ਬ੍ਰਿਟੇਨ ਬਨਾਮ ਯੂਰਪ : ਬੇੜੀ ਫਸੀ ਅੱਧ-ਵਿਚਕਾਰ, ਸੁੱਝੇ ਆਰ ਨਾ ਪਾਰ

09/19/2018 3:23:04 AM

ਪਿਛਲੇ 2 ਸਾਲਾਂ ਤੋਂ ਬ੍ਰਿਟੇਨ ਦੇ ਜਨਜੀਵਨ ’ਤੇ ਇਕ ਹੀ ਸਵਾਲ ਛਾਇਆ ਹੋਇਆ ਹੈ ਕਿ ਯੂਰਪ ਨਾਲੋਂ ਸਬੰਧ ਕਿਵੇਂ ਤੋੜਿਆ ਜਾਵੇ। ਇਸ ਨੂੰ ਅੰਗਰੇਜ਼ੀ ’ਚ ‘ਬ੍ਰੈਗਜ਼ਿਟ’ ਦਾ ਨਾਂ ਦਿੱਤਾ ਗਿਆ ਹੈ। ਜੂੂਨ 2016 ’ਚ ਜਦੋਂ ਤੋਂ ਬ੍ਰਿਟੇਨ ਦੇ ਲੋਕਾਂ ਨੇ ਇਕ ਰਾਇਸ਼ੁਮਾਰੀ ਦੇ ਜ਼ਰੀਏ ਵੋਟਾਂ ਦੇ ਮਾਮੂਲੀ ਫਰਕ ਨਾਲ ਯੂਰਪੀਅਨ ਯੂਨੀਅਨ ਛੱਡਣ ਦਾ ਫੈਸਲਾ ਕੀਤਾ, ਉਦੋਂ ਤੋਂ ਦੇਸ਼ ਦੀ ਸਿਆਸਤ ਇਕ ਹੀ ਧੁਰੀ ਦੁਆਲੇ ਘੁੰਮ ਰਹੀ ਹੈ–ਯੂਰਪ ਤੋਂ ਵੱਖ ਹੋਣ ਦੀ ਕਿਰਿਆ ਦਾ ਰੂਪ ਕੀ ਹੋਵੇ? 
ਵੱਖ ਤਾਂ ਹੋਣਾ ਹੀ ਪੈ ਰਿਹਾ ਹੈ ਪਰ ਉਸ ਰਾਹ ’ਚ ਜੋ ਔਕੜਾਂ ਆ ਰਹੀਅਾਂ ਹਨ, ਉਨ੍ਹਾਂ ਦਾ ਅੰਦਾਜ਼ਾ ਕਿਸੇ ਨੇ ਵੀ ਨਹੀਂ ਲਾਇਆ ਸੀ, ਖਾਸ ਕਰਕੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਡੇਵਿਡ  ਕੈਮਰੂਨ ਨੇ ਵੀ ਨਹੀਂ, ਜਿਨ੍ਹਾਂ ਨੇ ਰਾਇਸ਼ੁਮਾਰੀ ਕਰਵਾਉਣ ਦੇ ਫੈਸਲੇ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਇਹ ਕਲਪਨਾ ਵੀ ਨਹੀਂ ਕੀਤੀ ਸੀ ਕਿ ਜਨਮਤ ਦਾ ਫੈਸਲਾ ਉਲਟ ਵੀ ਆ ਸਕਦਾ ਹੈ ਤੇ ਉਸ ਨਾਲ ਪੈਦਾ ਹੋਣ ਵਾਲੀਅਾਂ ਸਥਿਤੀਅਾਂ ਦਾ ਸਾਹਮਣਾ ਕਿਵੇਂ ਕਰਨਾ ਹੈ। 
ਅਸਲ ’ਚ ਰਾਇਸ਼ੁਮਾਰੀ ਦਾ ਫੈਸਲਾ ਨਤੀਜਿਅਾਂ ਦੀ ਗੰਭੀਰਤਾ ’ਤੇ ਵਿਚਾਰ ਕੀਤੇ ਬਿਨਾਂ ਕਾਹਲੀ ’ਚ ਲਿਆ ਗਿਆ ਸੀ। ਸਿੱਟੇ ਵਜੋਂ ਬ੍ਰਿਟੇਨ ਨੂੰ ਉਨ੍ਹਾਂ ਸਾਰੀਅਾਂ ਸਹੂਲਤਾਂ ਤੋਂ ਵਾਂਝਾ ਹੋਣਾ ਪੈ ਰਿਹਾ ਹੈ, ਜੋ ਉਸ ਨੂੰ ਯੂਰਪੀਅਨ ਯੂਨੀਅਨ ਦਾ ਮੈਂਬਰ ਹੋਣ ਦੇ ਨਾਤੇ ਮਿਲੀਅਾਂ ਹੋਈਅਾਂ ਹਨ, ਜਿਵੇਂ ਯੂਰਪੀਅਨ ਦੇਸ਼ਾਂ ਨਾਲ ਬਿਨਾਂ ਟੈਕਸ ਵਪਾਰ ਦੀ ਛੋਟ ਤੇ ਉਨ੍ਹਾਂ ਦੇਸ਼ਾਂ ਦੇ ਜ਼ਰੀਏ ਦੁਨੀਆ ਦੇ ਹੋਰਨਾਂ ਦੇਸ਼ਾਂ ਨਾਲ ਆਸਾਨ ਦਰਾਂ ’ਤੇ ਕਾਰੋਬਾਰ ਕਰਨ ਦੀ ਖੁੱਲ੍ਹ, ਬ੍ਰਿਟਿਸ਼ ਨਾਗਰਿਕਾਂ ਨੂੰ ਬਿਨਾਂ ਵੀਜ਼ੇ ਦੇ ਯੂਰਪੀਅਨ ਯੂਨੀਅਨ ਦੇ ਮੈਂਬਰ ਦੇਸ਼ਾਂ ’ਚ ਆਉਣ-ਜਾਣ, ਉਥੇ ਨੌਕਰੀ ਜਾਂ ਕਾਰੋਬਾਰ ਕਰਨ, ਪ੍ਰਾਪਰਟੀ ਖਰੀਦਣ ਜਾਂ ਵੇਚਣ, ਉਥੇ ਜਾ ਕੇ ਰਹਿਣ-ਵਸਣ ਦੀ ਆਜ਼ਾਦੀ ਵਗੈਰਾ। 
ਵਿਦਾਈ ਹੋਵੇ ਤਾਂ ਸਨਮਾਨਪੂਰਵਕ
ਸਥਿਤੀ ਹੁਣ ਇਹ ਹੈ ਕਿ ਆਪਣੀਅਾਂ ਭਰਪੂਰ ਕੋਸ਼ਿਸ਼ਾਂ ਦੇ ਬਾਵਜੂਦ ਬ੍ਰਿਟੇਨ ਯੂਰਪ ਤੋਂ ਅਜੇ ਤਕ ਉਹ ਸ਼ਰਤਾਂ ਮੰਨਵਾਉਣ ’ਚ ਸਫਲ ਨਹੀਂ ਹੋ ਰਿਹਾ, ਜਿਨ੍ਹਾਂ ਦੀ ਉਸ ਨੇ ਉਮੀਦ ਰੱਖੀ ਹੋਈ ਹੈ। ਉਸ ਦੀ ਇੱਛਾ ਅਤੇ ਕੋਸ਼ਿਸ਼ ਇਹੋ ਹੈ ਕਿ ਵਿਦਾਈ ਹੋਣੀ ਹੀ ਹੈ ਤਾਂ ਸਨਮਾਨਪੂਰਵਕ ਹੋਵੇ। ਮੁੱਖ ਚਿੰਤਾ ਹੈ ਕਾਰੋਬਾਰ, ਜਿਸ ਦੇ ਲਈ ਉਹ ਚਾਹੁੰਦਾ ਹੈ ਕਿ ਜੇ ਪਹਿਲਾਂ ਵਰਗੀਅਾਂ ਨਹੀਂ ਤਾਂ ਘੱਟੋ-ਘੱਟ ਮਿਲਦੀਅਾਂ-ਜੁਲਦੀਅਾਂ ਸਹੂਲਤਾਂ ਹੀ ਮਿਲ ਜਾਣ ਪਰ ਅਜਿਹਾ ਹੋ ਨਹੀਂ ਰਿਹਾ। 
