ਹਿਮਾਚਲ ਪ੍ਰਦੇਸ਼ ''ਚ ਸੱਪਾਂ ਦੀਆਂ ਨਵੀਆਂ ਨਸਲਾਂ ਦੀ ਖੋਜ
Wednesday, Jul 18, 2018 - 06:15 AM (IST)

ਪ੍ਰਸਥਿਤੀ ਵਿਗਿਆਨੀ (ਈਕੋਲਾਜਿਸਟ) ਡਾ. ਅਨੀਤਾ ਮਲਹੋਤਰਾ ਅਤੇ ਇੰਗਲੈਂਡ ਵਿਚ ਉੱਤਰੀ ਵੇਲਜ਼ 'ਚ ਸਥਿਤ ਬੈਂਗੋਰ ਯੂਨੀਵਰਸਿਟੀ ਦੇ ਇਕ ਵਿਕਾਸਵਾਦੀ ਜਨਨ ਵਿਗਿਆਨੀ ਦੀ ਅਗਵਾਈ ਹੇਠ ਇਕ ਟੀਮ ਲਗਾਤਾਰ ਦੂਜੇ ਸਾਲ ਹਿਮਾਚਲ ਪ੍ਰਦੇਸ਼ ਵਿਚ ਹੈ, ਤਾਂ ਕਿ ਇਸ ਪਹਾੜੀ ਸੂਬੇ ਵਿਚ ਸੱਪਾਂ ਦੀਆਂ ਨਸਲਾਂ ਅਤੇ ਉਨ੍ਹਾਂ ਦੇ ਡੰਗੇ ਜਾਣ ਨੂੰ ਸਮਝਣ ਲਈ ਇਕ ਸਰਵੇਖਣ ਕਰ ਸਕੇ। ਉਨ੍ਹਾਂ ਨੇ ਸਿਰਫ ਜ਼ਿੰਦਗੀਆਂ ਬਚਾਉਣ ਲਈ ਮਾਨਸੂਨ ਵਿਚ ਹਿਮਾਚਲ ਪ੍ਰਦੇਸ਼ ਦੇ ਜੰਗਲਾਂ 'ਚ ਰਾਤ ਨੂੰ ਜਾਣ ਦਾ ਖਤਰਨਾਕ ਕੰਮ ਪੂਰੇ ਜੋਸ਼ ਨਾਲ ਸ਼ੁਰੂ ਕੀਤਾ ਹੈ।
ਖੋਜਕਾਰ ਸੱਪਾਂ ਨੂੰ ਫੜਦੇ ਹਨ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਕੁਦਰਤੀ ਟਿਕਾਣਿਆਂ 'ਤੇ ਛੱਡਣ ਤੋਂ ਪਹਿਲਾਂ ਉਨ੍ਹਾਂ ਦਾ ਜ਼ਹਿਰ ਅਤੇ ਡੀ. ਐੱਨ. ਏ. ਸੈਂਪਲ ਲੈਂਦੇ ਹਨ। ਉਹ ਇਹ ਸਭ ਸੂਬਾ ਸਰਕਾਰ ਦੇ ਜੰਗਲਾਤ ਮਹਿਕਮੇ ਦੀ ਇਜਾਜ਼ਤ ਨਾਲ ਕਰਦੇ ਹਨ। ਇਕੱਠੇ ਕੀਤੇ ਗਏ ਨਮੂਨਿਆਂ ਨੂੰ ਬੈਂਗਲੁਰੂ 'ਚ ਸਥਿਤ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਅਤੇ ਆਸਾਮ ਵਿਚ ਸਥਿਤ ਤੇਜਪੁਰ ਯੂਨੀਵਰਸਿਟੀ ਦੀਆਂ ਲੈਬਾਰਟਰੀਆਂ 'ਚ ਟੈਸਟ ਕੀਤਾ ਜਾਂਦਾ ਹੈ।
ਇਹ ਪ੍ਰਾਜੈਕਟ ਸੱਪਾਂ ਦੇ ਜ਼ਹਿਰਾਂ ਦਾ ਵੱਖ-ਵੱਖ ਭੂਗੋਲਿਕ ਸਥਿਤੀਆਂ ਵਿਚ ਅਧਿਐਨ ਕਰਨ ਲਈ ਜਾਰੀ ਇਕ ਹੋਰ ਸਰਵੇਖਣ ਦਾ ਹਿੱਸਾ ਹੈ। ਪਿਛਲੇ ਸਾਲ ਇਹ ਟੀਮ ਮਾਨਸੂਨ ਦੇ ਆਖਰੀ ਪੜਾਅ ਦੌਰਾਨ ਹਿਮਾਚਲ ਪਹੁੰਚੀ ਸੀ ਅਤੇ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿਚ ਸੱਪਾਂ ਦੀਆਂ 13 