ਫਿਰ ਸਰਹੱਦਾਂ ''ਤੇ ਫੌਜ ਦੇ ਜਵਾਨ ਜਾਨਾਂ ਕਿਉਂ ਦੇਣ?
Wednesday, Aug 22, 2018 - 07:00 AM (IST)

ਪੰਜਾਬ ਸਰਕਾਰ ਦੇ ਮੰਤਰੀ, ਸਾਬਕਾ ਕ੍ਰਿਕਟਰ ਤੇ ਕਾਮੇਡੀ ਕਲਾਕਾਰ ਨਵਜੋਤ ਸਿੱਧੂ ਦੀ ਪਾਕਿਸਤਾਨ ਯਾਤਰਾ ਤੇ ਪਾਕਿ ਫੌਜ ਦੇ ਮੁਖੀ ਬਾਜਵਾ ਨੂੰ ਗਲ਼ੇ ਮਿਲਣ 'ਤੇ ਹੰਗਾਮਾ ਮਚਣਾ ਸੁਭਾਵਿਕ ਹੈ। ਰਾਸ਼ਟਰਵਾਦੀ ਤਾਂ ਨਾਰਾਜ਼ ਹਨ ਹੀ, ਪੰਜਾਬ ਦੇ ਕਾਂਗਰਸੀ ਵੀ ਘੱਟ ਨਾਰਾਜ਼ ਨਹੀਂ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਨਾਰਾਜ਼ਗੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਕ ਪਹੁੰਚ ਚੁੱਕੀ ਹੈ, ਜਿਨ੍ਹਾਂ ਦਾ ਕਹਿਣਾ ਹੈ ਕਿ ਸਿੱਧੂ ਨੂੰ ਪਾਕਿ ਫੌਜ ਦੇ ਮੁਖੀ ਨਾਲ ਗਲ਼ੇ ਨਹੀਂ ਮਿਲਣਾ ਚਾਹੀਦਾ ਸੀ। ਸਰਹੱਦ 'ਤੇ ਸਾਡੇ ਜਵਾਨ ਰੋਜ਼ ਸ਼ਹੀਦ ਹੋ ਰਹੇ ਹਨ। ਇਸ ਨੂੰ ਦੇਖਦਿਆਂ ਪਾਕਿ ਫੌਜ ਦੇ ਮੁਖੀ ਨਾਲ ਇਸ ਤਰ੍ਹਾਂ ਗਲ਼ੇ ਮਿਲਣਾ ਗੈਰ-ਜ਼ਰੂਰੀ ਸੀ।
ਸਿੱਧੂ ਦੇ ਇਸ ਕਦਮ ਦੇ ਖਤਰੇ ਨੂੰ ਕੌਮੀ ਪੱਧਰ 'ਤੇ ਕਾਂਗਰਸ ਪਛਾਣ ਨਹੀਂ ਸਕੀ ਤੇ ਨਾ ਹੀ ਇਸ ਦੇ ਸੰਦੇਸ਼ ਨੂੰ ਸਮਝ ਰਹੀ ਹੈ ਪਰ ਅਮਰਿੰਦਰ ਸਿੰਘ ਸਿੱਧੂ ਦੇ ਇਸ ਕਦਮ ਦੇ ਖਤਰੇ ਅਤੇ ਸੰਦੇਸ਼ ਨੂੰ ਜ਼ਰੂਰ ਸਮਝ ਰਹੇ ਹਨ। ਇਸੇ ਕਰਕੇ ਸ਼ਾਇਦ ਉਨ੍ਹਾਂ ਨੂੰ ਮੂੰਹ ਖੋਲ੍ਹਣਾ ਪਿਆ ਹੈ।