ਯੂਰਪੀਅਨ ਯੂਨੀਅਨ ਦੇ ਅਧਿਕਾਰੀਅਾਂ ਦਾ ਰਵੱਈਆ ਹਮਦਰਦੀ ਵਾਲਾ ਨਹੀਂ। ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੇਰੇਸਾ ਮੇ ਦੇ ਅਣਥੱਕ ਯਤਨਾਂ ਦੇ ਬਾਵਜੂਦ ਯੂਰਪੀਅਨ ਯੂਨੀਅਨ ਕੁਝ ਵੀ ਅਜਿਹਾ ਕਰਨ ਲਈ ਤਿਆਰ ਨਹੀਂ, ਜਿਸ ਨਾਲ ਬ੍ਰਿਟੇਨ ਦੀਅਾਂ ਮੁਸ਼ਕਿਲਾਂ ਕੁਝ ਘੱਟ ਹੋ ਸਕਣ। ਬ੍ਰਿਟੇਨ ਦੀਅਾਂ ਪ੍ਰੇਸ਼ਾਨੀਅਾਂ ਇਕ ਹੋਰ ਵਜ੍ਹਾ ਕਰਕੇ ਵੀ ਵਧ ਰਹੀਅਾਂ ਹਨ ਅਤੇ ਉਹ ਇਹ ਹੈ ਕਿ ਯੂਰਪੀ ਦੇਸ਼ਾਂ ਤੋਂ ਬਾਹਰਲੇ ਦੇਸ਼ਾਂ ਨਾਲ ਵਪਾਰ ਸਮਝੌਤੇ ਕਰਨ ਦੀਅਾਂ ਉਸ ਦੀਅਾਂ ਕੋਸ਼ਿਸ਼ਾਂ ਸਿਰੇ ਨਹੀਂ ਚੜ੍ਹ ਰਹੀਅਾਂ।
ਬੇੜੀ ਅੱਧ-ਵਿਚਕਾਰ
ਸਿਰਫ 6 ਮਹੀਨੇ ਰਹਿ ਗਏ ਹਨ, ਜਦੋਂ ਬ੍ਰਿਟੇਨ ਨੂੰ ਵਿਧੀਪੂਰਵਕ ਯੂਰਪੀਅਨ ਯੂਨੀਅਨ ’ਚੋਂ ਨਿਕਲਣਾ ਪਵੇਗਾ। ਉਸ ਤੋਂ ਪਹਿਲਾਂ ਕੋਈ ਅਜਿਹੀ ਸੰਧੀ ਤੈਅ ਹੋ ਜਾਣੀ ਚਾਹੀਦੀ ਹੈ, ਜਿਸ ਦੇ ਜ਼ਰੀਏ ਕਾਰੋਬਾਰ, ਇਮੀਗ੍ਰੇਸ਼ਨ ਆਦਿ ਅਹਿਮ ਵਿਸ਼ਿਅਾਂ ’ਤੇ ਯੂਰਪ ਨਾਲ ਬ੍ਰਿਟੇਨ ਦੇ ਸਬੰਧ ਬਣੇ ਰਹਿਣ। ਇਸ ਦੀਅਾਂ ਸੰਭਾਵਨਾਵਾਂ ਘੱਟ ਹਨ, ਜਿਸ ਕਰਕੇ ਇਹ ਖਦਸ਼ੇ  ਪੈਦਾ ਹੋ ਰਹੇ ਹਨ ਕਿ ਬ੍ਰਿਟੇਨ ਨੂੰ ਬਿਨਾਂ ਕਿਸੇ ਸੰਧੀ ਦੇ ਹੀ ਯੂਰਪੀਅਨ ਯੂਨੀਅਨ ’ਚੋਂ ਨਿਕਲਣਾ ਪਵੇਗਾ। 
ਬ੍ਰਿਟੇਨ ਦੀ ਬੇੜੀ ਅੱਧ-ਵਿਚਕਾਰ ਹੈ ਤੇ ਉਸ ਨੂੰ ਸੁੱਝ ਨਹੀਂ ਰਿਹਾ ਕਿ ਆਰ ਜਾਵੇ ਜਾਂ ਪਾਰ। ਕਈ ਫਾਰਮੂਲੇ ਪੇਸ਼ ਕੀਤੇ ਜਾ ਚੁੱਕੇ ਹਨ ਪਰ ਕੋਈ ਵੀ ਸਿਰੇ ਨਹੀਂ ਚੜ੍ਹ ਰਿਹਾ। ਲੋਕ ਇਸ ਨੂੰ ਲੈ ਕੇ ਪ੍ਰੇਸ਼ਾਨ ਹੋ ਰਹੇ ਹਨ ਤੇ ਦੇਸ਼ ’ਚ ਸਿਆਸੀ ਤਣਾਅ ਵਾਲਾ ਮਾਹੌਲ ਹੈ। ਖ਼ੁਦ ਸੱਤਾਧਾਰੀ ਟੋਰੀ ਪਾਰਟੀ ਅੰਦਰ ਨਾਰਾਜ਼ਗੀ ਤੇ ਰੋਸ ਹੈ, ਥੇਰੇਸਾ ਮੇ ਦੀ ਲੀਡਰਸ਼ਿਪ ’ਤੇ ਸਵਾਲ ਉੱਠ ਰਹੇ ਹਨ। 
