ਕਸ਼ਮੀਰ ਬਾਰੇ ਇਕ ਦੰਦ-ਕਥਾ ਅਜਿਹੀ ਵੀ

10/26/2019 1:31:30 AM

5 ਅਗਸਤ 2019 ਨੂੰ ਜੰਮੂ-ਕਸ਼ਮੀਰ 'ਚੋਂ ਧਾਰਾ-370 ਦੇ ਹਟ ਜਾਣ 'ਤੇ ਮੈਂ ਕਸ਼ਮੀਰ ਵਾਦੀ ਬਾਰੇ ਆਪਣੀ ਲਾਇਬ੍ਰੇਰੀ 'ਚੋਂ 12 ਕੁ ਕਿਤਾਬਾਂ ਕੱਢ ਕੇ ਸਾਹਮਣੇ ਰੱਖੀਆਂ। ਉਨ੍ਹਾਂ ਨੂੰ ਪੜ੍ਹਨ ਲੱਗਾ ਤਾਂ ਪਤਾ ਲੱਗਾ ਕਿ ਕਸ਼ਮੀਰ ਵਾਦੀ ਦੇ ਇਤਿਹਾਸ 'ਚ ਜੇਕਰ 2 ਸੁਨਹਿਰੀ ਪੰਨੇ ਹਨ ਤਾਂ ਸੋਗ, ਸਾਜ਼ਿਸ਼ਾਂ, ਧੋਖੇ, ਦਬਾਅ, ਉਤਰਾਅ-ਚੜ੍ਹਾਅ ਵੀ ਘੱਟ ਨਹੀਂ। ਕਸ਼ਮੀਰ ਵਾਦੀ ਦਾ ਜਨਮ ਹੀ ਤ੍ਰਾਸਦੀਆਂ 'ਚ ਹੋਇਆ।
ਭਾਰਤ ਦੇ ਇਤਿਹਾਸ 'ਚੋਂ ਜੇਕਰ ਕਸ਼ਮੀਰ ਵਾਦੀ ਦੇ ਇਤਿਹਾਸ ਦੇ ਪੰਨੇ ਕੱਢ ਦੇਈਏ ਤਾਂ ਸਾਰਾ ਇਤਿਹਾਸ ਨੀਰਸ ਲੱਗੇਗਾ। ਕਸ਼ਮੀਰ ਵਾਦੀ ਦੇ ਇਤਿਹਾਸ ਦੇ ਦਰਸ਼ਨ 1148-50 ਈ. ਦੇ ਦਰਮਿਆਨ ਰਚੇ ਗਏ ਮਹਾਕਾਵਿ 'ਰਾਜਤਰੰਗਿਨੀ' ਤੋਂ ਹੁੰਦੇ ਹੋਏ ਨਜ਼ਰ ਆਉਂਦੇ ਹਨ। 'ਰਾਜਤਰੰਗਿਨੀ' ਤੋਂ ਭਾਵ ਹੈ ਰਾਜਿਆਂ ਦਾ ਦਰਿਆ। ਸੰਸਕ੍ਰਿਤ ਦਾ ਇਹ ਮਹਾਕਾਵਿ ਅਸਲ 'ਚ ਕਵਿਤਾ ਦੇ ਰੂਪ 'ਚ ਕਸ਼ਮੀਰ ਵਾਦੀ ਦਾ ਇਤਿਹਾਸ ਹੈ। ਕਸ਼ਮੀਰ ਵਾਦੀ ਦੁਨੀਆ ਦੀ ਸਭ ਤੋਂ ਪ੍ਰਾਚੀਨ ਅਤੇ ਮਾਣਮੱਤੀ ਜਗ੍ਹਾ ਸੀ–ਹਿੰਦੂ ਤੇ ਬੁੱਧ ਧਰਮਾਂ ਦਾ ਜਨਮ ਸਥਾਨ। ਇਥੋਂ ਦੇ ਲੋਕਾਂ ਨੇ ਇਨ੍ਹਾਂ ਦੋਹਾਂ ਸੰਸਕ੍ਰਿਤੀਆਂ ਨੂੰ ਆਪੋ-ਆਪਣੇ ਢੰਗ ਨਾਲ ਸੰਭਾਲਿਆ ਅਤੇ ਸੰਵਾਰਿਆ ਹੈ। 'ਸ਼ੈਵ ਮਤ' ਅਤੇ 'ਬ੍ਰਹਮਵਾਦ' ਦਾ ਜੀਵਨ-ਦਰਸ਼ਨ ਵੀ ਇਥੋਂ ਹੀ ਸਿੱਖਣ ਨੂੰ ਮਿਲਿਆ।