ਕੌਣ ਨਹੀਂ ਜਾਣਦਾ ਕਿ ਫੌਜ 'ਚ ਸਭ ਤੋਂ ਵੱਧ ਪੰਜਾਬੀ ਹਨ, ਸਿੱਖ ਰੈਜੀਮੈਂਟ ਨਾਂ ਦੀ ਇਕ ਬਟਾਲੀਅਨ ਹੈ। ਸਿੱਖ ਬਟਾਲੀਅਨ ਦੀ ਦੇਸ਼ਭਗਤੀ ਅਤੇ ਬਹਾਦਰੀ ਸਰਵਉੱਤਮ ਰਹੀ ਹੈ। ਪੰਜਾਬ ਦੇ ਸ਼ਹੀਦ ਜਵਾਨਾਂ ਦੇ ਕਈ ਪੀੜਤ ਪਰਿਵਾਰ ਵੀ ਸਿੱਧੂ ਵਿਰੁੱਧ ਅੱਗੇ ਆਏ ਹਨ। ਯਕੀਨੀ ਤੌਰ 'ਤੇ ਗਲ਼ੇ ਲੱਗਣ ਦੀ ਇਸ ਘਟਨਾ ਨੇ ਫੌਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਅਤੇ ਉਨ੍ਹਾਂ ਪਰਿਵਾਰਾਂ ਨੂੰ ਦੁੱਖ ਪਹੁੰਚਾਇਆ ਹੈ, ਜਿਨ੍ਹਾਂ ਦੇ ਜਵਾਨ ਮੈਂਬਰ ਪਾਕਿਸਤਾਨ ਵਲੋਂ ਚਲਾਏ ਜਾਂਦੇ ਅੱਤਵਾਦ ਅਤੇ ਪਾਕਿ ਫੌਜ ਦੀ ਗੋਲੀਬਾਰੀ ਨਾਲ ਸ਼ਹੀਦ ਹੋਏ।
ਫੌਜ ਦਰਮਿਆਨ ਵੀ ਇਹ ਭਾਵਨਾ ਵਧ ਰਹੀ ਹੈ ਕਿ ਸਾਡੇ ਦੇਸ਼ ਦੇ ਸ਼ਾਸਕ ਅਤੇ ਸੈਲੀਬ੍ਰਿਟੀ ਜੇ ਪਾਕਿਸਤਾਨ ਨਾਲ ਦੋਸਤੀ ਦੀ ਖੇਡ ਖੇਡਣਗੇ, ਕ੍ਰਿਕਟ ਖੇਡਣਗੇ, ਚਿਕਨ-ਬਿਰਿਆਨੀ ਦੀ ਕੂਟਨੀਤੀ ਅਤੇ ਫੈਸ਼ਨ ਦੀ ਪ੍ਰੇਡ ਕਰਨਗੇ ਤਾਂ ਫਿਰ ਫੌਜ ਸਰਹੱਦਾਂ 'ਤੇ ਪਾਕਿਸਤਾਨੀ ਫੌਜੀਆਂ ਦੀਆਂ ਗੋਲੀਆਂ ਖਾ ਕੇ ਦੇਸ਼ ਦੀ ਰੱਖਿਆ ਕਿਉਂ ਕਰੇਗੀ? ਖੁਸ਼ੀ ਦੀ ਗੱਲ ਹੈ ਕਿ ਸਾਡੀ ਫੌਜ ਦੁਨੀਆ ਦੀ ਸਭ ਤੋਂ ਵੱਧ ਅਨੁਸ਼ਾਸਨ-ਪਸੰਦ ਅਤੇ ਕੰਟਰੋਲਡ ਫੌਜ ਹੈ ਪਰ ਹੌਲੀ-ਹੌਲੀ ਸ਼ਾਸਕਾਂ ਤੇ ਸੈਲੀਬ੍ਰਿਟੀਜ਼ ਦੀਆਂ ਅਜਿਹੀਆਂ ਕਰਤੂਤਾਂ ਕਾਰਨ ਫੌਜ ਦਾ ਮਨੋਬਲ ਟੁੱਟ ਰਿਹਾ ਹੈ।
ਗੱਲ ਸਿਰਫ ਸਿੱਧੂ ਦੀ ਨਹੀਂ, ਫੌਜ ਦੀਆਂ ਭਾਵਨਾਵਾਂ ਨੂੰ ਅਣਡਿੱਠ ਕਰਨ ਦੇ ਉਹੀ ਦੋਸ਼ੀ ਨਹੀਂ, ਹੋਰ ਵੀ ਕਈ ਲੋਕ ਕਟਹਿਰੇ 'ਚ ਹੋਣਗੇ। ਸੱਚ ਤਾਂ ਇਹ ਹੈ ਕਿ ਸੱਤਾ ਬਦਲਦੀ ਹੈ ਪਰ ਸੱਤਾ ਦੀ ਸੋਚ ਨਹੀਂ ਬਦਲਦੀ। ਨਰਿੰਦਰ ਮੋਦੀ ਤੋਂ ਲੈ ਕੇ ਡਾ. ਮਨਮੋਹਨ ਸਿੰਘ ਤਕ ਕਟਹਿਰੇ 'ਚ ਖੜ੍ਹੇ ਹੋਣਗੇ।
