''ਘਰੇਲੂ ਹਿੰਸਾ ਕਾਨੂੰਨ'' ਵਿਚ ਹੁਣ ਤਬਦੀਲੀ ਕਰਨ ਦਾ ਸਮਾਂ

10/26/2019 1:06:54 AM

ਅੱਜ ਤੋਂ ਡੇਢ ਦਹਾਕਾ ਪਹਿਲਾਂ ਭਾਰਤ 'ਚ ਘਰੇਲੂ ਹਿੰਸਾ ਅਤੇ ਨਾਰੀ ਸ਼ੋਸ਼ਣ ਨੂੰ ਰੋਕਣ ਲਈ ਇਕ ਮਜ਼ਬੂਤ ਕਾਨੂੰਨ ਬਣਿਆ ਸੀ, ਜਿਸ ਨਾਲ ਇਕ ਸੁਰੱਖਿਆ ਕਵਚ ਵਾਂਗ ਪੀੜਤ ਔਰਤਾਂ ਨੂੰ ਵੱਖ-ਵੱਖ ਤਰ੍ਹਾਂ ਦੀ ਹਿੰਸਾ ਤੋਂ ਰਾਹਤ ਮਿਲੀ ਪਰ ਜਿਵੇਂ ਕਿ ਕੁਦਰਤ ਦਾ ਨਿਯਮ ਹੈ ਕਿ ਲਗਾਤਾਰ ਤਬਦੀਲੀ ਹੁੰਦੀ ਰਹਿਣੀ ਚਾਹੀਦੀ ਹੈ, ਉਸੇ ਤਰ੍ਹਾਂ ਹੁਣ ਸਮਾਂ ਆ ਗਿਆ ਹੈ ਕਿ ਇਸ ਕਾਨੂੰਨ 'ਚ ਮੌਜੂਦਾ ਲੋੜ ਦੇ ਹਿਸਾਬ ਨਾਲ ਉਚਿਤ ਤਬਦੀਲੀ ਕੀਤੀ ਜਾਵੇ।
ਹਾਲਾਂਕਿ ਇਸ ਕਾਨੂੰਨ ਦਾ ਦਾਇਰਾ ਬਹੁਤ ਵੱਡਾ ਹੈ ਪਰ ਅਮਲ 'ਚ ਇਹ ਅਕਸਰ ਘਰ ਦੀਆਂ ਔਰਤਾਂ ਨਾਲ ਮਾਰ-ਕੁਟਾਈ, ਉਨ੍ਹਾਂ ਦੇ ਜਿਨਸੀ ਸ਼ੋਸ਼ਣ ਸਮੇਤ ਵੱਖ-ਵੱਖ ਤਰ੍ਹਾਂ ਦੇ ਸ਼ੋਸ਼ਣ ਅਤੇ ਉਨ੍ਹਾਂ ਦੇ ਜਿਊਣ ਦੇ ਬੁਨਿਆਦੀ ਹੱਕ ਨੂੰ ਮਰਦਾਂ ਵਲੋਂ ਹਥਿਆਏ ਜਾਣ ਤੋਂ ਰੋਕਣ 'ਚ ਹੀ ਜ਼ਿਆਦਾਤਰ ਇਸਤੇਮਾਲ ਹੁੰਦਾ ਹੈ।

ਘਰ ਤੋਂ ਜ਼ਿਆਦਾ ਬਾਹਰ ਹੁੰਦੀ ਹਿੰਸਾ
ਇਸ ਹਫਤੇ ਮੁੰਬਈ ਵਿਚ ਸੰਪੰਨ ਹੋਏ 'ਮਾਮੀ' (Mami) ਫਿਲਮ ਸਮਾਰੋਹ ਵਿਚ ਇਕ ਫਿਲਮ 'ਬਾਈ ਦਿ ਗ੍ਰੇਸ ਆਫ ਗੌਡ' ਦਿਖਾਈ ਗਈ। ਇਹ ਫਿਲਮ ਕਿਸੇ ਵਿਕਾਸਸ਼ੀਲ ਜਾਂ ਅਵਿਕਸਿਤ ਦੇਸ਼ 'ਚ ਨਹੀਂ ਬਣੀ ਜਾਂ ਉਥੇ ਹੋ ਰਹੀਆਂ ਸ਼ੋਸ਼ਣ ਦੀਆਂ ਘਟਨਾਵਾਂ ਦਾ ਰੂਪਾਂਤਰਣ ਨਹੀਂ ਸੀ, ਸਗੋਂ ਯੂਰਪ ਦੇ ਅਮੀਰ ਤੇ ਵਿਕਸਿਤ ਦੇਸ਼ ਫਰਾਂਸ ਵਿਚ ਬਣੀ ਸੀ।