ਕਸ਼ਮੀਰ ਵਾਦੀ ਭਗਵਾਨ ਸ਼ਿਵ ਦੀ ਅਰਧਾਂਗਿਨੀ 'ਪਾਰਵਤੀ' ਦਾ ਪ੍ਰਦੇਸ਼ ਹੈ। ਮਹਾਰਾਜਾ ਕਨਿਸ਼ਕ ਨੇ ਬੁੱਧ ਧਰਮ ਦਾ ਚੌਥਾ ਮਹਾਸੰਮੇਲਨ ਇਸੇ ਕਸ਼ਮੀਰ ਵਾਦੀ 'ਚ ਕਰਵਾਇਆ ਸੀ। ਦੁਨੀਆ ਦੀਆਂ ਸਭ ਤੋਂ ਪ੍ਰਾਚੀਨ ਸੱਭਿਅਤਾਵਾਂ ਮੋਹੰਜੋਦਾੜੋ ਤੇ ਹੜੱਪਾ ਦੇ ਅਵਸ਼ੇਸ਼ ਸ਼੍ਰੀਨਗਰ ਸ਼ਹਿਰ ਤੋਂ ਥੋੜ੍ਹੀ ਹੀ ਦੂਰੀ 'ਤੇ ਮਿਲੇ ਹਨ। ਇਸਲਾਮ ਤਾਂ ਕਸ਼ਮੀਰ ਵਾਦੀ 'ਚ 14ਵੀਂ ਸਦੀ ਵਿਚ ਆਇਆ। ਸਭ ਜਾਣਦੇ ਹਨ ਕਿ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਸਵ. ਸ਼ੇਖ ਅਬਦੁੱਲਾ ਦੇ ਪਿਤਾਮਾ ਪੰ. ਬਾਲਮੁਕੰਦ ਰੈਨਾ ਸਨ। ਆਵੰਤੀਪੁਰਮ, ਮਾਰਤੰਡ ਮੰਦਰ (ਸੂਰਯਾ ਮੰਦਰ), ਮੱਟਨ, ਸ਼੍ਰੀਨਗਰ ਆਦਿ ਨਾਂ ਹਿੰਦੂ ਸੰਸਕ੍ਰਿਤੀ ਦੇ ਪ੍ਰਤੀਕ ਹਨ।
ਕਸ਼ਯਪ ਰਿਸ਼ੀ ਤੋਂ ਇਸ ਨੂੰ 'ਕਸ਼ਮੀਰ' ਨਾਂ ਮਿਲਿਆ ਅਤੇ ਦੂਜਾ ਕੇਸਰ ਦੀ ਖੇਤੀ ਇਸ ਨੂੰ ਕਸ਼ਮੀਰੀਅਤ ਨਾਲ ਜੋੜਦੀ ਨਜ਼ਰ ਆਉਂਦੀ ਹੈ। ਮਹਾਕਵੀ ਤੁਲਸੀਦਾਸ ਦੀ ਅਮਰ ਰਚਨਾ 'ਸ਼੍ਰੀ ਰਾਮ ਚਰਿਤਮਾਨਸ' ਦੇ ਰਿਸ਼ੀਕੰਧਾ ਕਾਂਡ ਵਿਚ ਭਗਵਾਨ ਰਾਮ ਬਰਸਾਤ ਦੀ ਰੁੱਤ ਜਾਣ ਮੌਕੇ ਲਕਸ਼ਮਣ ਨੂੰ ਕੁਦਰਤ ਦਾ ਅਨੰਦ ਲੈਣ ਲਈ ਕੁਝ ਲਾਈਨਾਂ ਕਹਿੰਦੇ ਹਨ :