ਪਾਕਿਸਤਾਨ ਦੇ ਤਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਮਨਮੋਹਨ ਸਿੰਘ ਨੂੰ 'ਦਿਹਾਤੀ ਔਰਤ' ਭਾਵ ਚੁਗਲਖੋਰ ਔਰਤ ਕਿਹਾ ਸੀ, ਫਿਰ ਵੀ ਮਨਮੋਹਨ ਸਿੰਘ ਦੀ ਬਹਾਦਰੀ ਨਹੀਂ ਜਾਗੀ। ਸਰਹੱਦ 'ਤੇ ਭਾਰਤੀ ਜਵਾਨਾਂ ਦੇ ਸਿਰ ਕੱਟੇ ਜਾ ਰਹੇ ਸਨ, ਫਿਰ ਵੀ ਮਨਮੋਹਨ ਸਿੰਘ ਵਿਦੇਸ਼ੀ ਦੌਰਿਆਂ 'ਤੇ ਨਵਾਜ਼ ਸ਼ਰੀਫ ਨੂੰ ਗਲ਼ੇ ਮਿਲਣਾ ਨਹੀਂ ਭੁੱਲਦੇ ਸਨ।
ਮਨਮੋਹਨ ਸਿੰਘ ਦਾ ਪਤਨ ਹੋਇਆ ਤੇ ਦੇਸ਼ ਦੀ ਸੱਤਾ ਨਰਿੰਦਰ ਮੋਦੀ ਦੇ ਹੱਥ ਆ ਗਈ, ਬਦਲਿਆ ਫਿਰ ਵੀ ਕੁਝ ਨਹੀਂ। ਜਦੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨਹੀਂ ਬਣੇ ਸਨ, ਉਦੋਂ ਤਾਂ ਖੂਬ ਦਹਾੜਦੇ ਸਨ ਕਿ ''ਮੇਰੇ ਕੋਲ 56 ਇੰਚ ਦਾ ਸੀਨਾ ਹੈ। ਅਸੀਂ ਪਾਕਿਸਤਾਨ ਨੂੰ 'ਜੈਸੇ ਕੋ ਤੈਸਾ' ਭਾਸ਼ਾ 'ਚ ਅਜਿਹਾ ਜਵਾਬ ਦੇਵਾਂਗੇ ਕਿ ਦੁਬਾਰਾ ਉਹ ਭਾਰਤ ਵਿਰੁੱਧ ਅੱਖ ਚੁੱਕ ਕੇ ਨਹੀਂ ਦੇਖੇਗਾ।'' ਪਰ ਮੋਦੀ ਦੀ ਇਹ ਦਹਾੜ ਹਵਾ-ਹਵਾਈ ਸਿੱਧ ਹੋਈ। ਪਾਕਿਸਤਾਨ ਦੀਆਂ ਕਰਤੂਤਾਂ ਨਹੀਂ ਬਦਲੀਆਂ, ਪਾਕਿਸਤਾਨ ਦੀ ਅੱਤਵਾਦੀ ਸੋਚ ਜਾਰੀ ਰਹੀ ਤੇ ਸਰਹੱਦ 'ਤੇ ਭਾਰਤੀ ਫੌਜ ਦੇ ਜਵਾਨਾਂ ਦੀਆਂ ਜਾਨਾਂ ਜਾਂਦੀਆਂ ਰਹੀਆਂ।
ਇਕ ਦਿਨ ਦੇਸ਼ ਨੂੰ ਹੈਰਾਨ ਕਰਦਿਆਂ ਮੋਦੀ ਪਾਕਿਸਤਾਨ ਹੀ ਪਹੁੰਚ ਗਏ ਤੇ ਨਵਾਜ਼ ਸ਼ਰੀਫ ਨੂੰ ਮਿਲ ਆਏ। ਮੋਦੀ ਸ਼ਰੀਫ ਨੂੰ ਮਿਲ ਤਾਂ ਜ਼ਰੂਰ ਆਏ, ਗਲ਼ੇ ਲਗਾ ਆਏ ਪਰ ਸਰਹੱਦ 'ਤੇ ਪਾਕਿਸਤਾਨ ਆਪਣੀਆਂ ਕਰਤੂਤਾਂ ਤੋਂ ਬਾਜ਼ ਨਹੀਂ ਆਇਆ। ਕਸ਼ਮੀਰ 'ਚ ਅੱਜ ਵੀ ਪਾਕਿਸਤਾਨ ਵਲੋਂ ਪ੍ਰਾਯੋਜਿਤ ਅੱਤਵਾਦ ਪਹਿਲਾਂ ਵਾਂਗ ਜਾਰੀ ਹੈ।
ਕਦੇ ਅਟਲ ਬਿਹਾਰੀ ਵਾਜਪਾਈ (ਸਵ.) ਨੇ ਵੀ ਗਲ਼ੇ ਲਾਉਣ ਤੇ ਪਾਕਿਸਤਾਨ ਨੂੰ ਬਦਲਣ ਦੀ ਸੋਚ ਆਪਣੇ ਮਨ 'ਚ ਰੱਖੀ ਸੀ। ਇਸੇ ਲਈ ਉਹ ਸਮਝੌਤਾ ਬੱਸ ਲੈ ਕੇ ਲਾਹੌਰ ਗਏ ਸਨ, ਜਿਥੇ ਪਾਕਿ ਫੌਜ ਦੇ ਤਤਕਾਲੀ ਮੁਖੀ ਮੁਸ਼ੱਰਫ ਨੇ ਸਲਾਮੀ ਨਾ ਦੇ ਕੇ ਵਾਜਪਾਈ ਨੂੰ ਅਪਮਾਨਿਤ ਕੀਤਾ ਸੀ। ਫਿਰ ਭਾਰਤ ਦੀ ਪਿੱਠ 'ਚ ਛੁਰਾ ਮਾਰਦਿਆਂ ਪਾਕਿਸਤਾਨ ਨੇ ਕਾਰਗਿਲ 'ਤੇ ਹਮਲਾ ਕਰ ਦਿੱਤਾ।
ਕਾਰਗਿਲ ਨੂੰ ਮੁਕਤ ਕਰਵਾਉਣ 'ਚ ਸਾਡੇ ਹਜ਼ਾਰਾਂ ਜਵਾਨਾਂ ਨੂੰ ਕੁਰਬਾਨੀ ਦੇਣੀ ਪਈ। ਕਾਰਗਿਲ ਹਮਲੇ ਲਈ ਮੁਸ਼ੱਰਫ ਨੂੰ ਹੀ ਦੋਸ਼ੀ ਠਹਿਰਾਇਆ ਗਿਆ ਸੀ। ਪਾਕਿਸਤਾਨ ਦੇ ਤਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਕਿਹਾ ਸੀ ਕਿ ਕਾਰਗਿਲ ਹਮਲਾ ਪਾਕਿ ਸਰਕਾਰ ਦੀ ਨਹੀਂ ਸਗੋਂ ਮੁਸ਼ੱਰਫ ਦੀ ਨਿੱਜੀ ਕਾਰਸਤਾਨੀ ਸੀ।
ਦੁਨੀਆ 'ਚ ਅਜਿਹੀ ਕੋਈ ਮਿਸਾਲ ਨਹੀਂ ਮਿਲੇਗੀ, ਜਦੋਂ ਕਿਸੇ ਹਮਲਾਵਰ ਜਾਂ ਫਿਰ ਆਪਣੇ ਹਜ਼ਾਰਾਂ ਜਵਾਨਾਂ ਦੀ ਕੁਰਬਾਨੀ ਦੇ ਦੋਸ਼ੀ ਨੂੰ ਗਲ਼ੇ ਲਾਇਆ ਜਾਵੇ। ਮੁਸ਼ੱਰਫ ਸਾਡੇ ਲਈ ਖਲਨਾਇਕ ਸੀ। ਉਸ ਨੂੰ ਗਲ਼ੇ ਲਾਉਣਾ ਹਜ਼ਾਰਾਂ ਸ਼ਹੀਦ ਜਵਾਨਾਂ ਦਾ ਅਪਮਾਨ ਸੀ ਪਰ ਸਾਡੀ ਸੱਤਾ ਕਾਰਗਿਲ ਦੇ ਬਹਾਦਰ ਤੇ ਸ਼ਹੀਦ ਜਵਾਨਾਂ ਦਾ ਸਨਮਾਨ ਭੁੱਲ ਗਈ। 