ਇਸ ਫਿਲਮ ਦੀ ਕਹਾਣੀ ਇਹ ਹੈ ਕਿ 5 ਬੱਚਿਆਂ ਦੇ ਇਕ ਪਿਤਾ ਨੂੰ ਇਕ ਘਟਨਾ ਉਸ ਦੇ ਬਚਪਨ ਤੋਂ ਲੈ ਕੇ ਹੁਣ ਤਕ ਚੈਨ ਨਾਲ ਜੀਣ ਨਹੀਂ ਦੇ ਰਹੀ ਸੀ ਤੇ ਉਹ ਘਟਨਾ ਸੀ 33 ਸਾਲ ਪਹਿਲਾਂ ਇਕ ਚਰਚ ਦੇ ਪਾਦਰੀ ਵਲੋਂ ਉਸ ਦਾ ਕੀਤਾ ਗਿਆ ਜਿਨਸੀ ਸ਼ੋਸ਼ਣ। ਜ਼ਿਕਰਯੋਗ ਹੈ ਕਿ ਉਹ ਇਕੱਲਾ ਹੀ ਇਸ ਦਾ ਸ਼ਿਕਾਰ ਨਹੀਂ ਹੋਇਆ ਸੀ, ਸਗੋਂ ਹੋਰ ਹਜ਼ਾਰਾਂ ਬੱਚੇ ਵੀ ਉਸ ਪਾਦਰੀ ਹੱਥੋਂ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਏ ਸਨ।
ਬਚਪਨ ਵਿਚ ਆਪਣੇ ਨਾਲ ਵਾਪਰੀ ਇਸ ਘਟਨਾ ਦੇ ਪੀੜਤ ਬਾਲਗ ਹੋਣ ਉੱਤੇ, ਆਪਣਾ ਪਰਿਵਾਰ ਵਸਾ ਚੁੱਕੇ ਅਤੇ ਕਥਿਤ ਸੁਖੀ ਜੀਵਨ ਬਿਤਾ ਰਹੇ ਲੋਕ ਅਜੇ ਵੀ ਉਸ ਸਦਮੇ 'ਚੋਂ ਪੂਰੀ ਤਰ੍ਹਾਂ ਬਾਹਰ ਨਹੀਂ ਆਏ। ਉਹ ਆਪਣੇ ਨਾਲ ਹੋਏ ਅੱਤਿਆਚਾਰ ਦਾ ਕੋਈ ਬਦਲਾ ਵੀ ਨਹੀਂ ਲੈ ਸਕੇ ਅਤੇ ਦੋਸ਼ੀ ਪਾਦਰੀ ਹੁਣ ਵੀ ਉਸੇ ਤਰ੍ਹਾਂ ਛੋਟੇ ਬੱਚਿਆਂ ਦਾ ਸ਼ੋਸ਼ਣ ਕਰਦਾ ਆ ਰਿਹਾ ਹੈ।
ਹਾਲਾਂਕਿ ਪਾਦਰੀ ਦੀਆਂ ਇਨ੍ਹਾਂ ਕਰਤੂਤਾਂ ਦੀ ਉਸ ਦੇ ਸੀਨੀਅਰਾਂ ਨੂੰ ਜਾਣਕਾਰੀ ਵੀ ਸੀ ਪਰ ਕਿਸੇ ਨੇ ਉਸ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ। ਫਿਲਮ ਦੇ ਨਾਇਕ ਨੇ ਦਹਾਕਿਆਂ ਤਕ ਮਾਨਸਿਕ ਸੰਤਾਪ ਝੱਲਣ ਤੋਂ ਬਾਅਦ ਆਪਣੇ ਸ਼ੋਸ਼ਣ ਦਾ ਬਦਲਾ ਲੈਣ ਦੀ ਹਿੰਮਤ ਦਿਖਾਈ ਅਤੇ ਪਾਦਰੀ ਦੀ ਸ਼ਿਕਾਇਤ ਅਧਿਕਾਰੀਆਂ ਨੂੰ ਇਹ ਜਾਣਦੇ ਹੋਏ ਵੀ ਕੀਤੀ ਕਿ ਉਹ ਇਕੱਲਾ ਹੈ ਅਤੇ ਤੰਤਰ ਬਹੁਤ ਮਜ਼ਬੂਤ ਹੈ। ਉਸ ਨੂੰ ਡਰ ਸੀ ਕਿ ਕਿਤੇ ਉਸੇ ਨੂੰ ਹੀ ਦੋਸ਼ੀ ਨਾ ਮੰਨ ਲਿਆ ਜਾਵੇ ਅਤੇ ਝੂਠਾ ਸਿੱਧ ਨਾ ਕਰ ਦਿੱਤਾ ਜਾਵੇ।