ਬਰਸ਼ਾ ਬਿਗਤ ਸਰਦ ਰਿਤੂ ਆਈ।
ਲਕਸ਼ਮਣ ਦੇਖਹੁ ਪਰਮ ਸੁਹਾਈ।
ਫੂਲੇ ਕਾਸ ਸਕਲ ਮੀਹ ਛਾਈ।
ਜਨੁ ਬਰਸ਼ਾ ਕ੍ਰਿਤ ਪ੍ਰਗਟ ਬੁੜਾਈ।


ਇਥੇ ਮੈਂ 'ਕਾਸ' ਸ਼ਬਦ ਉੱਤੇ ਜ਼ੋਰ ਦੇਣਾ ਚਾਹੁੰਦਾ ਹਾਂ। 'ਕਾਸ' ਇਕ ਤਰ੍ਹਾਂ ਦਾ ਘਾਹ ਹੈ। ਸੰਸਕ੍ਰਿਤ ਵਿਚ 'ਕਾਸ' ਸ਼ਬਦ ਕੇਸਰ ਲਈ ਵੀ ਇਸਤੇਮਾਲ ਹੁੰਦਾ ਹੈ। ਕਸ਼ਮੀਰ 'ਚ ਕੇਸਰ ਦੀ ਖੇਤੀ ਆਮ ਹੁੰਦੀ ਹੈ। ਸ਼ਾਇਦ ਇਸੇ ਕਾਸ ਸ਼ਬਦ ਤੋਂ ਚੱਲਦੇ-ਚੱਲਦੇ 'ਕਸ਼ਮੀਰ' ਸ਼ਬਦ ਬਣ ਗਿਆ ਹੈ। ਇਥੇ ਮੈਂ ਪਾਠਕਾਂ ਦਾ ਧਿਆਨ ਇਕ ਪੌਰਾਣਿਕ ਕਥਾ ਵੱਲ ਦਿਵਾਉਣਾ ਚਾਹਾਂਗਾ :

'ਨੀਲਮਤਾ ਪੁਰਾਣ' ਅਨੁਸਾਰ ਇਸ ਸੂਬੇ ਦਾ ਨਾਂ 'ਸਤਿਦੇਸ਼' ਸੀ, ਜਿਸ ਦਾ ਆਕਾਰ ਕਿਸੇ ਆਧੁਨਿਕ ਡੈਮ ਵਰਗਾ ਸੀ। ਦੋਵੇਂ ਪਾਸੇ ਉੱਚੀਆਂ ਪਹਾੜੀਆਂ ਅਤੇ ਵਿਚ ਇਕ ਲੰਮੀ-ਚੌੜੀ ਵਿਸ਼ਾਲ ਝੀਲ। ਬਹੁਤ ਸਾਲ ਪਹਿਲਾਂ ਇਕ ਬੱਚਾ ਵਿਸ਼ੇਸ਼ ਮਨੋਰਥ ਨਾਲ 'ਸਤਿਦੇਸ਼' ਵਿਚ ਆਇਆ। ਉਸ ਬੱਚੇ ਦਾ ਨਾਂ ਸੀ 'ਜਲੋਦਭਵ'। ਇਸ ਦਾ ਅਰਥ ਹੈ ਪਾਣੀ ਤੋਂ ਪੈਦਾ ਹੋਇਆ। ਉਸ ਨੇ ਪਾਣੀ ਵਿਚ ਰਹਿ ਕੇ ਤਪੱਸਿਆ ਕੀਤੀ ਅਤੇ ਬ੍ਰਹਮਾ ਜੀ ਤੋਂ ਵਰਦਾਨ ਲੈ ਲਿਆ ਕਿ ''ਜਦੋਂ ਤਕ ਮੈਂ ਪਾਣੀ ਵਿਚ ਰਹਾਂ, ਮੈਨੂੰ ਕੋਈ ਮਾਰ ਨਾ ਸਕੇ।''
ਬ੍ਰਹਮਾ ਜੀ ਨੇ 'ਤਥਾਸਤੂ' ਕਹਿ ਦਿੱਤਾ ਅਤੇ ਉਹ ਬੱਚਾ 'ਜਲੋਦਭਵ' ਜਵਾਨ ਹੋ ਗਿਆ। ਜਵਾਨ ਹੋਣ 'ਤੇ ਉਸ ਦਾ ਦਿਮਾਗ ਘੁੰਮ ਗਿਆ ਅਤੇ ਉਹ ਲੋਕਾਂ ਦੀ ਮੌਤ ਦਾ ਕਾਰਣ ਬਣਨ ਲੱਗਾ, ਤਬਾਹੀ ਮਚਾਉਣ ਲੱਗਾ। ਉਹ ਜ਼ਿੱਦੀ ਅਤੇ ਜ਼ਾਲਿਮ ਵੀ ਸੀ। ਉਸ ਦਾ ਪਿਤਾ ਨੀਲ ਪ੍ਰੇਸ਼ਾਨ ਹੋ ਗਿਆ। ਉਸ ਤੋਂ ਇਹ ਬਰਦਾਸ਼ਤ ਨਹੀਂ ਹੋ ਰਿਹਾ ਸੀ। ਨੀਲ ਆਪਣੇ ਪਿਤਾ ਕਸ਼ਯਪ ਰਿਸ਼ੀ ਕੋਲ ਜਲੋਦਭਵ ਦੀ ਸ਼ਿਕਾਇਤ ਲੈ ਕੇ ਪਹੁੰਚਿਆ। ਕਸ਼ਯਪ ਰਿਸ਼ੀ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਕੋਲ ਜਲੋਦਭਵ ਨੂੰ ਟਿਕਾਣੇ ਲਾਉਣ ਦੀ ਪ੍ਰਾਰਥਨਾ ਕਰਨ ਲੱਗੇ।
ਭਗਵਾਨ ਵਿਸ਼ਨੂੰ ਨੇ ਜਲੋਦਭਵ ਨੂੰ ਸਿੱਧੇ ਰਾਹ 'ਤੇ ਲਿਆਉਣ ਦੀ ਕੋਸ਼ਿਸ਼ ਕੀਤੀ। ਉਸ ਨੂੰ ਤਾਂ ਬ੍ਰਹਮਾ ਜੀ ਨੇ ਵਰਦਾਨ ਦਿੱਤਾ ਹੋਇਆ ਸੀ ਕਿ ਜਦੋਂ ਤਕ ਉਹ ਪਾਣੀ ਵਿਚ ਰਹੇਗਾ, ਉਸ ਨੂੰ ਕੋਈ ਮਾਰ ਨਹੀਂ ਸਕੇਗਾ। ਦੇਵਤਿਆਂ ਨੇ ਜਦੋਂ-ਜਦੋਂ ਵੀ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਉਹ 'ਸਤਿਸਰ' ਵਿਚ ਜਾ ਲੁਕਦਾ। ਦੇਵਤਿਆਂ ਨੂੰ ਚਿੰਤਾ ਸਤਾਉਣ ਲੱਗੀ ਕਿ ਉਸ ਨੂੰ ਕਿਵੇਂ ਮਾਰਿਆ ਜਾਵੇ। ਫਿਰ ਦੇਵਤਿਆਂ ਨੇ ਫੈਸਲਾ ਕੀਤਾ ਕਿ 'ਸਤਿਸਰ' ਝੀਲ ਨੂੰ ਹੀ ਸੁਕਾ ਦਿੱਤਾ ਜਾਵੇ। 12 ਥਾਵਾਂ ਤੋਂ 'ਸਤਿਸਰ' ਝੀਲ ਨੂੰ ਘੇਰੀ ਖੜ੍ਹੇ ਪਹਾੜਾਂ ਨੂੰ ਚੀਰਿਆ ਜਾਣ ਲੱਗਾ ਅਤੇ 12 ਸੁਰੰਗਾਂ 'ਚੋਂ ਪਾਣੀ ਆਸਮਾਨ ਨੂੰ ਛੂੰਹਦੀਆਂ ਲਹਿਰਾਂ ਨਾਲ ਵਗਣ ਲੱਗਾ।
ਜਿੱਥੇ 12 ਸੁਰੰਗਾਂ ਦਾ ਪਾਣੀ ਨਿਕਲਿਆ, ਉਥੇ 'ਬਾਰਾਮੂਲਾ' ਸ਼ਹਿਰ ਵਸਿਆ। 'ਸਤਿਸਰ' ਝੀਲ ਸੁੱਕ ਗਈ ਅਤੇ ਜਲੋਦਭਵ ਨੂੰ ਲੁਕਣ ਲਈ ਕਿਤੇ ਪਾਣੀ ਨਹੀਂ ਮਿਲਿਆ। ਸਿੱਟੇ ਵਜੋਂ ਭਗਵਾਨ ਵਿਸ਼ਨੂੰ ਨੇ ਆਪਣੇ ਸੁਦਰਸ਼ਨ ਚੱਕਰ ਨਾਲ ਜਲੋਦਭਵ ਦਾ ਸਿਰ ਲਾਹ ਦਿੱਤਾ।
ਸਮਾਂ ਬੀਤਣ 'ਤੇ ਇਸੇ ਸਤਿਸਰ ਝੀਲ 'ਚ ਨਵੀਂ ਸੱਭਿਅਤਾ ਨੇ ਜਨਮ ਲਿਆ ਅਤੇ ਇਹੋ ਝੀਲ ਸਮਾਂ ਪਾ ਕੇ ਕਸ਼ਮੀਰ ਵਾਦੀ ਦੇ ਨਾਂ ਨਾਲ ਵਿਕਸਿਤ ਹੋਈ। ਮਿੱਥਕ ਕਥਾਵਾਂ ਦਾ ਕੋਈ ਠੋਸ ਸਬੂਤ ਨਹੀਂ ਹੁੰਦਾ ਪਰ ਅਜਿਹੀਆਂ ਕਥਾਵਾਂ ਦੰਦ-ਕਥਾਵਾਂ ਬਣ ਜਾਂਦੀਆਂ ਹਨ। ਸ਼੍ਰੀਨਗਰ ਨਾਲ ਵਗਦੇ ਜੇਹਲਮ ਦਰਿਆ ਨੇ ਇਥੇ ਕਈ ਤਬਦੀਲੀਆਂ ਕੀਤੀਆਂ ਹਨ ਤੇ ਸੰਭਵ ਹੈ ਕਿ ਸਤਿਸਰ ਝੀਲ ਦਾ ਪ੍ਰਾਚੀਨ ਰੂਪ ਭੂਚਾਲਾਂ, ਜ਼ਮੀਨ ਦੇ ਹੇਠੋਂ ਉੱਠਣ ਵਾਲੇ ਲਾਵਿਆਂ, ਬੱਦਲਾਂ ਦੇ ਫਟਣ ਜਾਂ ਚੱਟਾਨਾਂ ਦੇ ਖਿਸਕਣ ਨਾਲ ਖਤਮ ਹੋ ਗਿਆ ਅਤੇ ਵਰ੍ਹਿਆਂ ਬਾਅਦ ਇਥੇ ਮੌਜੂਦਾ ਸੱਭਿਅਤਾ ਦਾ ਜਨਮ ਹੋਇਆ। ਇਹੋ ਸੱਭਿਅਤਾ ਅੱਜ ਕਸ਼ਮੀਰ ਵਾਦੀ ਹੈ।
