ਭਾਰਤ ਨੇ ਅੰਦਰੂਨੀ ਸੰਘਰਸ਼ਾਂ ’ਚ ਗੁਆਏ ਜ਼ਿਆਦਾ ਜਵਾਨ

08/19/2019 6:44:55 AM

ਆਕਾਰ ਪਟੇਲ
ਪਿਛਲੇ 20 ਸਾਲਾਂ ’ਚ ਭਾਰਤ ਨੇ ਅੰਦਰੂਨੀ ਸੰਘਰਸ਼ਾਂ ’ਚ 1962 ਦੀ ਜੰਗ ਦੇ ਮੁਕਾਬਲੇ ਤਿੰਨ ਗੁਣਾ ਜ਼ਿਆਦਾ ਹਥਿਆਰਬੰਦ ਬਲਾਂ ਦੇ ਜਵਾਨਾਂ ਨੂੰ ਗੁਆਇਆ ਹੈ। ਇਸ ਮਿਆਦ ’ਚ ਕਾਰਗਿਲ ਜੰਗ ’ਚ ਜਿੰਨੇ ਜਵਾਨ ਸ਼ਹੀਦ ਹੋਏ, ਉਸ ਨਾਲੋਂ 6 ਗੁਣਾ ਵੱਧ ਹਥਿਆਰਬੰਦ ਫੌਜਾਂ ਦੇ ਜਵਾਨ ਕਸ਼ਮੀਰ, ਉੱਤਰ-ਪੂਰਬ ਅਤੇ ਮੱਧ ਭਾਰਤ (ਜਿਸ ਨੂੰ ਨਕਸਲ ਖੇਤਰ) ਕਿਹਾ ਜਾਂਦਾ ਹੈ, ਵਿਚ ਸ਼ਹੀਦ ਹੋਏ ਹਨ। ਇਨ੍ਹਾਂ ਸਥਾਨਾਂ ’ਤੇ ਜਿੰਨੇ ਭਾਰਤੀ ਮਾਰੇ ਗਏ ਹਨ, ਉਨ੍ਹਾਂ ਦੀ ਗਿਣਤੀ 1962 ਅਤੇ 1971 ਦੀਆਂ ਜੰਗਾਂ ਵਿਚ ਸ਼ਹੀਦ ਹੋਏ ਫੌਜੀਆਂ ਨਾਲੋਂ ਵੱਧ ਹੈ।

ਇਹ ਉਹ ਜਵਾਨ ਹਨ, ਜਿਨ੍ਹਾਂ ਨੂੰ ਦੇਸ਼ ਨੇ ਕਿਸੇ ਬਾਹਰੀ ਹਮਲੇ ਕਾਰਣ ਨਹੀਂ ਗੁਆਇਆ, ਸਗੋਂ ਇਸ ਲਈ ਗੁਆਇਆ ਹੈ ਕਿ ਦੇਸ਼ ਦੇ ਆਪਣੇ ਹੀ ਲੋਕਾਂ ਦੇ ਨਾਲ ਸਬੰਧਾਂ ’ਚ ਤਰੇੜਾਂ ਹਨ। ਇਹ ਮੌਤਾਂ ਸਿਆਸੀ ਅਸਫਲਤਾ ਦਾ ਨਤੀਜਾ ਹਨ, ਨਾ ਕਿ ਜੰਗ ਦਾ। ਖੂਨ ਦੇ ਇਨ੍ਹਾਂ ਬਲੀਦਾਨਾਂ ਨੂੰ ਬਿਨਾਂ ਕਿਸੇ ਵਿਰੋਧ ਦੇ ਸਹਿਣ ਕਰ ਲੈਣ ਦੀ ਸਾਡੇ ਦੇਸ਼ ਦੀ ਸਮਰੱਥਾ ਭਾਰਤ ਲਈ ਇਨ੍ਹਾਂ ਖੇਤਰਾਂ ’ਚ ਇਸ ਤਰ੍ਹਾਂ ਦੀਆਂ ਕਾਰਵਾਈਆਂ ਨੂੰ ਜਾਰੀ ਰੱਖਣਾ ਆਸਾਨ ਬਣਾਉਂਦੀ ਹੈ। ਭਾਰਤੀ ਸਰਕਾਰਾਂ ’ਤੇ ਅੰਦਰੂਨੀ ਸੰਘਰਸ਼ ਦੇ ਮਾਮਲੇ ’ਚ ਆਪਣੀ ਨੀਤੀ ਵਿਚ ਤਬਦੀਲੀ ਕਰਨ ਲਈ ਕੋਈ ਦਬਾਅ ਨਹੀਂ ਹੈ, ਭਾਵੇਂ ਇਹ ਸਫਲ ਹੋਵੇ ਜਾਂ ਅਸਫਲ ਜਾਂ ਇੰਝ ਹੀ ਚੱਲਦਾ ਰਹੇ ਕਿਉਂਕਿ ਸਾਡੇ ਫੌਜੀਆਂ ਅਤੇ ਨਾਗਰਿਕਾਂ ਦੀਆਂ ਲਗਾਤਾਰ ਮੌਤਾਂ ਸਾਨੂੰ ਸਵੀਕਾਰ ਹਨ।

