ ਤਰ੍ਹਾਂ ਦੀ ਚੁਣੌਤੀ ਪੇਸ਼ ਕਰਦੀ ਹੈ ਅਤੇ ਜਿਸ ਤਰ੍ਹਾਂ ਸੱਤਾ 'ਤੇ ਉਸ ਦੀ ਪਕੜ ਹੈ, ਉਹ ਡਰਾਉਣਾ ਹੈ ਅਤੇ ਇਹ ਅਨੋਖੀ ਤਾਕਤ ਹੀ ਵਿਰੋਧੀਆਂ ਨੂੰ ਨਾਲ-ਨਾਲ ਆਉਣ ਲਈ ਮਜਬੂਰ ਕਰ ਰਹੀ ਹੈ, ਜਿਸ ਬਾਰੇ ਮੋਦੀ ਯੁੱਗ ਤੋਂ ਪਹਿਲਾਂ ਸੋਚਿਆ ਵੀ ਨਹੀਂ ਜਾ ਸਕਦਾ ਸੀ।

                                                                                                 —ਆਕਾਰ ਪਟੇਲ


KamalJeet Singh

Edited By KamalJeet Singh