ਅਧਿਕਾਰੀਆਂ ਸਾਹਮਣੇ ਪਾਦਰੀ ਨੇ ਆਪਣੇ 'ਤੇ ਲਾਏ ਦੋਸ਼ ਦਾ ਜਵਾਬ ਇਹ ਕਹਿ ਕੇ ਦਿੱਤਾ ਕਿ ਉਹ ਇਕ ਮਾਨਸਿਕ ਰੋਗੀ ਹੈ ਅਤੇ ਛੋਟੇ ਬੱਚਿਆਂ ਨੂੰ ਦੇਖਦਿਆਂ ਹੀ ਉਸ ਦੀਆਂ ਸੈਕਸ ਭਾਵਨਾਵਾਂ ਭੜਕ ਉੱਠਦੀਆਂ ਹਨ।
ਇਸ ਤੋਂ ਬਾਅਦ ਫਿਲਮ ਦੇ ਨਾਇਕ ਨੇ ਅਜਿਹੇ ਲੋਕਾਂ ਨਾਲ ਸੰਪਰਕ ਕਰਨਾ ਸ਼ੁਰੂ ਕੀਤਾ, ਜੋ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਏ ਸਨ ਅਤੇ ਅਜੇ ਤਕ ਉਸ ਸਦਮੇ 'ਚ ਜੀਅ ਰਹੇ ਸਨ। ਇਕ ਵਿਅਕਤੀ ਤਾਂ ਅਜਿਹਾ ਸੀ, ਜਿਸ ਦਾ ਗੁਪਤ ਅੰਗ ਖਰਾਬ ਹੋ ਗਿਆ ਸੀ ਅਤੇ ਉਹ ਮਿਰਗੀ ਰੋਗ ਦਾ ਸ਼ਿਕਾਰ ਹੋ ਗਿਆ ਸੀ।
ਇਨ੍ਹਾਂ ਸਾਰੇ ਪੀੜਤਾਂ ਨੇ ਮਿਲ ਕੇ ਆਪਣਾ ਇਕ ਸੰਗਠਨ ਬਣਾਇਆ ਅਤੇ ਆਪਣੇ ਨਾਲ ਵਾਪਰੀ ਘਿਨੌਣੀ ਘਟਨਾ ਦਾ ਬਦਲਾ ਲੈਣ ਦਾ ਕਾਨੂੰਨੀ ਰਾਹ ਅਪਣਾਇਆ। ਇਥੇ ਇਹ ਗੱਲ ਅਹਿਮ ਨਹੀਂ ਹੈ ਕਿ ਦੋਸ਼ੀ ਨੂੰ ਸਜ਼ਾ ਹੋਈ ਜਾਂ ਨਹੀਂ, ਸਗੋਂ ਇਹ ਹੈ ਕਿ ਬਚਪਨ ਜਾਂ ਅੱਲ੍ਹੜਪੁਣੇ 'ਚ ਜਦੋਂ ਕਿਸੇ ਦਾ ਜਿਨਸੀ ਸ਼ੋਸ਼ਣ ਹੁੰਦਾ ਹੈ, ਚਾਹੇ ਉਹ ਮਰਦ ਹੋਵੇ ਜਾਂ ਔਰਤ, ਤਾਂ ਉਸ ਦੇ ਲਈ ਉਮਰ ਭਰ ਇਸ ਨੂੰ ਭੁਲਾਉਣਾ ਮੁਸ਼ਕਿਲ ਹੁੰਦਾ ਹੈ ਅਤੇ ਖ਼ੁਦ ਨੂੰ ਹੀ ਇਕ ਅਜਿਹੇ ਅਪਰਾਧ ਲਈ ਜ਼ਿੰਮੇਵਾਰ ਮੰਨਦਾ ਰਹਿੰਦਾ ਹੈ, ਜੋ ਉਸ ਨਾਲ ਹੋਇਆ ਪਰ ਕਦੇ ਉਸ ਦਾ ਬਦਲਾ ਨਹੀਂ ਲੈ ਸਕਿਆ।