ਇਸ ਗੱਲ ’ਤੇ ਕੋਈ ਅੰਦਰੂਨੀ ਚਰਚਾ ਨਹੀਂ ਹੋਈ ਹੈ ਕਿ ਕਸ਼ਮੀਰ ਵਿਚ ਸਾਡੇ ਹਾਲੀਆ ਮਾਸਟਰ ਸਟ੍ਰੋਕ ਦੇ ਸਾਡੇ ਹਥਿਆਰਬੰਦ ਬਲਾਂ ਲਈ ਕੀ ਮਾਇਨੇ ਹਨ, ਜੋ ਉਥੇ ਸੇਵਾ ਕਰ ਰਹੇ ਹਨ ਅਤੇ ਪਿਛਲੇ 30 ਸਾਲਾਂ ਤੋਂ ਨਾਰਾਜ਼ ਅਤੇ ਅਸੰਤੁਸ਼ਟ ਜਨਤਾ ’ਤੇ ਨਜ਼ਰ ਰੱਖ ਰਹੇ ਹਨ। ਸ਼੍ਰੀਨਗਰ ਦਾ ਦੌਰਾ ਕਰਨ ’ਤੇ ਪਤਾ ਲੱਗਦਾ ਹੈ ਕਿ ਇਥੋਂ ਦੀਆਂ ਗਲੀਆਂ ਵਿਚ ਹਥਿਆਰਬੰਦ ਲੋਕਾਂ ਵਲੋਂ ਨਿਗਰਾਨੀ ਰੱਖੀ ਜਾਂਦੀ ਹੈ, ਜੋ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਉਂਦੇ ਹਨ, ਜੋ ਨਾ ਤਾਂ ਸਥਾਨਕ ਭਾਸ਼ਾ ਬੋਲਦੇ ਹਨ ਅਤੇ ਨਾ ਹੀ ਸਥਾਨਕ ਲੋਕਾਂ ਵਰਗੇ ਦਿਸਦੇ ਹਨ। ਨੀਮ ਫੌਜੀ ਬਲ ਕਸ਼ਮੀਰ ਦੇ ਸ਼ਹਿਰਾਂ ਦੀਆਂ ਗਲੀਆਂ ਵਿਚ ਘੁੰਮਦੇ ਹਨ, ਜਦਕਿ ਫੌਜ ਬਾਹਰੀ ਖੇਤਰ ਦੀ ਪੈਟਰੋਲਿੰਗ ਕਰਦੀ ਹੈ।

ਇਨ੍ਹਾਂ ਸ਼ਹਿਰਾਂ ’ਚ ਇਹ ਲੋਕ ਇਸ ਲਈ ਹਨ ਤਾਂ ਕਿ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਦਬਾਇਆ ਜਾ ਸਕੇ, ਜੋ ਆਮ ਤੌਰ ’ਤੇ ਹਿੰਸਾ ਰਾਹੀਂ ਜ਼ਾਹਿਰ ਹੁੰਦੀਆਂ ਹਨ ਕਿਉਂਕਿ ਇਨ੍ਹਾਂ ਕੋਲ ਇਨ੍ਹਾਂ ਨੂੰ ਜ਼ਾਹਿਰ ਕਰਨ ਦਾ ਕੋਈ ਮਾਧਿਅਮ ਨਹੀਂ ਹੈ। ਕਸ਼ਮੀਰ ਵਿਚ ਸੰਚਾਰ ਅਤੇ ਮੀਡੀਆ ਕਈ ਸਾਲਾਂ ਤੋਂ ਬੇੜੀਆਂ ’ਚ ਹੈ ਅਤੇ ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਉਥੇ ਮੁਕੰਮਲ ਬਲੈਕਆਊਟ ਦੀ ਸਜ਼ਾ ਦਿੱਤੀ ਗਈ ਹੈ। ਬਾਕੀ ਭਾਰਤ ਨੂੰ ਉਥੇ ਲੱਗੀਆਂ ਨਿਯਮਿਤ ਸੰਚਾਰ ਪਾਬੰਦੀਆਂ ਤੋਂ ਕੋਈ ਪ੍ਰੇਸ਼ਾਨੀ ਨਹੀਂ ਹੈ ਕਿਉਂਕਿ ਉਹ ਇਹ ਨਹੀਂ ਸੋਚਦੇ ਕਿ ਇਸ ਦੇ ਕੀ ਨਤੀਜੇ ਹੋਣਗੇ?

ਇਸ ਦਾ ਇਕ ਸਭ ਤੋਂ ਵੱਡਾ ਕਾਰਣ ਇਹ ਹੈ ਕਿ ਹਿੰਸਾ ਦਾ ਸਥਾਨ ਸਾਡੇ ਤੋਂ ਕਾਫੀ ਦੂਰ ਹੈ ਅਤੇ ਸਾਡਾ ਉਸ ਨਾਲ ਕੋਈ ਹਿੱਤ ਨਹੀਂ ਜੁੜਿਆ। ਅਮਰੀਕਾ ਵਿਚ ਉਨ੍ਹਾਂ ਦੀ ਸੰਸਦ (ਜਿਸ ਨੂੰ ਕਾਂਗਰਸ ਕਿਹਾ ਜਾਂਦਾ ਹੈ) ਵਿਚ ਆਮ ਤੌਰ ’ਤੇ 100 ਮੈਂਬਰ ਅਜਿਹੇ ਹੁੰਦੇ ਹਨ, ਜਿਨ੍ਹਾਂ ਨੇ ਅਮਰੀਕੀ ਫੌਜ ’ਚ ਸਰਵਿਸ ਕੀਤੀ ਹੁੰਦੀ ਹੈ। ਅਮਰੀਕੀ ਫੌਜ ਦੁਨੀਆ ਦੀ ਸਭ ਤੋਂ ਤਾਕਤਵਰ ਫੌਜ ਹੈ, ਜੋ ਨਿਯਮਿਤ ਤੌਰ ’ਤੇ ਅਤੇ ਆਸਾਨੀ ਨਾਲ ਕਿਸੇ ਹਥਿਆਰਬੰਦ ਸੰਘਰਸ਼ ’ਚ ਸ਼ਾਮਿਲ ਹੋ ਜਾਂਦੀ ਹੈ, ਜਿਵੇਂ ਕਿ ਕੋਰੀਆ, ਵੀਅਤਨਾਮ, ਇਰਾਕ ਅਤੇ ਅਫਗਾਨਿਸਤਾਨ ਆਦਿ ਵਿਚ। ਹਾਲਾਂਕਿ ਇਹ ਦੇਸ਼ ਗਲਤੀ ਪਤਾ ਲੱਗਣ ’ਤੇ ਉਸ ਵਿਚ ਛੇਤੀ ਸੁਧਾਰ ਕਰ ਲੈਂਦਾ ਹੈ ਅਤੇ ਸੰਘਰਸ਼ਾਂ ’ਚੋਂ ਬਾਹਰ ਨਿਕਲਣ ਦੇ ਸਮਰੱਥ ਹੈ ਕਿਉਂਕਿ ਇਸ ਦੇ ਜ਼ਿਆਦਾਤਰ ਨੇਤਾ ਖ਼ੁਦ ਫੌਜੀ ਰਹੇ ਹੁੰਦੇ ਹਨ। ਇਹ ਲੋਕ ਕਾਲਪਨਿਕ ਲਾਭ ਦੇ ਮੁਕਾਬਲੇ ਅਸਲ ਨੁਕਸਾਨ ਦਾ ਜਾਇਜ਼ਾ ਲਾ ਸਕਦੇ ਹਨ। ਵੀਅਤਨਾਮ ਜੰਗ ਦੌਰਾਨ ਅਤੇ ਉਸ ਤੋਂ ਤੁਰੰਤ ਬਾਅਦ ਯੋਧੇ ਨੇਤਾਵਾਂ ਦੀ ਗਿਣਤੀ ਇੰਨੀ ਜ਼ਿਆਦਾ ਸੀ ਕਿ ਲੱਗਭਗ ਤਿੰਨ-ਚੌਥਾਈ ਸੰਸਦ ਮੈਂਬਰ ਸਾਬਕਾ ਫੌਜੀ ਸਨ।

