ਇਸਲਾਮਿਕ ਜੇਹਾਦ ਦੀ ਵਧਦੀ ਦਰਿੰਦਗੀ

Wednesday, Sep 26, 2018 - 06:45 AM (IST)

ਇਸਲਾਮਿਕ  ਜੇਹਾਦ ਦੀ ਦਰਿੰਦਗੀ ਦੇ ਨਵੇਂ ਅੰਕੜਿਆਂ ਨੇ ਦੁਨੀਆ ਨੂੰ ਸ਼ਰਮਸਾਰ ਕਰ ਦਿੱਤਾ ਹੈ, ਚਿੰਤਾ ’ਚ ਪਾ ਦਿੱਤਾ ਹੈ ਅਤੇ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਆਖਿਰ ਇਸ ਦਰਿੰਦਗੀ ਨੂੰ ਰੋਕਣ ਦੀ ਨੀਤੀ ਤੇ ਸਿਧਾਂਤ ਕੀ ਹਨ? ਹੁਣ ਤਕ ਜਿੰਨੇ ਵੀ ਯਤਨ ਹੋਏ ਹਨ, ਉਹ ਸਾਰੇ ਨਾਕਾਫੀ ਤੇ ਬੇਅਸਰ ਸਿੱਧ ਹੋਏ ਹਨ।
ਇਸਲਾਮਿਕ ਅੱਤਵਾਦ ਨਾਲ ਜੁੜੀ ਨਫਰਤ ਤੇ ਹਿੰਸਾ ਦਾ ਦਾਇਰਾ ਦਿਨੋ-ਦਿਨ ਵਧਦਾ ਹੀ ਜਾ ਰਿਹਾ ਹੈ। ਸੱਭਿਅਤਾਸ਼ੀਲ ਅਤੇ ਵਿਕਸਿਤ ਸਮਾਜਿਕ ਵਿਵਸਥਾ ਵਾਲੇ ਦੇਸ਼ਾਂ ’ਚ ਹੀ ਇਸਲਾਮਿਕ ਨਫਰਤ ਤੇ ਹਿੰਸਾ ਨੇ ਆਪਣੇ ਪੈਰ ਪਸਾਰੇ ਹਨ। ਹੁਣ ਇਥੇ ਸਵਾਲ ਇਹ ਉੱਠਦਾ ਹੈ ਕਿ ਇਸਲਾਮਿਕ ਦਰਿੰਦਗੀ, ਹਿੰਸਾ ਅਤੇ ਨਫਰਤ ਦੇ ਅੰਕੜੇ ਕੀ ਹਨ? ਇਹ ਅੰਕੜੇ ਕਿਸ ਨੇ ਤਿਆਰ ਕੀਤੇ ਅਤੇ ਕਿੰਨੇ ਚਾਕ-ਚੌਬੰਦ ਹਨ?  ਕੀ ਇਨ੍ਹਾਂ ਅੰਕੜਿਆਂ ਤੋਂ ਦੁਨੀਆ ਕੋਈ ਸਬਕ ਲਵੇਗੀ ਅਤੇ ਇਸਲਾਮਿਕ ਦਰਿੰਦਗੀ ਵਿਰੁੱਧ ਕੋਈ ਤਿੱਖੀ ਮੁਹਿੰਮ ਚਲਾਏਗੀ?