ਸਮਾਜਿਕ ਤੇ ਕਾਨੂੰਨੀ ਸਰਪ੍ਰਸਤੀ
ਅਕਸਰ ਦੇਖਣ 'ਚ ਆਉਂਦਾ ਹੈ ਕਿ ਅਪਰਾਧੀ ਨੂੰ ਪਰਿਵਾਰਕ ਸਰਪ੍ਰਸਤੀ ਦੇ ਨਾਲ-ਨਾਲ ਸਮਾਜਿਕ ਸਰਪ੍ਰਸਤੀ ਵੀ ਆਸਾਨੀ ਨਾਲ ਮਿਲ ਜਾਂਦੀ ਹੈ ਅਤੇ ਪੀੜਤ ਨੂੰ 'ਭੁੱਲ ਜਾ, ਜੋ ਤੇਰੇ ਨਾਲ ਹੋਇਆ', 'ਜੇ ਜ਼ੁਬਾਨ ਖੋਲ੍ਹੀ ਤਾਂ ਨਤੀਜੇ ਭੁਗਤਣ ਲਈ ਤਿਆਰ ਰਹਿਣਾ', 'ਤੇਰੇ ਨਾਲ ਤੇਰੇ ਖਾਨਦਾਨ ਦੀ ਇੱਜ਼ਤ ਵੀ ਜਾਵੇਗੀ' ਵਰਗੇ ਵਾਕ ਸੁਣਨ ਨੂੰ ਮਿਲਦੇ ਹਨ।
ਜਿਸ ਤਰ੍ਹਾਂ ਆਪਣੇ ਨਾਲ ਹੋਏ ਜਿਨਸੀ ਸ਼ੋਸ਼ਣ ਨੂੰ ਭੁਲਾਇਆ ਨਹੀਂ ਜਾ ਸਕਦਾ, ਉਸੇ ਤਰ੍ਹਾਂ ਬਚਪਨ 'ਚ ਬੇਵਜ੍ਹਾ ਹੋਈ ਮਾਰ-ਕੁਟਾਈ, ਸਰੀਰਕ ਤੇ ਮਾਨਸਿਕ ਤਸ਼ੱਦਦ, ਲਿੰਗ-ਭੇਦ ਕਾਰਣ ਹੋਏ ਅਪਮਾਨ, ਇਥੋਂ ਤਕ ਕਿ ਪਾਲਣ-ਪੋਸ਼ਣ ਵਿਚ ਵੀ ਹੋਏ ਵਿਤਕਰੇ ਨੂੰ ਉਮਰ ਭਰ ਨਹੀਂ ਭੁਲਾਇਆ ਜਾ ਸਕਦਾ। ਹੋ ਸਕਦਾ ਹੈ ਵਕਤ ਦੀ ਮੱਲ੍ਹਮ ਜ਼ਖ਼ਮ ਨੂੰ ਢਕ ਦੇਵੇ ਪਰ ਥੋੜ੍ਹਾ ਜਿਹਾ ਕੁਰੇਦਣ ਵਾਲੀ ਘਟਨਾ ਵਾਪਰਦਿਆਂ ਹੀ ਇਹ ਜ਼ਖ਼ਮ ਫਿਰ ਹਰਾ ਹੋ ਕੇ ਦਰਦ ਦਿੰਦਾ ਹੈ।
ਘਰੇਲੂ ਹਿੰਸਾ ਦੇ ਨਾਲ-ਨਾਲ ਬਾਹਰੀ ਹਿੰਸਾ ਤੋਂ ਬਚਣ ਲਈ ਵੀ ਕਾਨੂੰਨ ਦਾ ਰਾਹ ਹੋਣਾ ਚਾਹੀਦਾ ਹੈ। ਕਾਨੂੰਨ ਦੀ ਘਾਟ ਕਾਰਣ ਹੀ ਸਮਾਜਿਕ ਬੇਇਨਸਾਫੀ ਦਾ ਬਦਲਾ ਲੈਣ ਲਈ ਜਦੋਂ ਇਕ ਉਮਰ ਨਿਕਲ ਜਾਣ ਤੋਂ ਬਾਅਦ ਵੀ ਛੋਟਾ ਜਿਹਾ ਮੌਕਾ ਮਿਲਦਿਆਂ ਹੀ ਪੀੜਤ ਆਪਣੇ ਨਾਲ ਦਹਾਕਿਆਂ ਪਹਿਲਾਂ ਹੋਈ ਘਟਨਾ ਨੂੰ ਬਿਆਨ ਕਰਨ ਲਈ ਸਾਹਮਣੇ ਆ ਜਾਂਦੇ ਹਨ ਤਾਂ ਇਸ ਦੀ ਇਕ ਵਜ੍ਹਾ ਇਹ ਹੈ ਕਿ ਜਦੋਂ ਉਨ੍ਹਾਂ ਨਾਲ ਇਹ ਘਟਨਾ ਵਾਪਰੀ ਸੀ, ਉਦੋਂ ਅਜਿਹਾ ਕੋਈ ਕਾਨੂੰਨ ਨਹੀਂ ਸੀ, ਜੋ ਅਪਰਾਧ ਕਰਨ ਵਾਲੇ ਦੇ ਮਨ ਵਿਚ ਡਰ ਪੈਦਾ ਕਰ ਸਕਦਾ।