ਭਾਰਤ ਵਿਚ ਅਜਿਹਾ ਨਹੀਂ ਹੈ। ਦਰਮਿਆਨੇ ਵਰਗ ਨੂੰ ਫੌਜ ’ਚ ਜਾਣ ਵਿਚ ਕੋਈ ਰੁਚੀ ਨਹੀਂ ਹੈ ਅਤੇ ਕਾਰਪੋਰੇਟ ਨੌਕਰੀਆਂ ਤੇ ਸਰਕਾਰੀ ਸੇਵਾ ’ਚ ਵਿਸ਼ੇਸ਼ ਤੌਰ ’ਤੇ ਆਈ. ਏ. ਐੱਸ. ਅਤੇ ਆਈ. ਪੀ. ਐੱਸ. ਨੂੰ ਪਹਿਲ ਦਿੱਤੀ ਜਾਂਦੀ ਹੈ। ਫੌਜ ਅਤੇ ਨੀਮ ਫੌਜੀ ਬਲਾਂ ਦੇ ਜਵਾਨ ਹੇਠਲੇ ਦਰਮਿਆਨੇ ਵਰਗ ਅਤੇ ਕਿਸਾਨ ਵਰਗ ਤੋਂ ਆਉਂਦੇ ਹਨ (ਪਾਕਿਸਤਾਨ ਵਿਚ ਵੀ ਇਹੀ ਸਥਿਤੀ ਹੈ)। ਮੀਡੀਆ, ਜੋ ਦਰਮਿਆਨੇ ਵਰਗ ਤੋਂ ਆਉਂਦਾ ਹੈ, ਉਹ ਵੀ ਹਿੰਸਾ ਤੋਂ ਵੱਖ ਰਹਿੰਦਾ ਹੈ।

ਫੌਜ ਦੀ ਸ਼ਲਾਘਾ

ਭਾਰਤ ਦੇ ਵੱਖ-ਵੱਖ ਹਿੱਸਿਆਂ ’ਚ ਹਥਿਆਰਬੰਦ ਫੌਜਾਂ ਜੋ ਕਰਦੀਆਂ ਹਨ, ਮੀਡੀਆ ਵਲੋਂ ਉਸ ਦੀ ਸ਼ਲਾਘਾ ਕੀਤੀ ਜਾਂਦੀ ਹੈ। ਅਸੀਂ ਪੱਤਰਕਾਰ ਲੋਕ ਆਜ਼ਾਦਾਨਾ ਸੋਚ ਦੇ ਨਾਲ ਅਤੇ ਨਿਰਪੱਖ ਤੌਰ ’ਤੇ ਘਟਨਾਵਾਂ ਦਾ ਜਾਇਜ਼ਾ ਨਹੀਂ ਲੈਂਦੇ। ਇਸੇ ਕਾਰਣ ਸਾਡੇ ਲਈ ਕੋਈ ਪੱਖ ਲੈਣਾ ਜਾਂ ਅਸਲੀਅਤ ਨੂੰ ਨਜ਼ਰਅੰਦਾਜ਼ ਕਰਨਾ ਸੰਭਵ ਹੁੰਦਾ ਹੈ।

ਪਾਠਕਾਂ ਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਇਕ ਪਾਕਿਸਤਾਨੀ ਰਿਪੋਰਟਰ ਦੇ ਕੰਮ ਨਾਲ ਹੀ ਸੰਭਵ ਹੋ ਸਕਿਆ ਕਿ ਦੁਨੀਆ ਨੂੰ ਇਹ ਪਤਾ ਲੱਗਾ ਕਿ ਪੂਰਬੀ ਪਾਕਿਸਤਾਨ ’ਚ ਕਿਸ ਤਰ੍ਹਾਂ ਅੱਤਿਆਚਾਰ ਹੋ ਰਹੇ ਹਨ। ਇਹ ਰਿਪੋਰਟਰ ਕਰਾਚੀ ਦਾ ਐਂਥਨੀ ਮੈਸਕੇਰੇਨਹਸ ਸੀ, ਜਿਸ ਦੀ ਰਿਪੋਰਟ ਜੂਨ 1971 ’ਚ ਬ੍ਰਿਟਿਸ਼ ਅਖਬਾਰ ‘ਸੰਡੇ ਟਾਈਮਜ਼’ ਵਿਚ ਪ੍ਰਕਾਸ਼ਿਤ ਹੋਈ ਸੀ। ਉਸ ਨੇ ਇਸ ਗੱਲ ਨੂੰ ਉਜਾਗਰ ਕੀਤਾ ਸੀ ਕਿ ਪਾਕਿਸਤਾਨੀ ਫੌਜ ਆਪਣੇ ਨਾਗਰਿਕਾਂ ਨਾਲ ਕੀ ਕਰਦੀ ਹੈ? ਭਾਰਤੀ ਪੱਤਰਕਾਰਾਂ ਲਈ ਕਸ਼ਮੀਰ, ਨਕਸਲ ਬੈਲਟ ਜਾਂ ਉੱਤਰ-ਪੂਰਬ ਵਿਚ ਅਜਿਹਾ ਕਰਨਾ ਮੁਸ਼ਕਿਲ ਹੈ ਕਿਉਂਕਿ ਅਸੀਂ ਆਪਣੇ ਹੀ ਲੋਕਾਂ ਦੇ ਵਿਰੁੱਧ ਅਜਿਹਾ ਮਾਹੌਲ ਬਣਾ ਦਿੱਤਾ ਹੈ।