ਇਸਲਾਮਿਕ ਦਰਿੰਦਗੀ ਦਾ ਨਵਾਂ ਅੰਕੜਾ ਇਹ ਹੈ ਕਿ 2017 ’ਚ ਇਸਲਾਮਿਕ ਅੱਤਵਾਦੀਆਂ ਨੇ ਦੁਨੀਆ ਭਰ ’ਚ 84 ਹਜ਼ਾਰ ਤੋਂ ਜ਼ਿਆਦਾ ਬੇਕਸੂਰ ਲੋਕਾਂ ਦੀਆਂ ਜਾਨਾਂ ਲਈਆਂ, ਹਜ਼ਾਰਾਂ ਨਾਬਾਲਗ ਕੁੜੀਆਂ ਦੀ ਇੱਜ਼ਤ ਲੁੱਟੀ, ਹਜ਼ਾਰਾਂ ਨਾਬਾਲਗ ਕੁੜੀਆਂ ਨੂੰ ਸੈਕਸ ਗੁਲਾਮ ਬਣਾ ਕੇ ਰੱਖਿਆ। ਇਸਲਾਮਿਕ ਅੱਤਵਾਦੀਆਂ ਨੇ ਕੋਈ ਇਕ-ਦੋ ਨਹੀਂ ਸਗੋਂ 66 ਦੇਸ਼ਾਂ ’ਚ ਹਿੰਸਾ ਦੀ ਖਤਰਨਾਕ ਸਾਜ਼ਿਸ਼ ਰਚੀ ਹੈ ਤੇ ਇਸ ਨੂੰ ਅੰਜਾਮ ਵੀ ਦਿੱਤਾ ਹੈ। ਇਸਲਾਮਿਕ ਅੱਤਵਾਦੀ 121 ਦੇਸ਼ਾਂ ’ਚ ਸਰਗਰਮ ਹਨ, ਜਿਥੇ ਉਨ੍ਹਾਂ ਦਾ ਸਰਗਰਮ ਨੈੱਟਵਰਕ ਹੈ। ਇਸ ਨੈੱਟਵਰਕ ਨੂੰ ਤੋੜਣ ’ਚ ਸੁਰੱਖਿਆ ਏਜੰਸੀਆਂ ਵੀ ਨਾਕਾਮ ਰਹੀਆਂ ਹਨ।
ਸਭ ਤੋਂ ਵੱਧ ਖਤਰਾ ਉਨ੍ਹਾਂ ਦੇਸ਼ਾਂ ’ਤੇ ਵਧਿਆ ਹੈ, ਜਿਥੇ ਇਸਲਾਮਿਕ ਰਾਜ ਨਹੀਂ ਹੈ ਪਰ ਇਸਲਾਮਿਕ ਰਾਜ ਲਈ ਕਿਸੇ ਨਾ ਕਿਸੇ ਤਰ੍ਹਾਂ ਦੀ ਮਜ਼੍ਹਬੀ ਹਿੰਸਕ ਮੁਹਿੰਮ ਜਾਰੀ ਹੈ। ਇਸਲਾਮਿਕ ਅੱਤਵਾਦੀ ਸ਼ਰੇਆਮ ਕਹਿੰਦੇ ਹਨ  ਕਿ ਦੁਨੀਆ ਨੂੰ ਕੁਰਾਨ ਦਾ ਸ਼ਾਸਨ ਮੰਨਣਾ ਹੀ ਪਵੇਗਾ, ਨਹੀਂ ਤਾਂ ਹਿੰਸਾ ਦਾ ਸ਼ਿਕਾਰ ਹੋਣਾ ਪਵੇਗਾ। ਇਸਲਾਮਿਕ ਅੱਤਵਾਦੀ ਹਥਿਆਰਾਂ ਦੇ ਦਮ ’ਤੇ ਪੂਰੀ ਦੁਨੀਆ ’ਚ ਕੁਰਾਨ ਦਾ ਸ਼ਾਸਨ ਲਾਗੂ ਕਰਨ ਦੀ ਗੱਲ ਕਹਿੰਦੇ ਹਨ।
ਇਹ ਅੰਕੜੇ ਅਤੇ ਸਿੱਟੇ ਬ੍ਰਿਟੇਨ ਦੀ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ ਦੀ ਸੰਸਥਾ ‘ਇੰਸਟੀਚਿਊਟ ਫਾਰ ਗਲੋਬਲ ਚੇਂਜ’ ਨੇ ਦਿੱਤੇ ਹਨ। ਕੁਝ ਸਮਾਂ ਪਹਿਲਾਂ ਤਕ ਦੁਨੀਆ ਵੀ ਖੁਸ਼ਫਹਿਮੀ ਦੀ ਸ਼ਿਕਾਰ ਹੋ ਗਈ ਸੀ। ਹੁਣ ਇਥੇ ਸਵਾਲ ਇਹ ਹੈ ਕਿ ਆਖਿਰ ਦੁਨੀਆ ਖੁਸ਼ਫਹਿਮੀ ਦੀ ਸ਼ਿਕਾਰ ਕਿਉਂ ਹੋ ਗਈ ਸੀ? ਅਸਲ ’ਚ ਦੁਨੀਆ ਇਸਲਾਮਿਕ ਅੱਤਵਾਦ ਨਾਲ ਜੁੜੀ ਧਾਰਨਾ ਬਾਰੇ ਚਾਕ-ਚੌਬੰਦ ਸਮਝ ਵਿਕਸਿਤ ਨਹੀਂ ਕਰ ਸਕੀ ਸੀ। ਇਰਾਕ ’ਚ ਆਈ. ਐੱਸ. ਦੀ ਹਾਰ ਤੋਂ ਬਾਅਦ ਦੁਨੀਆ ਨੇ ਇਹ ਸਮਝ ਲਿਆ ਸੀ ਕਿ ਇਸਲਾਮਿਕ ਅੱਤਵਾਦ ਅਤੇ ਇਸਲਾਮਿਕ ਨਫਰਤ ’ਤੇ ਜਿੱਤ ਮਿਲ ਚੁੱਕੀ ਹੈ ਅਤੇ ਹੁਣ ਦੁਨੀਆ ਇਸ ਤੋਂ ਪੂਰੀ ਤਰ੍ਹਾਂ ਮੁਕਤ ਹੋ ਜਾਵੇਗੀ।
ਦੁਨੀਆ ਨੇ ਇਹ ਵੀ ਸਮਝ ਲਿਆ ਸੀ ਕਿ ਇਸਲਾਮਿਕ ਅੱਤਵਾਦੀਆਂ ਦਾ 121 ਦੇਸ਼ਾਂ ’ਚ ਜੋ ਨੈੱਟਵਰਕ ਕਾਇਮ ਹੈ, ਉਹ ਹੁਣ ਆਸਾਨੀ ਨਾਲ ਖਤਮ ਕਰ ਦਿੱਤਾ ਜਾਵੇਗਾ। ਟੋਨੀ ਬਲੇਅਰ ਦੀ ਸੰਸਥਾ ਦੇ ਨਵੇਂ ਅੰਕੜਿਆਂ ਅਤੇ ਸਿੱਟਿਆਂ ਨੇ ਸਿੱਧ ਕਰ ਦਿੱਤਾ ਹੈ ਕਿ ਦੁਨੀਆ ਖੁਸ਼ਫਹਿਮੀ ਦੀ ਸ਼ਿਕਾਰ ਸੀ। ਇਰਾਕ ’ਚ ਆਈ. ਐੱਸ. ਦੀ ਹਾਰ ਜ਼ਰੂਰ ਹੋਈ ਹੈ ਪਰ ਇਹ ਕਹਿਣਾ ਮੁਸ਼ਕਿਲ ਹੈ ਕਿ ਇਰਾਕ ’ਚ ਆਈ. ਐੱਸ. ਪੂਰੀ ਤਰ੍ਹਾਂ ਖਤਮ ਹੋ ਗਿਆ ਹੈ। ਖਬਰ ਤਾਂ ਇਹ ਵੀ ਹੈ ਕਿ ਇਰਾਕ ’ਚ ਆਈ. ਐੱਸ. ਅਸਿੱਧੇ ਤੌਰ ’ਤੇ ਸਰਗਰਮ ਹੈ। ਖਾਸ ਕਰ ਕੇ ਸੁੰਨੀ ਮੁਸਲਿਮ ਭਾਈਚਾਰੇ ’ਚ ਅੱਜ ਵੀ ਆਈ. ਐੱਸ. ਨੂੰ ਲੈ ਕੇ ਹਮਦਰਦੀ ਹੈ।
ਇਹ ਜਾਣਨਾ ਜ਼ਰੂਰੀ ਹੈ ਕਿ ਇਰਾਕ ਅੰਦਰ ਸ਼ੀਆ ਮੁਸਲਿਮ ਭਾਈਚਾਰਾ ਬਹੁਗਿਣਤੀ ਹੈ ਤੇ ਸੰਨੀ ਮੁਸਲਿਮ ਭਾਈਚਾਰੇ ਦੀ ਗਿਣਤੀ ਘੱਟ ਹੈ। ਆਈ. ਐੱਸ. ਵੀ ਸੁੰਨੀ ਅੱਤਵਾਦੀ ਸੰਗਠਨ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਕਦੇ ਆਈ. ਐੱਸ. ਇਰਾਕ ਅਤੇ ਸੀਰੀਆ ’ਚ ਹੀ ਸਰਗਰਮ ਸੀ ਪਰ ਹੁਣ ਆਈ. ਐੱਸ. ਨੇ ਇਰਾਕ ਤੇ ਸੀਰੀਆ ’ਚੋਂ ਬਾਹਰ ਨਿਕਲ ਕੇ ਪੂਰੀ ਦੁਨੀਆ ’ਚ ਆਪਣੇ ਪੈਰ ਪਸਾਰ ਲਏ ਹਨ, ਆਪਣਾ ਨੈੱਟਵਰਕ ਕਾਇਮ ਕਰ ਲਿਆ ਹੈ। ਇਸਲਾਮ ਦੇ ਨਾਂ ’ਤੇ ਦੁਨੀਆ ਭਰ ਤੋਂ ਜੋ ਮੁਸਲਿਮ ਨੌਜਵਾਨ ਮੁੰਡੇ-ਕੁੜੀਆਂ ਆਈ. ਐੱਸ. ’ਚ ਸ਼ਾਮਲ ਹੋਏ ਸਨ ਅਤੇ ਆਈ. ਐੱਸ. ਲਈ ਲੜੇ  ਸਨ, ਉਹ ਹਾਰ ਤੋਂ ਬਾਅਦ ਆਪੋ-ਆਪਣੇ ਦੇਸ਼ ਪਰਤ ਚੁੱਕੇ ਹਨ ਅਤੇ ਉਥੇ ਰਹਿ ਕੇ ਇਸਲਾਮ ਦੇ ਰਾਜ ਲਈ ਜੇਹਾਦ ਕਰ ਰਹੇ ਹਨ।
ਦੁਨੀਆ ’ਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਆਈ. ਐੱਸ. ਹੀ ਇਕੋ-ਇਕ ਅੱਤਵਾਦੀ ਸੰਗਠਨ ਨਹੀਂ ਹੈ, ਇਸ ਤੋਂ ਇਲਾਵਾ 200 ਤੋਂ ਜ਼ਿਆਦਾ ਮੁਸਲਿਮ ਅੱਤਵਾਦੀ ਸੰਗਠਨ ਦੁਨੀਆ ’ਚ ਸਰਗਰਮ ਹਨ, ਜੋ ਸਿੱਧੇ ਤੌਰ ’ਤੇ ਇਸਲਾਮ ਦੀਆਂ ਮਾਨਤਾਵਾਂ ਨੂੰ ਲੈ ਕੇ ਜੇਹਾਦੀ ਮਾਨਸਿਕਤਾ ਰੱਖਦੇ ਹਨ। ਇੰਨਾ ਹੀ ਨਹੀਂ, ਸਥਾਨਕ ਪੱਧਰ ’ਤੇ ਦੁਨੀਆ ’ਚ ਹਜ਼ਾਰਾਂ ਲੱਖਾਂ ਮੁਸਲਿਮ ਅੱਤਵਾਦੀ ਸੰਗਠਨ ਹਨ। ਸਥਾਨਕ ਪੱਧਰ ਦਾ ਮੁਸਲਿਮ ਅੱਤਵਾਦੀ ਸੰਗਠਨ ਵੀ ਘੱਟ ਖਤਰਨਾਕ ਨਹੀਂ ਹੁੰਦਾ। ਉਹ ਵੱਡੇ ਅੱਤਵਾਦੀ ਸੰਗਠਨਾਂ ਲਈ ਜ਼ਮੀਨ ਤਿਆਰ ਕਰਦਾ ਹੈ, ਅੱਤਵਾਦੀ ਮਾਨਸਿਕਤਾ ਦਾ ਪ੍ਰਚਾਰ-ਪ੍ਰਸਾਰ ਕਰਦਾ ਹੈ। ਵੱਡੇ ਅੱਤਵਾਦੀ ਸੰਗਠਨ ਵਿਰੁੱਧ ਕਾਰਵਾਈ ਕਰਨੀ ਸੌਖੀ ਹੁੰਦੀ ਹੈ ਪਰ ਸਥਾਨਕ ਪੱਧਰ ’ਤੇ ਸਰਗਰਮ ਅੱਤਵਾਦੀ ਸੰਗਠਨਾਂ ਵਿਰੁੱਧ ਕਾਰਵਾਈ ਕਰਨੀ ਮੁਸ਼ਕਿਲ ਹੁੰਦੀ ਹੈ ਕਿਉਂਕਿ ਉਨ੍ਹਾਂ ਦੀ ਪਛਾਣ ਬਹੁਤ ਗੁਪਤ ਹੁੰਦੀ ਹੈ। ਅਜਿਹੇ ਸੰਗਠਨਾਂ ਦੀ ਪਛਾਣ ਜ਼ਾਹਿਰ ਕਰਨ ਨੂੰ ਮੁਸਲਿਮ ਭਾਈਚਾਰੇ ਇਸਲਾਮ-ਵਿਰੋਧੀ ਮੰਨ ਲੈਂਦੇ ਹਨ। ਇਹੋ ਵਜ੍ਹਾ ਹੈ ਕਿ ਖਤਰਨਾਕ ਅੱਤਵਾਦੀ ਸੰਗਠਨਾਂ ਲਈ ਜ਼ਮੀਨ ਤਿਆਰ ਕਰਨ ਵਾਲੇ  ਸਥਾਨਕ ਪੱਧਰ ਦੇ ਅੱਤਵਾਦੀ ਸੰਗਠਨਾਂ ਵਿਰੁੱਧ ਕਾਰਵਾਈ ’ਚ ਸਫਲਤਾ ਨਹੀਂ ਮਿਲਦੀ।
ਅਫਰੀਕੀ ਦੇਸ਼ਾਂ ’ਚ ਇਸਲਾਮਿਕ ਹਿੰਸਾ ਨੇ ਕੁਝ ਜ਼ਿਆਦਾ ਹੀ ਮੁਸ਼ਕਿਲ ਖੜ੍ਹੀ ਕਰ ਦਿੱਤੀ ਹੈ, ਖਾਸ ਕਰ ਕੇ ਔਰਤਾਂ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਹੈ। ਕਈ ਅਫਰੀਕੀ ਦੇਸ਼ ਇਸਲਾਮਿਕ ਅੱਤਵਾਦ ਦੀ ਲਪੇਟ ’ਚ ਹਨ। ਸੂਡਾਨ, ਨਾਈਜੀਰੀਆ, ਸੋਮਾਲੀਆ, ਸੇਨੇਗਲ, ਇਥੋਪੀਆ ਵਰਗੇ ਦਰਜਨਾਂ ਦੇਸ਼ ਹਨ, ਜਿਥੇ ਇਸਲਾਮ ਦੇ ਰਾਜ ਲਈ ਖਾਨਾਜੰਗੀ ਜਾਰੀ ਹੈ। ‘ਬੋਕੋਹਰਮ’ ਨਾਮੀ ਇਸਲਾਮਿਕ ਸੰਗਠਨ ਆਈ. ਐੱਸ. ਤੋਂ ਵੀ ਖਤਰਨਾਕ ਹੈ, ਜਿਸ ਨੇ ਈਸਾਈਅਤ ਨੂੰ ਖਤਮ ਕਰਨ ਦੀ ਸਹੁੰ ਖਾਧੀ ਹੋਈ ਹੈ। ਅਫਰੀਕਾ ’ਚ ਈਸਾਈਅਤ ਤੇ ਇਸਲਾਮ ਵਿਚਾਲੇ ਮਾਰਾਮਾਰੀ ਚੱਲ ਰਹੀ ਹੈ ਤੇ ਪ੍ਰਭੂਸੱਤਾ ਲਈ ਹਿੰਸਾ ਵੀ ਜ਼ੋਰਾਂ ’ਤੇ ਹੈ।
ਈਸਾਈ ਜਿਥੇ ਸਵੈ-ਰੱਖਿਆ ਲਈ ਸਰਗਰਮ ਹਨ, ਉਥੇ ਹੀ ਇਸਲਾਮ ਨੂੰ ਮੰਨਣ ਵਾਲੇ ਲੋਕ ਇਸਲਾਮ ਦਾ ਰਾਜ ਕਾਇਮ ਕਰਨ ਲਈ ਜੇਹਾਦੀ ਬਣੇ ਹੋਏ ਹਨ। ਬੋਕੋਹਰਮ ਨੇ ਅਫਰੀਕਾ ’ਚ 100-200 ਨਹੀਂ ਸਗੋਂ ਹਜ਼ਾਰਾਂ ਈਸਾਈ ਕੁੜੀਆਂ ਨੂੰ ਅਗਵਾ ਕਰ ਕੇ ਸੈਕਸ ਗੁਲਾਮ ਬਣਾ ਲਿਆ। ਇੰਨਾ ਹੀ ਨਹੀਂ, ਸੈਕਸ ਗੁਲਾਮ ਬਣਾਈਆਂ ਇਨ੍ਹਾਂ ਕੁੜੀਆਂ ਨੂੰ ਅਰਬ ਦੇ ਸ਼ੇਖਾਂ ਕੋਲ ਵੇਚਣ ਵਰਗੇ ਘਿਨੌਣੇ ਕੰਮ ਵੀ ਕੀਤੇ ਹਨ।