‘ਬ੍ਰੈਗਜ਼ਿਟ’ ਸਮੱਸਿਆ ਅਜੇ ਤਕ ਹੱਲ ਨਾ ਕਰ ਸਕਣ ਕਰਕੇ ਥੇਰੇਸਾ ਮੇ ਦੀ ਯੋਗਤਾ ਅਤੇ ਸਮਰੱਥਾ ਨੂੰ ਸਖਤ ਆਲੋਚਨਾ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੀ ਯੂਰਪ ਨੀਤੀ ’ਤੇ ਨਾਰਾਜ਼ਗੀ ਪ੍ਰਗਟਾਉਂਦਿਅਾਂ 3 ਪ੍ਰਮੁੱਖ ਮੰਤਰੀ ਆਪਣੇ ਅਹੁਦਿਅਾਂ ਤੋਂ ਅਸਤੀਫੇ ਦੇ ਚੁੱਕੇ ਹਨ, ਜਿਨ੍ਹਾਂ ’ਚ ਵਿਦੇਸ਼ ਮੰਤਰੀ ਬੋਰਿਸ ਜਾਨਸਨ ਵੀ ਸ਼ਾਮਿਲ ਹਨ। ਥੇਰੇਸਾ ਮੇ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੇ ਚਰਚੇ ਹਨ, ਹਾਲਾਂਕਿ ਇਸ ਦਿਸ਼ਾ ’ਚ ਕਿਸੇ ਵੀ ਧਿਰ ਵਲੋਂ ਅਜੇ ਕੋਈ ਗੰਭੀਰ ਯਤਨ ਨਹੀਂ ਕੀਤਾ ਗਿਆ। 
ਬਦਲ ਕੀ ਹੈ
ਵਧ ਰਹੀਅਾਂ ਇਨ੍ਹਾਂ ਮੁਸ਼ਕਿਲਾਂ ਦੇ ਮੱਦੇਨਜ਼ਰ ਵੱਖ-ਵੱਖ ਸੁਝਾਅ ਤੇ ਬਦਲ ਪੇਸ਼ ਕੀਤੇ ਜਾ ਰਹੇ ਹਨ। ਹੁਣ ਇਹ ਰਾਏ ਜ਼ੋਰ ਫੜ ਰਹੀ ਹੈ ਕਿ ਜਿਸ ਤਰ੍ਹਾਂ ਰਾਇਸ਼ੁਮਾਰੀ ਦਾ ਫੈਸਲਾ ਕੀਤਾ ਗਿਆ, ਉਹ ਬੁਨਿਆਦੀ ਤੌਰ ’ਤੇ ਹੀ ਗਲਤ ਸੀ। ਇਸ ਲਈ ਕਿਹਾ ਜਾ ਰਿਹਾ ਹੈ ਕਿ ਉਸ ਨੂੰ ਬਦਲਣ ਲਈ ਇਕ ਹੋਰ ਰਾਇਸ਼ੁਮਾਰੀ ਕਰਵਾਈ ਜਾਵੇ ਤੇ ਇਸ ਦੇ  ਪੱਖ ’ਚ ਜ਼ੋਰਦਾਰ ਆਵਾਜ਼ਾਂ ਵੀ ਉੱਠ ਰਹੀਅਾਂ ਹਨ। ਕਈ ਪ੍ਰਮੁੱਖ ਨੇਤਾਵਾਂ ਨੇ ਇਸ ਦਾ ਸਮਰਥਨ ਕੀਤਾ ਹੈ। ਸਮਰਥਨ ਕਰਨ ਵਾਲਿਅਾਂ ’ਚ 3 ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ, ਜੌਨ ਮੇਜਰ ਤੇ ਗੋਰਡਨ ਬ੍ਰਾਊਨ ਸ਼ਾਮਿਲ ਹਨ। 
