‘ਨਵਾਂ ਸੰਸਦ ਭਵਨ’ ਨਵੇਂ ਭਾਰਤ ਦਾ ‘ਉਦੈ’

06/06/2023 12:23:55 PM

28 ਮਈ, 2023 ਭਾਰਤ ਦੇ ਇਤਿਹਾਸ ’ਚ ਸੁਨਹਿਰੀ ਅੱਖਰਾਂ ’ਚ ਲਿਖਿਆ ਜਾਵੇਗਾ, ਜਿਸ ਦਿਨ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ‘ਸੇਂਗੋਲ’ ਨੂੰ ਦੰਡਵਤ ਪ੍ਰਣਾਮ ਕਰ ਕੇ, ਮੰਤਰਾਂ ਦੇ ਉਚਾਰਣ ਤੋਂ ਬਾਅਦ, ਲੋਕਤੰਤਰ ਦੇ ਮੰਦਰ ‘ਸੰਸਦ ਭਵਨ’ ਨੂੰ ਦੇਸ਼ਵਾਸੀਆਂ ਨੂੰ ਸਮਰਪਿਤ ਕੀਤਾ। ਪੂਜਾ ਦਾ ਪਵਿੱਤਰ ਕੰਮ, ਤਮਿਲਨਾਡੂ ਤੋਂ ‘ਗੈਰ-ਬ੍ਰਾਹਮਣ’ ਸੰਤਾਂ ਨੇ ਕੀਤਾ। ਇਹ ਭਵਨ ਦੇਸ਼ ਦੀ 140 ਕਰੋੜ ਜਨਤਾ ਦੇ ਮਾਣ-ਸਨਮਾਨ ਦੇ ਪ੍ਰਤੀਕ ਦੇ ਨਾਲ-ਨਾਲ ਨਵੇਂ ਭਾਰਤ ਦੀਆਂ ਉਮੀਦਾਂ ਦਾ ਕੇਂਦਰ ਹੈ। ਭਵਨ ਦਾ ਨਿਰਮਾਣ ਸਿਰਫ 29 ਮਹੀਨਿਆਂ ਦੀ ਛੋਟੀ ਜਿਹੀ ਮਿਆਦ ’ਚ ਸ਼ੁੱਧ ਰੂਪ ਨਾਲ ਭਾਰਤ ਦੇ ਇੰਜੀਨੀਅਰਾਂ ਨੇ ਕੀਤਾ ਹੈ। ਇੰਨੀ ਤੇਜ਼ੀ ਨਾਲ ਸੰਸਦ ਭਵਨ ਦਾ ਨਿਰਮਾਣ ਭਾਰਤ ਦੀ ਵਿਕਾਸ ਦੇ ਰਸਤੇ ’ਤੇ ਤੇਜ਼ ਰਫਤਾਰ ਨਾਲ ਅੱਗੇ ਵਧਣ ਦੀ ਪ੍ਰਤੱਖ ਉਦਾਹਰਣ ਵੀ ਹੈ। ਦੇਸ਼ ਦੇ ਲਗਭਗ ਸਾਰੇ ਸੂਬਿਆਂ ਦੇ ਯੋਗਦਾਨ ਨਾਲ ਉਥੋਂ ਦੀ ਖਾਸ ਵਸਤੂ ਨੂੰ ਇਸ ਭਵਨ ਨਿਰਮਾਣ ’ਚ ਵਰਤ ਕੇ ਸਭ ਦੇ ਯਤਨ ਦੀ ਭਾਵਨਾ ਨੂੰ ਪ੍ਰਗਟ ਕੀਤਾ ਹੈ। ਨਵਾਂ ਭਵਨ ਜਿੱਥੇ ਅੰਗਰੇਜ਼ਾਂ ਦੀ ਦਾਸਤਾਂ ਨੂੰ ਮਨ ਅਤੇ ਦਿਮਾਗ ਤੋਂ ਉਤਾਰ ਕੇ ਆਜ਼ਾਦੀ ਦਾ ਅਹਿਸਾਸ ਕਰਵਾਉਂਦਾ ਹੈ, ਉੱਥੇ ਹੀ ਸਾਡੇ ਬੀਤੇ ਸਮੇਂ ਅਤੇ ਵਿਰਾਸਤ ਦੀ ਕਹਾਣੀ ਵੀ ਬਿਆਨ ਕਰਦਾ ਹੈ। ਕਈ ਵਿਦੇਸ਼ੀ ਅਖਬਾਰ ਅਕਸਰ ਲਿਖਦੇ ਰਹੇ ਹਨ ਕਿ ਆਜ਼ਾਦ ਭਾਰਤ 77 ਸਾਲਾਂ ’ਚ ਆਪਣੀ ਪਾਰਲੀਮੈਂਟ ਤੱਕ ਨਹੀਂ ਬਣਾ ਸਕਿਆ। ਦੇਸ਼ ਦੀਆਂ ਪਹਿਲਾਂ ਦੀਆਂ ਸਰਕਾਰਾਂ ਨੇ ਇਸ ਦੀ ਲੋੜ ਮਹਿਸੂਸ ਕੀਤੀ ਸੀ ਪਰ ਬੁਲੰਦ ਇਰਾਦੇ ਦੇ ਧਨੀ, ਮਾਣਯੋਗ ਮੋਦੀ ਜੀ ਨੇ ਹੀ ਇਸ ਸੁਪਨੇ ਨੂੰ ਸਾਕਾਰ ਕਰ ਕੇ ਦਿਖਾਇਆ। ਉਂਝ ਤਾਂ ਭਾਰਤ ਵੱਲੋਂ ਇੰਡੀਆ ਗੇਟ ਤੋਂ ਕਿੰਗ ਜਾਰਜ ਪੰਚਮ ਦੇ ਬੁੱਤ ਨੂੰ ਉਤਾਰ ਕੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਮੂਰਤੀ ਸਥਾਪਿਤ ਕਰਨਾ ਤੇ ਮੋਦੀ ਸਰਕਾਰ ਵੱਲੋਂ ‘ਰਾਜਪਥ’ ਨੂੰ ‘ਕਰਤਵਯ ਪਥ’ ਕਰਨਾ ਆਦਿ ਕਈ ਕੰਮਾਂ ਨਾਲ ਗੁਲਾਮੀ ਨੂੰ ਖਤਮ ਕਰਨ ਦਾ ਹਰ ਸੰਭਵ ਯਤਨ ਕੀਤਾ ਗਿਆ ਹੈ। ਉੱਥੇ ਨਵੇਂ ਸੰਸਦ ਭਵਨ ਦੇ ਨਿਰਮਾਣ ਨੇ ਇਸ ’ਚ ਮੀਲ ਦੇ ਪੱਥਰ ਦਾ ਕੰਮ ਕੀਤਾ ਹੈ। ਨਵਾਂ ਭਵਨ ਨਵੀਂ ਸੋਚ, ਨਵੀਂ ਉਮੰਗ ਅਤੇ ਨਵੇਂ ਭਾਰਤ ਦਾ ਹੀ ਨਹੀਂ ਵਿਸ਼ਵ ਦੇ ਮੰਗਲਮਈ ਭਵਿੱਖ ਦੀ ਆਧਾਰਸ਼ਿਲਾ ਵੀ ਹੈ। ਇਹ ਭਵਨ ਰਾਸ਼ਟਰ ਭਗਤੀ, ਰਾਸ਼ਟਰ ਸਨਮਾਨ ਤੇ ਰਾਸ਼ਟਰ ਮਾਣ ਦਾ ਜਿਊਂਦਾ-ਜਾਗਦਾ ਪ੍ਰਤੀਬਿੰਬ ਹੈ।

