ਔਰਤਾਂ ਦੀ ਪ੍ਰਤੀਨਿਧਤਾ ਵਧਾਉਣ ਸਿਆਸੀ ਦਲ

09/24/2018 7:34:51 AM

ਹਾਲ ਹੀ ’ਚ ਰੱਖਿਆ ਅਤੇ ਰਣਨੀਤਕ ਮਾਮਲਿਅਾਂ ਨਾਲ ਜੁੜੀਅਾਂ ਦੋ ਖ਼ਬਰਾਂ ਚਰਚਾ ’ਚ ਰਹੀਅਾਂ। ਇਕ ਹੈ ਫਰਾਂਸ ਤੋਂ ਲੜਾਕੂ ਜਹਾਜ਼ ਰਾਫੇਲ ਖਰੀਦਣ ਦੀ ਅਤੇ ਦੂਜੀ ਹੈ ਭਾਰਤ ਦੀ ਅਮਰੀਕਾ ਨਾਲ ਗੱਲਬਾਤ ਦੀ, ਜਿਸ ਨੂੰ 2+2 ਦਾ ਨਾਂ ਦਿੱਤਾ ਗਿਆ। ਪਹਿਲੀ ਖ਼ਬਰ ਬਾਰੇ ਗੱਲ ਕਰਨ ਜਾ ਰਿਹਾ ਹਾਂ ਪਰ ਰਣਨੀਤਕ ਲਿਹਾਜ ਨਾਲ ਨਹੀਂ। ਮੈਂ  ਕਿਸੇ ਵੱਖਰੇ ਨੁਕਤੇ ’ਤੇ ਧਿਆਨ ਕੇਂਦ੍ਰਿਤ ਕਰਨਾ ਚਾਹੁੰਦਾ ਹਾਂ।
ਆਮ ਤੌਰ ’ਤੇ ਇਹ ਗੱਲਾਂ ਸਿਰਫ ਕੁਝ ਹੀ ਲੋਕਾਂ ਦੀ ਰੁਚੀ ਦਾ ਵਿਸ਼ਾ ਹੁੰਦੀਅਾਂ ਹਨ, ਜੋ ਕੌਮਾਂਤਰੀ ਸਬੰਧਾਂ ਦਾ ਅਧਿਐਨ ਕਰਦੇ ਜਾਂ ਉਨ੍ਹਾਂ ’ਤੇ ਲਿਖਦੇ ਹਨ। ਇਹ ਸਮੂਹ 2+2 ਦੇ ਟੀਚੇ ਤੋਂ ਬਹੁਤ ਉਤਸ਼ਾਹਿਤ ਸੀ ਕਿਉਂਕਿ ਸਾਫ ਤੌਰ ’ਤੇ ਇਸ ਨਾਲ ਕਈ ਨਵੀਅਾਂ ਚੀਜ਼ਾਂ ਸਾਹਮਣੇ ਆਉਣ ਵਾਲੀਅਾਂ ਸਨ। ਇਸ ਸਮੂਹ ਦੀ ਸੌੜੀ ਸੋਚ ਇਕ ਰਾਸ਼ਟਰੀ ਸਮਾਚਾਰ ਪੱਤਰ ’ਚ ਪ੍ਰਕਾਸ਼ਿਤ ਇਸ ਘਟਨਾ ਦੀ ਰਿਪੋਰਟ ਤੋਂ ਝਲਕਦੀ ਹੈ। ਇਸ ਦੀ ਪਹਿਲੀ ਲਾਈਨ ਸੀ, ‘‘ਭਾਰਤ ਦੇ ਰਣਨੀਤਕ ਭਾਈਚਾਰੇ ਦੇ ਬਹੁਤ ਸਾਰੇ ਲੋਕ ਹਾਲ ਹੀ ’ਚ ਸੰਪੰਨ ਹੋਏ 2+2 ਭਾਰਤ-ਅਮਰੀਕਾ ਸੰਵਾਦ ਦੌਰਾਨ ‘ਸਿਸਮੋਆ’ ਦੇ ਭਾਰਤੀਕ੍ਰਿਤ ‘ਕੋਮਕਾਸਾ’ ਦੇ ਦਸਤਖਤ ਹੋਣ ’ਤੇ ਆਪਣੀ ਖੁਸ਼ੀ ਨਹੀਂ ਲੁਕਾ ਸਕੇ?’’ 