ਲੰਡਨ ਦੇ ਮੇਅਰ ਜਾਵੇਦ ਸਾਦਿਕ ਨੇ ਬਹੁਤ ਜ਼ੋਰਦਾਰ ਸ਼ਬਦਾਂ ’ਚ ਕਿਹਾ ਹੈ ਕਿ ਦੂਜੀ ਰਾਇਸ਼ੁਮਾਰੀ ਤੋਂ ਇਲਾਵਾ ਕੋਈ ਹੋਰ ਬਦਲ ਨਹੀਂ ਹੈ। ਤਾਜ਼ਾ ਸਰਵੇਖਣ ਦੱਸ ਰਹੇ ਹਨ ਕਿ ਲੋਕਾਂ ਦੀ ਰਾਏ ਤੇਜ਼ੀ ਨਾਲ ਦੂਜੀ ਰਾਇਸ਼ੁਮਾਰੀ ਦੇ ਪੱਖ ’ਚ ਬਦਲ ਰਹੀ ਹੈ। 
ਆਉਣ ਵਾਲੇ ਦਿਨਾਂ ’ਚ ਬ੍ਰਿਟੇਨ ਦੀ ਸਿਆਸਤ ਕੋਈ ਵੱਡਾ ਮੋੜ ਕੱਟਣ ਵਾਲੀ ਹੈ। ਪ੍ਰਧਾਨ ਮੰਤਰੀ ਥੇਰੇਸਾ ਮੇ ਨੇ ‘ਬ੍ਰੈਗਜ਼ਿਟ’ ਉਤੇ ਇਕ ਨਵਾਂ ਫਾਰਮੂਲਾ ਤਿਆਰ ਕੀਤਾ ਹੈ, ਹਾਲਾਂਕਿ ਉਸ ਨੂੰ ਕੋਈ ਖਾਸ ਸਹਿਮਤੀ ਨਹੀਂ ਮਿਲੀ। ਖ਼ੁਦ ਉਨ੍ਹਾਂ ਦੀ ਪਾਰਟੀ ਦੇ ਕੁਝ ਪ੍ਰਮੁੱਖ ਨੇਤਾਵਾਂ ਨੇ ਵੀ ਉਸ ਫਾਰਮੂਲੇ ਦਾ ਸਮਰਥਨ ਨਹੀਂ ਕੀਤਾ। ਲੇਬਰ ਤੇ ਲਿਬਰਲ ਡੈਮੋਕ੍ਰੇਟਸ ਨੇ ਤਾਂ ਉਸ ਦਾ ਵਿਰੋਧ ਹੀ ਕੀਤਾ ਹੈ ਪਰ ਬੁੱਧਵਾਰ (19 ਸਤੰਬਰ) ਨੂੰ ਯੂਰਪੀਅਨ ਯੂੂਨੀਅਨ ਦੇ ਮੁੱਖ ਦਫਤਰ ਬ੍ਰਸੇਲਜ਼ ’ਚ ਯੂਰਪੀ ਨੇਤਾਵਾਂ ਦੀ ਇਕ ਅਹਿਮ ਮੀਟਿੰਗ ਹੋ ਰਹੀ ਹੈ, ਜਿਸ ’ਚ ਥੇਰੇਸਾ ਮੇ ਵੀ ਸ਼ਾਮਿਲ ਹੋਵੇਗੀ। ਉਸ ’ਚ ਕੋਈ ਨਾ ਕੋਈ ਫੈਸਲਾ ਹੋਣ ਦੀ ਉਮੀਦ ਹੈ। ਥੇਰੇਸਾ ਮੇ ਨੇ ਆਪਣੇ ਨਵੇਂ ਫਾਰਮੂਲੇ ਦੀ ਆਲੋਚਨਾ ਕਰਨ ਵਾਲਿਅਾਂ ਨੂੰ ਚਿਤਾਵਨੀ ਦਿੱਤੀ ਹੈ ਕਿ ‘‘ਜੇ ਕੋਈ ਸੰਧੀ ਹੋਵੇਗੀ ਤਾਂ ਮੇਰੇ ਹੀ ਫਾਰਮੂਲੇ ’ਤੇ, ਨਹੀਂ ਤਾਂ ਹੋਰ ਕੋਈ ਸੰਧੀ ਨਹੀਂ।’’
   


Related News