ਇਹ ਵੀ ਹੋ ਸਕਦਾ ਹੈ ਕਿ ਇਥੋਂ ਦੇ ਮੂਲ ਵਾਸੀਆਂ ਅਤੇ ਆਰੀਅਨਾਂ ਵਿਚਾਲੇ ਸੰਘਰਸ਼ ਹੋਇਆ ਹੋਵੇ ਜਾਂ ਸਤਿਸਰ ਝੀਲ ਦੁਆਲੇ ਖੜ੍ਹੇ ਪਹਾੜ ਪਾਣੀ ਵਿਚ ਡੁੱਬ ਗਏ ਹੋਣ ਅਤੇ ਵਰ੍ਹਿਆਂ ਬਾਅਦ ਕਸ਼ਮੀਰ ਵਾਦੀ ਹੋਂਦ ਵਿਚ ਆਈ ਹੋਵੇ।
ਕੁਝ ਵੀ ਹੋਵੇ, ਕਸ਼ਮੀਰ ਵਾਦੀ ਦਾ ਸੁਭਾਅ ਦਰਸਾਉਂਦਾ ਹੈ ਕਿ ਇਹ 5 ਹਜ਼ਾਰ ਲੱਖ ਸਾਲ ਪੁਰਾਣੀ ਹੈ। 2000 ਈਸਾ ਪੂਰਵ ਅਵਸ਼ੇਸ਼ ਤਾਂ ਮਿਲੇ ਹੀ ਹਨ। ਨਾਗ, ਖਾਸੀ, ਧਰ, ਭੂਟਾ, ਨਿਸ਼ਾਦ ਆਦਿ ਜਾਤਾਂ ਦੀ ਹੋਂਦ ਨੂੰ ਕਸ਼ਮੀਰ ਵਾਦੀ 'ਚ ਨਕਾਰਿਆ ਨਹੀਂ ਜਾ ਸਕਦਾ। ਰਾਜੇ ਦੇ ਦੈਵੀ-ਸਿਧਾਂਤ ਦੀ ਸ਼ੁਰੂਆਤ ਕਸ਼ਮੀਰ ਵਾਦੀ ਤੋਂ ਹੋਈ। ਵਿਦੇਸ਼ੀ ਹਮਲਾਵਰ ਇਸ ਵਾਦੀ ਦੀ ਸੁੰਦਰਤਾ ਦੇ ਲਾਲਚ 'ਚ ਭਾਰਤ ਵਿਚ ਆਏ। ਇਸ ਵਾਦੀ ਦੀਆਂ ਸਰਹੱਦਾਂ ਰੂਸ, ਚੀਨ, ਅਫਗਾਨਿਸਤਾਨ ਅਤੇ ਪਾਕਿਸਤਾਨ ਨਾਲ ਲੱਗਦੀਆਂ ਹਨ। ਭਾਰਤ ਵਿਰੋਧੀ ਤਾਕਤਾਂ ਇਸੇ ਕਸ਼ਮੀਰ ਵਾਦੀ ਨੂੰ ਹਥਿਆਉਣਾ ਚਾਹੁੰਦੀਆਂ ਹਨ। ਕਦੇ ਇਹ ਵਾਦੀ ਹਿੰਦੂ ਸੱਭਿਅਤਾ ਅਤੇ ਬੁੱਧ ਧਰਮ ਦੀ ਸਰਪ੍ਰਸਤ ਸੀ ਪਰ ਅੱਜ ਇਥੇ ਇਸਲਾਮਿਕ ਤਾਕਤਾਂ ਸਰਗਰਮ ਹਨ।

                                                                                      —ਮਾਸਟਰ ਮੋਹਨ ਲਾਲ


KamalJeet Singh

Content Editor

Related News