ਕਿੰਨੇ ਭਾਰਤੀ ਜਾਣਦੇ ਹਨ ਕਿ ਕੋਮਕਾਸਾ ਜਾਂ ਸਿਸਮੋਆ ਜਾਂ 2+2 ਕੀ ਹੈ? ਸ਼ਾਇਦ 1 ਲੱਖ ’ਚੋਂ 1 ਜਾਂ ਉਸ ਤੋਂ ਵੀ ਘੱਟ। ਕਿਉਂਕਿ ਲੇਖ ਸੁਰੱਖਿਆ ਪਹਿਲੂਅਾਂ ਜਾਂ ਰੱਖਿਆ ਘਪਲਿਅਾਂ ਦੇ ਬਾਰੇ ਨਹੀਂ ਹੈ, ਇਸ ਲਈ ਅਸੀਂ ਇਸ ਗੱਲ ’ਚ ਨਹੀਂ ਜਾਵਾਂਗੇ ਕਿ ਕੋਮਕਾਸਾ ਅਤੇ ਸਿਸਮੋਆ ਦਾ ਅਰਥ ਕੀ ਹੈ? 
ਮੇਰੀ ਰੁਚੀ ਉਸ ਤਸਵੀਰ ਨੂੰ ਲੈ ਕੇ ਸੀ, ਜੋ ਇਸ ਰਿਪੋਰਟ ਦੇ ਨਾਲ ਸੀ। ਇਸ ਵਿਚ 4 ਲੋਕ ਸਨ–ਅਮਰੀਕਾ ਦੇ ਰੱਖਿਆ ਸਕੱਤਰ ਅਤੇ ਸਟੇਟ ਸਕੱਤਰ ਅਤੇ ਭਾਰਤ ਦੇ ਵਿਦੇਸ਼ ਮੰਤਰੀ ਤੇ ਰੱਖਿਆ ਮੰਤਰੀ। 
ਇਨ੍ਹਾਂ ਲੋਕਾਂ ਦੇ ਅਹੁਦੇ ਬਰਾਬਰ ਹਨ, ਭਾਵ ਅਮਰੀਕਾ ’ਚ ਸਕੱਤਰ ਭਾਰਤ ਦੇ ਕੈਬਨਿਟ ਰੈਂਕ ਦੇ ਮੰਤਰੀ ਦੇ ਬਰਾਬਰ ਹੁੰਦਾ ਹੈ। 
ਇਕ ਰਾਸ਼ਟਰ ਦੇ ਤੌਰ ’ਤੇ ਅਤੇ ਇਕ ਸੰਸਕ੍ਰਿਤੀ ਦੇ ਤੌਰ  ’ਤੇ ਸਾਡੇ ਉਤੇ ਇਹ ਦੋਸ਼ ਲੱਗਦਾ ਹੈ ਕਿ ਅਸੀਂ ਆਪਣੇ ਤੋਂ ਛੋਟੇ ਲੋਕਾਂ ਨਾਲ ਗੱਲਬਾਤ ਨਹੀਂ ਕਰਨਾ ਚਾਹੁੰਦੇ। ਸਾਬਕਾ ਰਾਜਦੂਤ ਅਤੇ ਭਾਰਤ-ਅਮਰੀਕੀ ਸਬੰਧਾਂ ਦੇ ਜਾਣਕਾਰ ਡੈਨਿਸ ਕਕਸ਼ ਨੇ ਲਿਖਿਆ ਹੈ ਕਿ ਭਾਰਤੀ ਸਿਆਸਤਦਾਨ ਆਮ ਤੌਰ ’ਤੇ ਆਪਣੇ ਤੋਂ ਛੋਟੇ ਰੈਂਕ ਦੇ ਅਮਰੀਕੀ ਅਧਿਕਾਰੀ ਨਾਲ ਚਰਚਾ ਨਹੀਂ ਕਰਨਾ ਚਾਹੁੰਦੇ, ਭਾਵੇਂ ਉਸ ਅਧਿਕਾਰੀ ਕੋਲ ਸਬੰਧਤ ਮਾਮਲੇ ਬਾਰੇ ਫੈਸਲਾ ਲੈਣ ਦਾ ਅਧਿਕਾਰ ਵੀ ਕਿਉਂ ਨਾ ਹੋਵੇ। ਭਾਰਤੀ ਸਿਰਫ ਆਪਣੇ ਹਮ-ਅਹੁਦੇਦਾਰਾਂ ਨਾਲ ਹੀ ਗੱਲਬਾਤ ਕਰਨਾ ਚਾਹੁੰਦੇ ਹਨ, ਫਿਰ ਭਾਵੇਂ ਉਹ ਬੈਠਕ ਬੇਨਤੀਜਾ ਹੀ ਕਿਉਂ ਨਾ ਰਹੇ। 
ਸਾਡੀ 2+2 ਮੀਟਿੰਗ ’ਚ ਅਜਿਹੀ ਗੱਲ ਨਹੀਂ ਸੀ ਅਤੇ ਮੇਰਾ ਖਿਆਲ ਹੈ ਕਿ ਰਣਨੀਤਕ ਮਾਮਲਿਅਾਂ ਨਾਲ ਜੁੜੇ ਬਹੁਤ ਸਾਰੇ ਲੋਕ ਇਸ ਗੱਲ ’ਤੇ ਖੁਸ਼ ਹੋਣਗੇ ਕਿ ਸ਼ਕਤੀਸ਼ਾਲੀ ਅਮਰੀਕੀ ਰਾਸ਼ਟਰਪਤੀ ਤੋਂ ਬਾਅਦ ਸਭ ਤੋਂ ਸ਼ਕਤੀਸ਼ਾਲੀ 2 ਵਿਅਕਤੀਅਾਂ ਨੂੰ ਸਾਡੇ ਨਾਲ ਗੱਲਬਾਤ ਲਈ ਦਿੱਲੀ ਭੇਜਿਆ ਹੈ ਤੇ ਉਹ ਵੀ ਮੰਤਰੀ ਪੱਧਰ ਦੇ ਪਰ ਮੈਂ ਫਿਰ ਇਹ ਕਹਿਣਾ ਚਾਹਾਂਗਾ ਕਿ ਮੇਰੀ ਰੁਚੀ ਇਸ ਤਰ੍ਹਾਂ ਦੇ ਸ਼ਕਤੀ ਪ੍ਰਦਰਸ਼ਨਾਂ ਦੇ ਪਹਿਲੂ ’ਤੇ ਨਹੀਂ ਹੈ, ਸਗੋਂ ਕੁਝ ਅਜਿਹੀਅਾਂ ਚੀਜ਼ਾਂ ’ਤੇ ਹੈ, ਜੋ ਬਿਲਕੁਲ ਵੱਖ ਹਨ। 
ਇਹ ਤਸਵੀਰ ਲੋਕਾਂ ਦੀ ਸੀ, ਜੋ ਸਰੋਤਿਅਾਂ ਵੱਲ ਮੂੰਹ ਕਰਕੇ ਖੜ੍ਹੇ ਸਨ। ਖੱਬੇ ਪਾਸੇ ਸਨ ਅਮਰੀਕਾ ਦੇ ਸਟੇਟ ਸੈਕਟਰੀ ਮਾਈਕ ਪੋਂਪੀਓ ਅਤੇ ਰੱਖਿਆ ਸਕੱਤਰ  ਜੇਮਸ  ਐੱਨ. ਮਾਟਿਸ, ਜੋ ਕਿ ਦੋਵੇਂ ਗੋਰੇ ਹਨ। ਮਾਟਿਸ ਸਾਬਕਾ ਜਨਰਲ ਹਨ, ਪੋਂਪੀਓ ਵੀ ਫੌਜ ’ਚ ਰਹੇ ਹਨ, ਜੋ ਕਿਸੇ ਸਮੇਂ ਅਮਰੀਕੀ ਖੁਫੀਆ ਏਜੰਸੀ ਸੀ. ਆਈ. ਏ. ਦੇ ਮੁਖੀ ਸਨ। ਸੱਜੇ ਪਾਸੇ ਸਨ ਭਾਰਤ ਦੇ ਵਿਦੇਸ਼ ਮੰਤਰੀ ਅਤੇ ਰੱਖਿਆ ਮੰਤਰੀ। ਇਹ ਦੋਵੇਂ ਔਰਤਾਂ ਹਨ। ਇਕ ਉੱਤਰ ਭਾਰਤ (ਸੁਸ਼ਮਾ ਸਵਰਾਜ) ਤੋਂ ਅਤੇ ਦੂਜੀ (ਨਿਰਮਲਾ ਸੀਤਾਰਮਨ) ਦੱਖਣ ਭਾਰਤ ਤੋਂ। ਇਹ ਦੋਵੇਂ ਤਾਕਤਵਰ ਔਰਤਾਂ ਹਨ, ਜੋ ਮਹੱਤਵਪੂਰਨ ਅਹੁਦਿਅਾਂ ’ਤੇ ਪਹੁੰਚਣ ਲਈ ਕਿਸੇ ’ਤੇ ਨਿਰਭਰ ਨਹੀਂ ਰਹੀਅਾਂ। 
ਦੋ ਤਾਕਤਵਰ ਮਰਦ ਦੋ ਤਾਕਤਵਰ ਹਮ-ਅਹੁਦਾ ਔਰਤਾਂ ਨਾਲ ਹੱਥ ਮਿਲਾਉਂਦੇ ਹੋਏ। ਇਸ ਤਸਵੀਰ ਨੇ ਮੈਨੂੰ ਬਹੁਤ ਖੁਸ਼ ਕੀਤਾ। ਮੈਂ ਆਮ ਤੌਰ ’ਤੇ ਰੱਖਿਆ ਮਾਮਲਿਅਾਂ ਦੇ ਬਾਰੇ ’ਚ ਨਹੀਂ  ਪੈਣਾ ਚਾਹੁੰਦਾ ਕਿਉਂਕਿ ਮੈਂ ਇਹ ਜਾਣਦਾ ਹਾਂ ਕਿ ਘੱਟ ਸੋਮਿਅਾਂ ਵਾਲੇ ਦੇਸ਼ ’ਚ ਪੈਸੇ ਦੀ ਬਰਬਾਦੀ ਹੈ ਅਤੇ ਇਹ ਵੀ ਕਿ ਇਸ ਖਰਚ ਨਾਲ ਸਿਰਫ ਕੁਝ ਅਮੀਰ ਲੋਕਾਂ ਨੂੰ ਹੀ ਫਾਇਦਾ ਹੁੰਦਾ ਹੈ ਪਰ ਇਸ ਖ਼ਬਰ ਅਤੇ ਖਾਸ ਤੌਰ ’ਤੇ 2+2 ਤਸਵੀਰ ਤੋਂ ਮੈਨੂੰ ਕਾਫੀ ਖੁਸ਼ੀ ਮਿਲੀ। 