'ਚਰਨਵੰਦਨਾ' ਲਈ ਮੁਸ਼ੱਰਫ ਨੂੰ ਆਗਰਾ ਸੱਦਿਆ ਗਿਆ, ਉਥੇ ਉਸ ਦਾ ਸਨਮਾਨ ਹੋਇਆ, ਇਹ ਗੱਲ ਵੱਖਰੀ ਹੈ ਕਿ ਮੁਸ਼ੱਰਫ ਦੀ ਉਥੇ ਦਾਲ ਨਹੀਂ ਗਲ਼ੀ।
ਆਗਰਾ 'ਚ ਮੁਸ਼ੱਰਫ ਦੀ ਦਾਲ ਕਿਉਂ ਨਹੀਂ ਗਲ਼ੀ, ਇਹ ਵੀ ਇਕ ਵਿਚਾਰਨਯੋਗ ਵਿਸ਼ਾ ਹੈ। ਉਦੋਂ ਲਾਲ ਕ੍ਰਿਸ਼ਨ ਅਡਵਾਨੀ ਦੀ ਬਹਾਦਰੀ ਜਾਗੀ ਸੀ ਤੇ ਮੁਸ਼ੱਰਫ ਨੂੰ ਖਾਲੀ ਹੱਥ ਮੁੜਨਾ ਪਿਆ ਸੀ। ਮਣੀਸ਼ੰਕਰ ਅਈਅਰ ਵਰਗੇ ਲੋਕ ਪਾਕਿਸਤਾਨ ਜਾ ਕੇ ਭਾਰਤੀ ਫੌਜ ਨੂੰ 'ਖਲਨਾਇਕ' ਤੇ ਭਾਰਤ ਸਰਕਾਰ ਨੂੰ ਹਿੰਸਕ ਦੱਸਣਾ ਨਹੀਂ ਭੁੱਲਦੇ। ਸਾਡੇ ਦੇਸ਼ ਅੰਦਰ ਕਈ ਐੱਨ. ਜੀ. ਓ. ਤੇ ਹੋਰ ਸੰਗਠਨ ਅਜਿਹੇ ਹਨ, ਜੋ ਪਾਕਿਸਤਾਨ ਜਾ ਕੇ ਭਾਰਤੀ ਫੌਜ ਦੀਆਂ ਭਾਵਨਾਵਾਂ ਨੂੰ ਠੇਸ ਲਾਉਂਦੇ ਰਹੇ ਹਨ। ਕਥਿਤ ਸੈਕੁਲਰ ਅਤੇ ਕਥਿਤ ਉਦਾਰਵਾਦੀ ਲੋਕ ਭਾਰਤੀ ਤਿਰੰਗੇ ਝੰਡੇ ਤੋਂ ਨਫਰਤ ਕਰਦੇ ਹਨ ਪਰ ਪਾਕਿਸਤਾਨੀ ਝੰਡੇ ਹੇਠਾਂ ਖੜ੍ਹੇ ਹੋ ਕੇ ਫੋਟੋਆਂ ਖਿਚਵਾਉਣ 'ਚ ਮਾਣ ਮਹਿਸੂਸ ਕਰਦੇ ਹਨ।
ਕੁਝ ਸਾਲ ਪਹਿਲਾਂ ਭਾਰਤੀ ਬੁੱਧੀਜੀਵੀ ਅਮਰੀਕਾ ਜਾ ਕੇ ਭਾਰਤੀ ਫੌਜ ਅਤੇ ਭਾਰਤੀ ਖੁਫੀਆ ਏਜੰਸੀਆਂ ਨੂੰ ਹਿੰਸਕ ਕਹਿਣਾ ਨਹੀਂ ਭੁੱਲਦੇ ਸਨ। ਅਜਿਹੇ ਬੁੱਧੀਜੀਵੀਆਂ ਦੇ ਪ੍ਰਾਯੋਜਿਤ ਅੱਜਕਲ ਅਮਰੀਕੀ ਕਾਨੂੰਨ ਤੋੜਣ ਦੇ ਦੋਸ਼ ਹੇਠ ਉਥੋਂ ਦੀਆਂ ਜੇਲਾਂ 'ਚ ਬੰਦ ਹਨ।