ਅਜਿਹੀਆਂ ਕਈ ਮਿਸਾਲਾਂ ਹਨ, ਸੱਚੀਆਂ ਘਟਨਾਵਾਂ ਹਨ, ਜੋ ਲਗਾਤਾਰ ਵਾਪਰਦੀਆਂ ਰਹਿੰਦੀਆਂ ਹਨ। ਇਨ੍ਹਾਂ 'ਚ ਗੁਰੂ, ਟੀਚਰ, ਧਰਮ ਉਪਦੇਸ਼ਕ ਤੋਂ ਲੈ ਕੇ ਸਮਾਜ ਦੇ ਧਾਕੜ ਲੋਕ ਕਿਹੋ ਜਿਹਾ ਵੀ ਸ਼ੋਸ਼ਣ ਕਰਨ ਤੋਂ ਬਾਅਦ ਆਜ਼ਾਦ ਘੁੰਮਦੇ ਰਹਿੰਦੇ ਹਨ। ਕੰਮ ਵਾਲੀ ਥਾਂ 'ਤੇ ਹੋਣ ਵਾਲੇ ਸ਼ੋਸ਼ਣ ਤੋਂ ਹਟ ਕੇ ਪਰਿਵਾਰ ਤੇ ਸਮਾਜ ਵਿਚ ਹੋਣ ਵਾਲੇ ਮਾਨਸਿਕ ਅਤੇ ਸਰੀਰਕ ਸ਼ੋਸ਼ਣ ਨੂੰ ਖਤਮ ਕਰਨ ਅਤੇ ਕਾਨੂੰਨ ਦਾ ਡਰ ਪੈਦਾ ਕਰਨ ਵਾਲੀ ਵਿਵਸਥਾ ਬਾਰੇ ਸੋਚਣ ਦਾ ਇਹੋ ਸਹੀ ਸਮਾਂ ਹੈ ਕਿਉਂਕਿ ਅੱਜ ਅਸੀਂ ਵਿਕਾਸਸ਼ੀਲ ਦੇਸ਼ਾਂ ਦੀ ਸ਼੍ਰੇਣੀ ਵਿਚ ਆਉਂਦੇ ਹਾਂ।
ਵਿਕਸਿਤ ਦੇਸ਼ਾਂ 'ਚ ਅੱਜ ਵੀ ਇਹ ਸਮੱਸਿਆ ਇਸ ਲਈ ਪਿੱਛਾ ਨਹੀਂ ਛੱਡ ਰਹੀ ਕਿਉਂਕਿ ਉਨ੍ਹਾਂ ਨੇ ਆਪਣੀ ਵਿਕਾਸਸ਼ੀਲ ਅਵਸਥਾ 'ਚ ਇਸ ਪਾਸੇ ਧਿਆਨ ਨਹੀਂ ਦਿੱਤਾ ਸੀ। ਸਾਡੇ ਕੋਲ ਅਜੇ ਵੀ ਸਮਾਂ ਹੈ, ਇਸ ਲਈ ਇਸ ਬਾਰੇ ਸਾਰਥਕ ਤੇ ਮਜ਼ਬੂਤ ਕਾਨੂੰਨ ਬਣਾਉਣ ਦੀ ਦਿਸ਼ਾ 'ਚ ਕਦਮ ਵਧਾਉਣਾ ਹੀ ਬਿਹਤਰ ਹੋਵੇਗਾ।

                                                                                     —ਪੂਰਨ ਚੰਦ ਸਰੀਨ


KamalJeet Singh

Content Editor

Related News