ਨਸਲਾਂ ਦੀ ਖੋਜ ਕੀਤੀ ਸੀ, ਜਿਨ੍ਹਾਂ 'ਚ ਮੱਧ ਏਸ਼ੀਆਈ ਕੋਬਰਾ (ਨਾਜਾ ਓਕਸਿਆਨਾ) ਸ਼ਾਮਿਲ ਹੈ, ਜਿਸ ਨੂੰ ਉਨ੍ਹਾਂ ਨੇ ਦੇਸ਼ ਵਿਚ ਪਹਿਲੀ ਵਾਰ ਚੰਬਾ 'ਚ ਦੇਖਿਆ ਸੀ। ਇਸ ਵਾਰ ਇਹ ਟੀਮ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿਚ ਸੱਪਾਂ ਦੀਆਂ 15-16 ਨਸਲਾਂ ਲੱਭਣ 'ਚ ਸਫਲ ਰਹੀ, ਜਿਨ੍ਹਾਂ 'ਚ ਹਿਮਾਚਲ ਵਿਚ ਉਨ੍ਹਾਂ ਦੇ ਦੌਰੇ ਦੇ ਪਹਿਲੇ 14 ਦਿਨਾਂ ਦੌਰਾਨ ਚੰਬਾ ਵਿਚ 'ਵੋਲਫਜ਼ ਸਨੇਕ' ਦੀ ਖੋਜ ਸ਼ਾਮਿਲ ਹੈ (ਸ਼ਾਇਦ ਹਿਮਾਚਲ ਪ੍ਰਦੇਸ਼ ਜਾਂ ਪੂਰੇ ਦੇਸ਼ 'ਚ ਦੇਖਿਆ ਗਿਆ ਇਕ ਨਵਾਂ ਸੱਪ)।
ਟੀਮ ਨੂੰ ਜੰਗਲਾਂ ਵਿਚ ਕੁਝ ਮਰੇ ਹੋਏ ਸੱਪ ਵੀ ਮਿਲੇ ਸਨ, ਜਿਨ੍ਹਾਂ ਨੂੰ ਉਸ ਨੇ ਸੋਲਨ ਸਥਿਤ ਜ਼ੂਲੋਜੀਕਲ ਸਰਵੇ ਆਫ ਇੰਡੀਆ ਨੂੰ ਸੌਂਪਣ ਲਈ ਸੁਰੱਖਿਅਤ ਕਰ ਲਿਆ ਹੈ, ਜਿਨ੍ਹਾਂ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕੁਝ ਨਸਲਾਂ ਦੇ ਬਹੁਤ ਪੁਰਾਣੇ ਨਮੂਨੇ ਹਨ। ਡਾ. ਅਨੀਤਾ ਨੇ ਦੱਸਿਆ ਕਿ ਉਨ੍ਹਾਂ ਨੇ ਪਿਛਲੇ ਦੋ ਦਹਾਕਿਆਂ ਦੌਰਾਨ ਏਸ਼ੀਆ ਦੇ 'ਪਿਟ ਵਾਈਪਰਜ਼' ਸੱਪਾਂ ਦਾ ਅਧਿਐਨ ਕੀਤਾ ਸੀ।
ਰੈਪਟਾਈਲ ਸੱਪਾਂ ਬਾਰੇ ਹਿਮਾਚਲ ਵਿਚ ਬਹੁਤ ਘੱਟ ਜਾਣਕਾਰੀ ਮਿਲਦੀ ਹੈ ਅਤੇ ਇਨ੍ਹਾਂ ਬਾਰੇ ਬਹੁਤ ਘੱਟ ਅਧਿਐਨ ਕੀਤਾ ਗਿਆ ਹੈ। ਹਿਮਾਚਲ ਵਿਚ ਕਈ ਵੱਡੇ ਅਨੋਖੇ 'ਪਿਟ ਵਾਈਪਰਜ਼' ਹਨ, ਜਿਵੇਂ ਕਿ ਬੀਤੇ ਸਾਲ ਦੇ ਸਰਵੇਖਣ ਤੋਂ ਸਪੱਸ਼ਟ ਹੈ। ਡਾ. ਮਲਹੋਤਰਾ ਨੇ ਦੱਸਿਆ ਕਿ ਹਿਮਾਚਲ ਦੀ ਅਨੋਖੀ ਭੂਗੋਲਿਕ ਸਥਿਤੀ ਸੱਪਾਂ ਅਤੇ ਹੋਰ ਰੀਂਗਣ ਵਾਲੇ ਜੀਵਾਂ ਦੇ ਅਧਿਐਨ ਲਈ ਇਸ ਨੂੰ ਆਦਰਸ਼ ਸਥਾਨ ਬਣਾਉਂਦੀ ਹੈ।
ਉਨ੍ਹਾਂ ਦੱਸਿਆ ਕਿ ਰੀਂਗਣ ਵਾਲੇ ਸੱਪਾਂ ਦੀ ਵੰਨ-ਸੁਵੰਨਤਾ ਅਤੇ ਕਿਸਮਾਂ ਨੂੰ ਲੈ ਕੇ ਹਿਮਾਚਲ ਪ੍ਰਦੇਸ਼ 'ਤੇ ਪੱਛਮੀ ਅਤੇ ਪੂਰਬੀ ਪ੍ਰਭਾਵ ਹੈ। ਇਸ ਅਧਿਐਨ ਨਾਲ ਸੱਪਾਂ ਦੇ ਡੰਗਣ ਨੂੰ ਸਮਝ ਕੇ ਭਾਰਤ ਵਿਚ ਉਨ੍ਹਾਂ ਦੀਆਂ ਜ਼ਹਿਰ-ਰੋਕੂ ਦਵਾਈਆਂ (ਐਂਟੀ-ਵੇਨਮ) ਬਣਾਉਣ ਲਈ ਪ੍ਰਭਾਵਸ਼ਾਲੀ ਸੁਝਾਅ ਦਿੱਤੇ ਜਾ ਸਕਣਗੇ ਪਰ ਅਜੇ ਇਸ ਅਧਿਐਨ ਵਿਚ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ।
ਭਾਰਤ ਵਿਚ ਹਰ ਸਾਲ ਸੱਪਾਂ ਦੇ ਡੰਗਣ ਨਾਲ ਲੱਗਭਗ 50,000 ਲੋਕ ਮਾਰੇ ਜਾਂਦੇ ਹਨ। ਹੁਣ ਤਕ ਭਾਰਤ ਵਿਚ ਸਾਰੇ ਐਂਟੀ-ਵੇਨਮ ਦੀ ਸਪਲਾਈ ਤਾਮਿਲਨਾਡੂ ਦੀ ਇਕ ਸਹਿਕਾਰੀ ਸੋਸਾਇਟੀ ਵਲੋਂ ਕੀਤੀ ਜਾਂਦੀ ਹੈ, ਜੋ ਕਈ ਵਾਰ ਸੱਪਾਂ ਦੇ ਜ਼ਹਿਰ ਦੀ ਖੇਤਰ ਦੇ ਆਧਾਰ 'ਤੇ ਭਿੰਨਤਾ ਹੋਣ ਕਾਰਨ ਅਸਰਦਾਇਕ ਨਹੀਂ ਹੁੰਦਾ, ਇਥੋਂ ਤਕ ਕਿ ਇਕੋ ਜਿਹੀ ਪ੍ਰਜਾਤੀ ਦਾ ਸੱਪ ਹੋਣ 'ਤੇ ਵੀ ਨਹੀਂ।
ਮਾਹਿਰਾਂ ਨੇ ਸਥਾਨਕ ਲੋਕਾਂ, ਖਾਸ ਕਰ ਕੇ ਸਕੂਲਾਂ 'ਚ ਬੱਚਿਆਂ, ਜੋ ਸੱਪਾਂ ਦਾ ਸਭ ਤੋਂ ਵੱਧ ਸ਼ਿਕਾਰ ਬਣ ਸਕਦੇ ਹਨ, ਨੂੰ ਜਾਗਰੂਕ ਕਰਨ ਲਈ ਆਪਣੇ ਵਿਹਲੇ ਸਮੇਂ ਦੀ ਵਰਤੋਂ ਕੀਤੀ। ਵਿਸ਼ਾਲ ਸਾਂਤ੍ਰਾ ਨੇ ਦੱਸਿਆ ਕਿ ਸਥਾਨਕ ਲੋਕਾਂ ਨੇ ਖੁੱਲ੍ਹ ਕੇ ਆਪਣੇ ਖੇਤਰ ਵਿਚ ਪਾਏ ਜਾਣ ਵਾਲੇ ਸੱਪਾਂ ਬਾਰੇ ਜਾਣਕਾਰੀ ਦਿੱਤੀ। ਉਹ ਉਨ੍ਹਾਂ ਦੇ ਦਿਮਾਗ ਵਿਚ ਸੱਪਾਂ ਨੂੰ ਲੈ ਕੇ ਬਣੇ ਡਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਨਾਲ ਸੱਪਾਂ ਦੀ ਸੁਰੱਖਿਆ ਵਿਚ ਵੀ ਮਦਦ ਮਿਲੇਗੀ ਕਿਉਂਕਿ ਲੋਕ ਸਿਰਫ ਇਸ ਲਈ ਸੱਪਾਂ ਨੂੰ ਮਾਰ ਦਿੰਦੇ ਹਨ ਕਿਉਂਕਿ ਉਹ ਉਨ੍ਹਾਂ ਤੋਂ ਡਰਦੇ ਹਨ। ਵਿਸ਼ਾਲ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿਚ ਪਾਏ ਜਾਣ ਵਾਲੇ ਸੱਪਾਂ ਦਾ ਵੇਰਵਾ ਦਰਜ ਕਰ ਕੇ ਉਸ ਨੂੰ ਜੰਗਲਾਤ ਵਿਭਾਗ ਨਾਲ ਸਾਂਝਾ ਕੀਤਾ ਜਾਵੇਗਾ।