ਇਸ ਗੱਲ ਤੋਂ ਕੌਣ ਇਨਕਾਰ ਕਰ ਸਕਦਾ ਹੈ ਕਿ ਪਾਕਿਸਤਾਨ ਸਾਡਾ ਦੁਸ਼ਮਣ ਦੇਸ਼ ਹੈ। ਅਸੀਂ ਲੱਖ ਕੋਸ਼ਿਸ਼ ਕਰ ਲਈਏ ਪਰ ਨਾ ਤਾਂ ਦੁਸ਼ਮਣ ਦੇਸ਼ ਦੀ ਸੋਚ ਬਦਲਦੀ ਹੈ ਤੇ ਨਾ ਹੀ ਉਸ ਦੀਆਂ ਅੱਤਵਾਦੀ ਕਰਤੂਤਾਂ। ਭਾਰਤ ਦੀ ਗੱਲ ਛੱਡੋ, ਪੂਰੀ ਦੁਨੀਆ ਪਾਕਿਸਤਾਨ ਨੂੰ ਸੁਧਾਰਨ 'ਚ ਲੱਗੀ ਹੋਈ ਸੀ ਪਰ ਅਸਫਲਤਾ ਹੀ ਹੱਥ ਲੱਗੀ। ਅਮਰੀਕਾ ਅਤੇ ਯੂਰਪ ਨੇ ਪਾਕਿਸਤਾਨ ਦੀ ਅੱਤਵਾਦੀ ਨੀਤੀ ਨੂੰ ਖਤਮ ਕਰਨ ਲਈ ਅਰਬਾਂ ਡਾਲਰ ਖਰਚ ਕੀਤੇ ਪਰ ਗੱਲ ਨਹੀਂ ਬਣੀ। ਪਾਕਿਸਤਾਨ ਕਹਿੰਦਾ ਰਿਹਾ ਕਿ ਅੱਤਵਾਦੀ ਲਾਦੇਨ ਉਥੇ ਨਹੀਂ ਹੈ ਤੇ ਨਾ ਹੀ ਉਸ ਦਾ ਲਾਦੇਨ ਨਾਲ ਕੋਈ ਲੈਣਾ-ਦੇਣਾ ਹੈ ਪਰ ਅਮਰੀਕਾ ਨੇ ਪਾਕਿਸਤਾਨ ਦੇ ਅੰਦਰ ਹੀ ਲਾਦੇਨ ਨੂੰ ਮਾਰਿਆ।
ਭਾਰਤ ਦੇ ਸ਼ਾਸਕ ਅਤੇ ਇਥੋਂ ਦੇ ਸੈਲੀਬ੍ਰਿਟੀਜ਼ ਇਹ ਸੋਚਦੇ ਹਨ ਕਿ ਗਲ਼ੇ ਮਿਲਣ ਅਤੇ ਪੇਜ-3 ਟਾਈਪ ਦੇ ਸੈਮੀਨਾਰਾਂ ਦੇ ਜ਼ਰੀਏ ਭਾਰਤ-ਪਾਕਿ ਵਿਚਾਲੇ ਦੋਸਤੀ ਕਾਇਮ ਹੋ ਜਾਵੇਗੀ। ਇਹ ਇਕ ਵੱਡੀ ਖੁਸ਼ਫਹਿਮੀ ਹੈ। ਪਾਕਿਸਤਾਨ ਦੇ ਲੋਕਤੰਤਰਿਕ ਸ਼ਾਸਨ ਦੀ ਕੋਈ ਔਕਾਤ ਨਹੀਂ ਹੁੰਦੀ। ਉਥੋਂ ਦਾ ਲੋਕਤੰਤਰਿਕ ਸ਼ਾਸਕ ਸਿਰਫ ਨਾਂ ਦਾ ਸ਼ਾਸਕ ਹੁੰਦਾ ਹੈ। ਅਸਲੀ ਸ਼ਾਸਕ ਤਾਂ ਫੌਜ ਹੁੰਦੀ ਹੈ। ਫੌਜ ਨੇ ਹੀ ਨਵਾਜ਼ ਸ਼ਰੀਫ ਨੂੰ ਅਹੁਦੇ ਤੋਂ ਹਟਵਾਇਆ ਤੇ ਜੇਲ 'ਚ ਸੁੱਟ ਦਿੱਤਾ। ਅਜਿਹਾ ਕਿਉਂ ਕੀਤਾ ਗਿਆ? ਫੌਜ ਨੇ ਇਹ ਖੇਡ ਨਵਾਜ਼ ਸ਼ਰੀਫ ਤੋਂ ਮੁਕਤੀ ਪਾਉਣ ਲਈ ਖੇਡੀ ਸੀ ਕਿਉਂਕਿ ਉਨ੍ਹਾਂ ਨੇ ਫੌਜ ਨੂੰ ਅੱਖਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ।