ਅਸਲੀਅਤ ਇਹ ਹੈ ਕਿ ਘਰੋਂ ਦੂਰ ਵਿਰੋਧੀ ਆਬਾਦੀ ਵਿਚਾਲੇ ਰਹਿਣ ਵਾਲੀਆਂ ਫੌਜਾਂ ਲੱਗਭਗ ਇਕੋ ਜਿਹਾ ਵਿਵਹਾਰ ਕਰਦੀਆਂ ਹਨ। ਇਤਿਹਾਸ ਵਿਚ ਅਜਿਹਾ ਹੀ ਹੁੰਦਾ ਰਿਹਾ, ਜੋ ਅਜੇ ਤਕ ਬਦਲਿਆ ਨਹੀਂ ਹੈ, ਭਾਵੇਂ ਅਸੀਂ ਵੀਅਤਨਾਮ ਨੂੰ ਦੇਖੀਏ ਜਾਂ ਇਰਾਕ ਜਾਂ ਸ਼੍ਰੀਲੰਕਾ ਨੂੰ। ਇਹ ਮਨੁੱਖ ਦਾ ਸੁਭਾਅ ਹੈ ਅਤੇ ਇਸ ਦਾ ਸਭ ਤੋਂ ਵੱਧ ਦੋਸ਼ ਦੇਸ਼ਾਂ ਦੇ ਨੇਤਾਵਾਂ ’ਤੇ ਜਾਂਦਾ ਹੈ, ਜੋ ਆਪਣੀਆਂ ਫੌਜਾਂ ਨੂੰ ਅਜਿਹੇ ਹਾਲਾਤ ’ਚ ਭੇਜਦੇ ਹਨ ਅਤੇ ਉਸ ਜਨਤਾ ’ਤੇ, ਜੋ ਅਜਿਹੀ ਕਾਰਵਾਈ ਦਾ ਸਮਰਥਨ ਕਰਦੀ ਹੈ। ਹਜ਼ਾਰਾਂ ਲੋਕ ਮਾਰੇ ਜਾਂਦੇ ਰਹਿਣਗੇ।

ਚੀਨ ਅਤੇ ਪਾਕਿਸਤਾਨ ਵਿਰੁੱਧ ਹੋਈਆਂ ਜੰਗਾਂ ਨੂੰ ਸਾਡੀਆਂ ਇਤਿਹਾਸ ਦੀਆਂ ਕਿਤਾਬਾਂ ਵਿਚ ਯਾਦ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਬਾਰੇ ਯਾਦਗਾਰਾਂ ਬਣਾਈਆਂ ਜਾਂਦੀਆਂ ਹਨ ਪਰ ਦੇਸ਼ ਅੰਦਰ ਹੋ ਰਹੇ ਸੰਘਰਸ਼ਾਂ ਵਿਚ ਜ਼ਿੰਦਗੀਆਂ ਦੇ ਨੁਕਸਾਨ ਸਾਨੂੰ ਲਗਾਤਾਰ ਲਹੂ-ਲੁਹਾਨ ਕਰ ਰਹੇ ਹਨ, ਜਦਕਿ ਇਨ੍ਹਾਂ ਭਾਵਨਾਵਾਂ ਦਾ ਨਿਰੀਖਣ ਕਰਨ ਜਾਂ ਉਨ੍ਹਾਂ ’ਤੇ ਮੱਲ੍ਹਮ ਲਾਉਣ ਦਾ ਕੋਈ ਯਤਨ ਨਹੀਂ ਕੀਤਾ ਜਾ ਰਿਹਾ।
 


Bharat Thapa

Content Editor

Related News