ਬਾਕੀ ਦੁਨੀਆ ਵਾਂਗ ਅਸੀਂ ਵੀ ਬੜੀ ਗੈਰ-ਸਮਾਨਤਾ ਦੇ ਮਾਹੌਲ ’ਚ ਰਹਿੰਦੇ ਹਾਂ। ਅਮਰੀਕਾ ਦੀ ਸੰਸਕ੍ਰਿਤੀ ’ਚ ਗੋਰੇ ਲੋਕਾਂ ਦਾ ਦਬਦਬਾ ਸਾਫ ਝਲਕਦਾ ਹੈ। ਉਥੇ ਔਰਤਾਂ ਦੀ ਅਹਿਮੀਅਤ ਘੱਟ ਹੈ ਅਤੇ ਵੱਖਰੇ ਰੰਗ ਤੇ ਧਰਮ ਵਾਲੇ ਲੋਕਾਂ  ਵੱਲ ਵੀ ਘੱਟ। 
ਭਾਰਤ ਦੇ ਮਾਮਲੇ ’ਚ ਵੀ ਇਹੋ ਸੱਚ ਹੈ। ਉਹ ਤਸਵੀਰ ਇਸ ਸਰਕਾਰ ਦੀ ਪੂਰੀ ਪ੍ਰਤੀਨਿਧਤਾ ਨਹੀਂ ਕਰਦੀ ਸੀ ਅਤੇ ਮੈਂ ਸਿਰਫ ਇਕ ਹੋਰ ਤਾਕਤਵਰ ਮਹਿਲਾ ਮੰਤਰੀ ਸਮ੍ਰਿਤੀ ਇਰਾਨੀ ਬਾਰੇ ਸੋਚ ਸਕਦਾ ਸੀ ਪਰ ਇਸ ਤੋਂ ਪਤਾ ਲੱਗਦਾ ਹੈ ਕਿ ਕੀ ਕੁਝ ਸੰਭਵ ਹੈ। 
ਇਹ ਤੈਅ ਹੈ ਕਿ ਜੇਕਰ ਸਿਆਸਤ ’ਚ ਔਰਤਾਂ ਦੀ ਪ੍ਰਤੀਨਿਧਤਾ ਘੱਟ ਹੈ ਤਾਂ ਇਸ ਦਾ ਕਾਰਨ ਪ੍ਰਤਿਭਾ ਦੀ ਕਮੀ ਨਹੀਂ ਹੈ। ਸਵਰਾਜ ਅਤੇ ਸੀਤਾਰਮਨ ਤੇ ਇਰਾਨੀ ਅਤੇ ਮਾਇਆਵਤੀ, ਮਮਤਾ ਬੈਨਰਜੀ ਅਤੇ ਅਪੋਜ਼ੀਸ਼ਨ ’ਚ ਹੋਰਨਾਂ ਦਾ ਹੋਣਾ ਇਸ ਗੱਲ ਨੂੰ ਖਾਰਿਜ ਕਰਦਾ ਹੈ। 
ਇਸ ਦਾ ਕਾਰਨ ਸ਼ੁੱਧ ਤੌਰ ’ਤੇ ਮੌਕੇ ਦੀ ਘਾਟ ਹੈ। 2+2 ਵਰਗੇ ਪਲ ਸਾਨੂੰ ਇਸ ਗੱਲ ਦੇ ਪ੍ਰਤੀ ਜਾਗਰੂਕ ਕਰਦੇ ਹਨ। ਸਾਨੂੰ ਸਾਰੇ ਸਿਆਸੀ ਦਲਾਂ ’ਤੇ ਇਸ ਗੱਲ ਦਾ ਦਬਾਅ ਪਾਉਣਾ ਚਾਹੀਦਾ ਹੈ ਕਿ ਜੇਕਰ ਉਨ੍ਹਾਂ ਨੂੰ ਸਾਡੀ ਵੋਟ ਅਤੇ ਸਮਰਥਨ ਚਾਹੀਦਾ ਹੈ ਤਾਂ ਉਹ ਵਧੇਰੇ ਗਿਣਤੀ ’ਚ ਔਰਤਾਂ ਨੂੰ ਸ਼ਾਮਿਲ ਕਰਨ। 


Related News