ਗਊਮੁੱਖ ਦਾ ਅਹਿਸਾਸ ਕਰਾਉਂਦੇ ਇਸ ਭਵਨ ਦੇ ਗੁੰਬਦ ’ਤੇ ਰਾਸ਼ਟਰੀ ਚਿੰਨ੍ਹ, ਰਾਸ਼ਟਰੀ ਪੰਛੀ ਮੋਰ, ਰਾਸ਼ਟਰੀ ਫੁੱਲ ‘ਕਮਲ’ ਦਾ ਥੀਮ, ਮਹਾਪੁਰਖਾਂ ਦੀਆਂ ਵੱਖ-ਵੱਖ ਤਰ੍ਹਾਂ ਨਾਲ ਗਾਥਾਵਾਂ ਦੀ ਪੇਸ਼ਕਾਰੀ, ਅਖੰਡ ਭਾਰਤ ਦਾ ਨਕਸ਼ਾ, ਇਸ ਸੁਪਨੇ ਨੂੰ ਸੱਚ ਕਰਨ ਦੀ ਪ੍ਰੇਰਨਾ ਨਾਲ ਭਰਪੂਰ, ਕਦਮ-ਕਦਮ ’ਤੇ ਭਾਰਤ ਮਾਤਾ ਦੇ ਮਾਣ ਦੀ ਕਹਾਣੀ ਗਾਉਣ ਤੇ ਉਸ ’ਤੇ ਕਾਰਜਸ਼ੀਲ ਹੋਣ ਦੀ ਦਿਸ਼ਾ ’ਚ ਮਾਰਗਦਰਸ਼ਨ ਕਰਦਾ ਹੈ। ਇਹ ਭਵਨ ਭਾਰਤ ਦੇ ਬੀਤੇ ਸਮੇਂ ਤੋਂ ਮੌਜੂਦਾ ਸਮੇਂ ਤੱਕ ਦੇ ਸਫਰ ਦੇ ਦਰਸ਼ਨ ਵੀ ਕਰਵਾਉਂਦਾ ਹੈ। ਰਿਸ਼ੀਆਂ-ਮੁਨੀਆਂ ਦੀ ਇਸ ਪਾਵਨ ਪਵਿੱਤਰ ਭੂਮੀ ਹਿੰਦੁਸਤਾਨ ’ਚ ਸਦੀਆਂ ਤੋਂ ਇੱਥੋਂ ਦੇ ਹਾਕਮ ਨੂੰ ਰਾਜ ਕਰਨ ਦੀਆਂ ਸ਼ਕਤੀਆਂ ਪ੍ਰਮਾਤਮਾ ਵੱਲੋਂ ਦਿੱਤੇ ਤੋਹਫੇ ਵਜੋਂ ਮੰਨੀਆਂ ਜਾਂਦੀਆਂ ਹਨ ਅਤੇ ਉਸ ਨੂੰ ਧਰਮ ਮੁਤਾਬਕ ਚਲਾਉਣ ਲਈ ‘ਰਾਜਦੰਡ’ ਦੀ ਵਿਵਸਥਾ ਰਹੀ ਹੈ। ਅਜਿਹਾ ਧਾਰਮਿਕ ਚਿੰਨ੍ਹ ‘ਸੇਂਗੋਲ’ ਜੋ ਕਿ ਲੋਕ ਸਭਾ ’ਚ ਸਪੀਕਰ ਦੇ ਅਧਿਕਾਰ ਦੀ ਨੁਮਾਇੰਦਗੀ ਕਰਦਾ ਹੈ, ਜਿਸ ਨੂੰ 15 ਅਗਸਤ, 1947 ਨੂੰ ਅੰਗਰੇਜ਼ਾਂ ਵੱਲੋਂ ਭਾਰਤ ਨੂੰ ਸੱਤਾ ਟ੍ਰਾਂਸਫਰ ਕਰਦੇ ਹੋਏ ਰਸਮੀ ਤੌਰ ’ਤੇ ਨਹਿਰੂ ਜੀ ਨੂੰ ਸੌਂਪਿਆ ਗਿਆ ਸੀ, ਅਜਿਹੇ ਰਾਸ਼ਟਰੀ ਮਾਣ ਨੂੰ ਸੰਸਦ ਭਵਨ ’ਚ ਸਥਾਪਿਤ ਕਰ ਕੇ ਮੋਦੀ ਜੀ ਨੇ ਦੇਸ਼ ਦੀਆਂ ਮਾਨਤਾਵਾਂ ਤੇ ਸੱਭਿਅਤਾ ਪ੍ਰਤੀ ਆਪਣੀ ਵਚਨਬੱਧਤਾ ਵੀ ਪ੍ਰਗਟ ਕੀਤੀ ਹੈ। ਇਹ ਦੰਡ ਦੇਸ਼ ਚਲਾਉਣ ਵਾਲੀ ਲੀਡਰਸ਼ਿਪ ਨੂੰ ਆਪਣੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਵੀ ਕਰਵਾਉਂਦਾ ਰਹੇਗਾ ਅਤੇ ਉਨ੍ਹਾਂ ਨੂੰ ਧਰਮ ਮੁਤਾਬਕ ਕੰਮ ਕਰਨ ਲਈ ਪ੍ਰੇਰਿਤ ਵੀ ਕਰੇਗਾ।

ਵਿਦੇਸ਼ੀ ਹਾਕਮਾਂ ਵੱਲੋਂ ਤਾਜਮਹੱਲ ਬਣਾਉਣ ਵਾਲੇ ਕਾਰੀਗਰਾਂ ਦੇ ਹੱਥ ਕੱਟ ਕੇ, ਕਲੰਕਿਤ ਕਰਨ ਵਾਲੀ ਇਸ ਜ਼ਮੀਨ ’ਤੇ ਆਪਣਾ ਪਸੀਨਾ ਵਹਾਅ ਕੇ ਇਸ ਭਵਨ ਦੀ ਸੁੰਦਰਤਾ ’ਚ ਚਾਰ ਚੰਨ ਲਗਾਉਣ ਵਾਲੇ 60 ਹਜ਼ਾਰ ਕਾਰੀਗਰਾਂ ਨੂੰ ਸਨਮਾਨ ਦੇ ਕੇ, ਉਸ ਪਾਪ ਨੂੰ ਧੋਣ ਦਾ ਪਵਿੱਤਰ ਕੰਮ ਵੀ ਪ੍ਰਧਾਨ ਮੰਤਰੀ ਜੀ ਨੇ ਕੀਤਾ। ਚੀਨ, ਜੋ ਕਿ ਭਾਰਤ ਦਾ ਘੋਰ ਵਿਰੋਧੀ ਹੈ, ਉਸ ਦੇ ਮੁੱਖ ਪੱਤਰ ਸਰਕਾਰੀ ਅਖਬਾਰ ‘ਗਲੋਬਲ ਟਾਈਮਜ਼’ ਦੀ ਪੂਰੀ ਟੀਮ ਨੇ ਇਸ ਸੰਸਦ ਭਵਨ ਦੇ ਨਿਰਮਾਣ ਨੂੰ ਲੈ ਕੇ ਭਾਰਤ ਦੀਆਂ ਤਾਰੀਫਾਂ ਦੇ ਪੁਲ ਬੰਨ੍ਹੇ ਹਨ ਅਤੇ ਭਾਰਤ ਨੂੰ ਕੋਲੋਨੀਅਲ ਕਾਲ ਤੋਂ ਬਾਹਰ ਕੱਢ ਕੇ ਆਜ਼ਾਦ ਦੇਸ਼ ਦੀ ਮਾਨਸਿਕਤਾ ਵੱਲ ਵਧਾਇਆ ਇਕ ਮਜ਼ਬੂਤ ਕਦਮ ਅਤੇ ਆਤਮਨਿਰਭਰ ਭਾਰਤ ਦਾ ਸੂਰਜ ਉਦੈ ਹੋਣਾ ਦੱਸਿਆ ਹੈ। ਦੁਨੀਆ ਦੇ ਕਈ ਦੇਸ਼ਾਂ ਨੇ ਨਰਿੰਦਰ ਮੋਦੀ ਜੀ ਤੇ ਉਨ੍ਹਾਂ ਦੀ ਸਰਕਾਰ ਨੂੰ ਵਧਾਈ ਦਿੱਤੀ ਹੈ। ਦੇਸ਼ ਦੇ ਵਧੇਰੇ ਬੁੱਧੀਜੀਵੀ ਲੇਖਕਾਂ ਅਤੇ ਵਿਚਾਰਕਾਂ ਨੇ ਪ੍ਰਤੱਖ ਜਾਂ ਅਪ੍ਰੱਤਖ ਤੌਰ ’ਤੇ ਇਸ ਭਵਨ ਬਾਰੇ ਚੰਗੀ ਭਾਵਨਾ ਪ੍ਰਗਟ ਕੀਤੀ ਹੈ।

ਉਦਘਾਟਨ ਦੇ ਇਸ ਸ਼ੁੱਭ ਮੌਕੇ ’ਤੇ ਸਾਰੇ ਧਰਮਾਂ ਵੱਲੋਂ ਵਿਧੀਪੂਰਵਕ ਪੂਜਾ ਕਰਵਾ ਕੇ ਅਤੇ ਤਮਿਲਨਾਡੂ ਤੋਂ ਗੈਰ-ਬ੍ਰਾਹਮਣ ਸੰਤਾਂ ਨੂੰ ਸ਼ਾਮਲ ਕਰ ਕੇ ਪ੍ਰਧਾਨ ਮੰਤਰੀ ਜੀ ਨੇ ਇਹ ਸਬੂਤ ਵੀ ਦੇ ਦਿੱਤਾ ਕਿ ਭਾਜਪਾ ਅੱਜ ਦੇਸ਼ ਦੀ ਸਰਵ-ਵਿਆਪਕ, ਸਾਰਿਆਂ ਦੇ ਮੰਨਣਯੋਗ ਅਤੇ ਸਮਾਵੇਸ਼ੀ ਪਾਰਟੀ ਹੈ ਜੋ ਸਾਰੇ ਧਰਮਾਂ ਤੇ ਪੰਥਾਂ ਦਾ ਸਮਾਨ ਤੌਰ ’ਤੇ ਆਦਰ-ਸਨਮਾਨ ਕਰਦੀ ਹੈ। ਅਜਿਹਾ ਕਰਦੇ ਹੋਏ ਸਰਕਾਰ ਨੇ ਜਿਥੇ ਵਿਰੋਧੀਆਂ ਵੱਲੋਂ ਫੈਲਾਏ ਉਸ ਝੂਠ ਦਾ ਪਰਦਾਫਾਸ਼ ਕੀਤਾ ਕਿ ਭਾਜਪਾ ਘੱਟਗਿਣਤੀ ਜਾਂ ਦਲਿਤ ਵਿਰੋਧੀ ਹੈ, ਉੱਥੇ ਰਾਸ਼ਟਰ ਧਰਮ ਹੀ ਸਭ ਤੋਂ ਉਪਰ ਹੈ, ਅਜਿਹਾ ਸਾਬਤ ਵੀ ਕੀਤਾ ਹੈ। ਪਰ ਦੇਸ਼ ’ਚ ਕੁਝ ਵਿਰੋਧੀ ਪਾਰਟੀਆਂ, ਉਨ੍ਹਾਂ ਦੇ ਹਮਾਇਤੀ ਬੁੱਧੀਜੀਵੀਆਂ ਤੇ ਲੇਖਕਾਂ ਨੇ ਇਨ੍ਹਾਂ ਸ਼ਾਨਮਈ ਪਲਾਂ ਨੂੰ ਹਲਕੀ ਸਿਆਸਤ ਦੀ ਬੇਦੀ ’ਤੇ ਚੜ੍ਹਾ ਦਿੱਤਾ। ਇਸ ਭਵਨ ਦੀ ਸ਼ੁਰੂਆਤੀ ਯੋਜਨਾ ਦੀ ਚਰਚਾ ਤੋਂ ਲੈ ਕੇ ਭਵਨ ਦੇ ਉਦਘਾਟਨ ਤੱਕ ਵਿਰੋਧੀ ਧਿਰ ਨੇ ਸਸਤੀ ਲੋਕਪ੍ਰਿਯਤਾ ਲਈ ਵੱਖ-ਵੱਖ ਮੁੱਦਿਆਂ ’ਤੇ ਸਵਾਲ ਖੜ੍ਹੇ ਕਰ ਕੇ ਇਸ ਯੋਜਨਾ ਨੂੰ ਰੋਕਣ ਦਾ ਹਰ ਸੰਭਵ ਯਤਨ ਕੀਤਾ। ਲੋਕਤੰਤਰੀ ਵਿਵਸਥਾ ’ਚ ਮਜ਼ਬੂਤ ਵਿਰੋਧੀ ਧਿਰ ਦਾ ਹੋਣਾ ਦੇਸ਼ ਦੀ ਤਰੱਕੀ ਲਈ ਜ਼ਰੂਰੀ ਹੈ ਪਰ ਮੋਦੀ ਜੀ ਜਾਂ ਸਰਕਾਰ ਦਾ ਵਿਰੋਧ ਕਰਦੇ ਹੋਏ ਉਹ ਦੇਸ਼ ਦਾ ਵਿਰੋਧ ਨਾ ਬਣ ਜਾਵੇ, ਅਜਿਹੀ ਸੰਵੇਦਨਾ ਤਾਂ ਵਿਰੋਧੀ ਧਿਰ ’ਚ ਹੋਣੀ ਹੀ ਚਾਹੀਦੀ ਹੈ। ਜਿਸ ਸੰਸਦ ’ਚ ਆਪਣੀ ਹਾਜ਼ਰੀ ਦਰਜ ਕਰਵਾਉਣ ਲਈ ਸਾਰੇ ਸਿਆਸਤਦਾਨ ਅਤੇ ਸਿਆਸੀ ਪਾਰਟੀਆਂ ਹਮੇਸ਼ਾ ਕਾਰਜਸ਼ੀਲ ਰਹਿੰਦੀਆਂ ਹੋਣ, ਉਸ ਦਾ ਵਿਰੋਧ ਮਾਨਸਿਕ ਕਮਜ਼ੋਰੀ ਨਹੀਂ ਤਾਂ ਹੋਰ ਕੀ ਹੈ। ਜੋ ‘ਰਾਮ’ ਦੇਸ਼ ਦੇ ਕਣ-ਕਣ ’ਚ ਵਸੇ ਹੋਣ, ਉਨ੍ਹਾਂ ਦੇ ਮੰਦਰ ਦਾ, ਜਿਸ ਸੇਂਗੋਲ ਦਾ ਇਤਿਹਾਸ ਸਾਡੇ ਅਤੀਤ ‘ਚੋਲ’ ਸਾਮਰਾਜ ਤੋਂ ਮੌਜੂਦਾ ਸਮੇਂ ’ਚ ਜਵਾਹਰ ਲਾਲ ਨਹਿਰੂ ਨਾਲ ਜੁੜਿਆ ਹੋਵੇ, ਉਸ ਵਿਰਾਸਤ ਦਾ, ਜੋ ਭਵਨ ਦੇਸ਼ ਦੇ ਲੋਕਤੰਤਰ ਦਾ ਮੰਦਰ ਹੋਵੇ, ਉਸ ਭਵਨ ਦੇ ‘ਵਿਰੋਧ’ ਨੂੰ ਸਿਆਸੀ ਵਿਰੋਧ ਤਾਂ ਕਦੀ ਨਹੀਂ ਕਿਹਾ ਜਾ ਸਕਦਾ।

ਪ੍ਰਵੀਨ ਬਾਂਸਲ
(ਸਾਬਕਾ ਜਨਰਲ ਸਕੱਤਰ, ਭਾਜਪਾ, ਪੰਜਾਬ)


Anuradha

Content Editor

Related News