ਦੁਨੀਆ ਜਾਣਦੀ ਹੈ ਕਿ ਅੱਜ ਇਮਰਾਨ ਖਾਨ ਦੀ ਆਪਣੀ ਕੋਈ ਔਕਾਤ ਨਹੀਂ ਹੈ। ਉਸ ਕੋਲ ਸਦਨ 'ਚ ਬਹੁਮਤ ਵੀ ਨਹੀਂ ਹੈ, ਇਸ ਲਈ ਫੌਜ ਇਮਰਾਨ ਖਾਨ ਨੂੰ ਕਠਪੁਤਲੀ ਵਾਂਗ ਨਚਾਏਗੀ। ਇਮਰਾਨ ਖਾਨ ਵੀ ਫੌਜ ਅਤੇ ਅੱਤਵਾਦੀਆਂ ਦੇ ਭਰੋਸੇ 'ਤੇ ਪ੍ਰਧਾਨ ਮੰਤਰੀ ਬਣਿਆ ਹੈ, ਇਸ ਲਈ ਇਹ ਉਮੀਦ ਨਹੀਂ ਹੈ ਕਿ ਉਹ ਅੱਤਵਾਦ ਅਤੇ ਹਿੰਸਾ ਨੂੰ ਰੋਕ ਦੇਵੇਗਾ। ਜਦ ਅੱਤਵਾਦ ਅਤੇ ਹਿੰਸਾ ਨਹੀਂ ਰੁਕੇਗੀ ਤਾਂ ਫਿਰ ਭਾਰਤ-ਪਾਕਿ ਵਿਚਾਲੇ ਦੋਸਤੀ ਕਿਵੇਂ ਸੰਭਵ ਹੋਵੇਗੀ?
ਭਾਰਤੀ ਸ਼ਾਸਕਾਂ ਤੇ ਭਾਰਤੀ ਸੈਲੀਬ੍ਰਿਟੀਜ਼ ਵਾਂਗ ਹੀ ਭਾਰਤੀ ਫੌਜ ਵੀ ਜੇ ਪਾਕਿਸਤਾਨ ਨਾਲ ਦੋਸਤੀ ਦੀ ਖੇਡ ਖੇਡਣ ਲੱਗ ਪਈ ਤਾਂ ਫਿਰ ਭਾਰਤ ਦੀ ਸੁਰੱਖਿਆ ਕਿਵੇਂ ਹੋ ਸਕੇਗੀ? ਕਸ਼ਮੀਰ 'ਚ ਪਾਕਿਸਤਾਨ ਵਲੋਂ ਪ੍ਰਾਯੋਜਿਤ ਅੱਤਵਾਦ 'ਤੇ ਰੋਕ ਲਾਈ ਜਾ ਸਕਦੀ ਹੈ। ਅੱਜ ਵੀ ਸਰਹੱਦ 'ਤੇ ਪਾਕਿ ਫੌਜ ਵਾਰ-ਵਾਰ ਉਕਸਾਉਣ ਵਾਲੀ ਕਾਰਵਾਈ ਕਰ ਰਹੀ ਹੈ, ਭਾਰਤੀ ਜਵਾਨ ਨਿੱਤ ਸ਼ਹੀਦ ਹੋ ਰਹੇ ਹਨ। ਅਜਿਹੀ ਸਥਿਤੀ 'ਚ 'ਸਿੱਧੂ ਟਾਈਪ' ਦੋਸਤੀ ਵਾਲੀ ਸੱਭਿਅਤਾ ਖਤਰਨਾਕ ਹੈ। ਦੇਸ਼ ਨੂੰ ਫੌਜ ਦੀਆਂ ਭਾਵਨਾਵਾਂ ਨੂੰ ਸਮਝਣਾ ਪਵੇਗਾ, ਨਹੀਂ ਤਾਂ ਫਿਰ ਇਕ ਦਿਨ ਫੌਜ ਦੀ ਭਾਵਨਾ ਵੀ ਜਵਾਲਾਮੁਖੀ ਬਣ ਸਕਦੀ ਹੈ।