ਇਸਲਾਮਿਕ ਅੱਤਵਾਦੀ ਸੰਗਠਨਾਂ ਨੇ ਅਜਿਹੇ ਦੇਸ਼ਾਂ ਵੱਲ ਰੁਖ਼ ਕੀਤਾ ਹੋਇਆ ਹੈ, ਜਿਥੇ ਇਸਲਾਮਿਕ ਰਾਜ ਨਹੀਂ ਹੈ ਤੇ ਜਿਹੜੇ ਦੇਸ਼ ਇਸਲਾਮਿਕ ਅੱਤਵਾਦ ਨੂੰ ਰੋਕਣ ਲਈ ਸਰਗਰਮ ਹਨ, ਜਿਵੇਂ ਭਾਰਤ, ਅਮਰੀਕਾ, ਇਸਰਾਈਲ, ਬ੍ਰਿਟੇਨ ਅਤੇ ਆਸਟਰੇਲੀਆ ਆਦਿ। ਇਨ੍ਹਾਂ ਦੇਸ਼ਾਂ ’ਚ ਉਦਾਰਵਾਦੀ ਸ਼ਾਸਨ ਪ੍ਰਣਾਲੀ ਕਾਇਮ ਹੈ, ਜਿਥੇ ਮੁਸਲਿਮ ਆਬਾਦੀ ਦਰਮਿਆਨ ਇਸਲਾਮਿਕ ਅੱਤਵਾਦੀ ਸੰਗਠਨ ਤੇਜ਼ੀ ਨਾਲ ਆਪਣੇ ਨੈੱਟਵਰਕ ਕਾਇਮ ਕਰ ਰਹੇ ਹਨ ਤੇ ਆਪਣੀ ਅਸਲੀ ਪਛਾਣ ਨੂੰ ਲੁਕੋ ਲੈਂਦੇ ਹਨ। ਇਹੋ ਵਜ੍ਹਾ ਹੈ ਕਿ ਹਿੰਸਕ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਬਾਵਜੂਦ ਪਕੜ ਤੋਂ ਬਾਹਰ ਰਹਿੰਦੇ ਹਨ ਜਾਂ ਫਿਰ ਉਦਾਰਵਾਦੀ  ਕਾਨੂੰਨ-ਵਿਵਸਥਾ ਦਾ ਲਾਭ ਉਠਾ ਕੇ ਸਜ਼ਾ ਤੋਂ ਬਚ ਜਾਂਦੇ ਹਨ।
ਇਸਲਾਮਿਕ ਅੱਤਵਾਦ ਨੂੰ ਕੁਚਲਣ ਦੇ ਨਾਂ ’ਤੇ ਅਰਬਾਂ-ਖਰਬਾਂ ਰੁਪਏ ਖਰਚ ਕਰ ਦਿੱਤੇ ਗਏ, ਅੱਤਵਾਦ ਨੂੰ ਰੋਕਣ ਲਈ ਅਮਰੀਕਾ ਨੇ ਪਾਕਿਸਤਾਨ ਨੂੰ ਖਰਬਾਂ ਰੁਪਏ ਦੀ ਸਹਾਇਤਾ ਦਿੱਤੀ ਪਰ ਨਤੀਜਾ ਸਿਫਰ ਹੀ ਰਿਹਾ। ਜਦੋਂ ਤਕ ਇਸਲਾਮਿਕ ਅੱਤਵਾਦ ਦੀ ਵਿਚਾਰਕ ਤਾਕਤ ’ਤੇ ਵਾਰ ਨਹੀਂ ਹੋਵੇਗਾ ਅਤੇ ਅੱਤਵਾਦੀ ਸੰਗਠਨਾਂ ਨੂੰ ਪਨਾਹ ਦੇਣ ਵਾਲਿਆਂ ਵਿਰੁੱਧ ਸਖਤ ਸਜ਼ਾ ਜਾਂ ਕਾਰਵਾਈ ਨਹੀਂ ਹੋਵੇਗੀ, ਉਦੋਂ ਤਕ ਅਜਿਹੀ ਹਨੇਰਗਰਦੀ ਮਚੀ ਰਹੇਗੀ। ਇਸਲਾਮਿਕ ਅੱਤਵਾਦੀ ਕੋਈ ਆਸਮਾਨ ’ਚ ਜਾਂ ਜ਼ਮੀਨ ਦੇ ਹੇਠਾਂ ਤਾਂ ਰਹਿੰਦੇ ਨਹੀਂ, ਉਹ ਵੀ ਮੁਸਲਿਮ ਆਬਾਦੀ ’ਚ ਹੀ ਰਹਿੰਦੇ ਹਨ, ਇਹ ਸੱਚਾਈ ਮੰਨਣੀ ਹੀ ਪਵੇਗੀ। 
 


Related News