ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਸੱਤਾ ਹਾਸਲ ਕਰਨ ਦੀ ਹਰ ਕੋਸ਼ਿਸ਼ ਜਾਰੀ

06/08/2023 7:28:12 PM

ਸਾਲ ਦੇ ਵਕਫੇ ’ਚ ਦੇਸ਼ ਦੇ ਜਿਨ੍ਹਾਂ 4 ਸੂਬਿਆਂ ’ਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਉਨ੍ਹਾਂ ’ਚ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਮੁੱਖ ਸੂਬੇ ਹਨ ਜਿਨ੍ਹਾਂ ’ਤੇ ਪੂਰੇ ਦੇਸ਼ ਦੀ ਨਜ਼ਰ ਟਿਕੀ ਹੋਈ ਹੈ। ਜਿੱਥੇ ਸ਼ੁਰੂ ’ਚ ਇਨ੍ਹਾਂ ਤਿੰਨਾਂ ਸੂਬਿਆਂ ’ਚ ਕਾਂਗਰਸ ਦੀ ਸਰਕਾਰ ਰਹੀ ਪਰ ਕਾਂਗਰਸ ਆਗੂ ਜਯੋਤਿਰਾਦਿਤਿਆ ਸਿੰਧੀਆ ਦੀ ਨਾਰਾਜ਼ਗੀ ਕਾਰਨ ਮੱਧ ਪ੍ਰਦੇਸ਼ ਦੀ ਸੱਤਾ ਭਾਜਪਾ ਹੱਥ ਚਲੀ ਗਈ। ਵਰਤਮਾਨ ’ਚ ਰਾਜਸਥਾਨ ਤੇ ਛੱਤੀਸਗੜ੍ਹ ਸੂਬੇ ’ਚ ਕਾਂਗਰਸ ਦੀ ਸਰਕਾਰ ਹੈ। ਰਾਜਸਥਾਨ ਦਾ ਸਿਆਸੀ ਦ੍ਰਿਸ਼ ਸਾਰਿਆਂ ਦੇ ਸਾਹਮਣੇ ਹੈ, ਜਿੱਥੋਂ ਦੀ ਸਰਕਾਰ ਆਪਣੇ ਹੀ ਲੋਕਾਂ ਦੇ ਕਾਰਨ ਸੰਕਟ ’ਚ ਘਿਰੀ ਨਜ਼ਰ ਆ ਰਹੀ ਹੈ, ਜਿਸ ਨੂੰ ਉੱਥੋਂ ਦੇ ਮੁੱਖ ਵਿਰੋਧੀ ਸਿਆਸੀ ਦਲ ਨੇ ਹਵਾ ਦੇ ਕੇ ਮੱਧ ਪ੍ਰਦੇਸ਼ ਦੀ ਤਰ੍ਹਾਂ ਸੱਤਾ ਆਪਣੇ ਹੱਥ ’ਚ ਲੈਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਸਿਆਸਤ ਦੇ ਤੇਜ਼ ਖਿਡਾਰੀ ਮੌਜੂਦਾ ਲੀਡਰਸ਼ਿਪ ਅੱਗੇ ਵਿਰੋਧੀ ਧਿਰ ਦੀ ਹਰ ਚਾਲ ਇਸ ਦਿਸ਼ਾ ’ਚ ਅਸਫਲ ਰਹੀ। ਅੱਜ ਵੀ ਸੰਕਟ ਬਰਕਰਾਰ ਹੈ ਜਿਸ ਨੂੰ ਕਾਂਗਰਸ ਹਾਈਕਮਾਨ ਆਉਣ ਵਾਲੀਆਂ ਚੋਣਾਂ ਨੂੰ ਦੇਖਦਿਆਂ ਕਿਸੇ ਨਾ ਕਿਸੇ ਤਰ੍ਹਾਂ ਉਸ ਨੂੰ ਹੱਲ ਕਰਨ ’ਚ ਸਰਗਰਮ ਨਜ਼ਰ ਆ ਰਹੀ ਹੈ। ਕਰਨਾਟਕ ਚੋਣਾਂ ’ਚ ਕਾਂਗਰਸ ਦੀ ਜਿੱਤ ਨੇ ਕਾਂਗਰਸ ਹਾਈਕਮਾਨ ਦੀ ਸੋਚ ਬਦਲ ਦਿੱਤੀ ਹੈ। ਕਾਂਗਰਸ ਹਾਈਕਮਾਨ ਪੰਜਾਬ ਅਤੇ ਮੱਧ ਪ੍ਰਦੇਸ਼ ਦੀ ਤਰ੍ਹਾਂ ਪੂਰਵ ’ਚ ਹੋਈ ਕਾਰਵਾਈ ਜਿਸ ਕਾਰਨ ਦੋਵੇਂ ਸੂਬੇ ਕਾਂਗਰਸ ਦੇ ਹੱਥੋਂ ਨਿਕਲ ਗਏ, ਫਿਰ ਤੋਂ ਦੁਹਰਾਉਣਾ ਨਹੀਂ ਚਾਹੁੰਦੀ। ਆਉਣ ਵਾਲੀਆਂ ਚੋਣਾਂ ’ਚ ਕਾਂਗਰਸ ਹਾਈਕਮਾਨ ਇਨ੍ਹਾਂ ਤਿੰਨਾਂ ਸੂਬਿਆਂ ’ਚ ਕਾਂਗਰਸ ਦੀ ਸਰਕਾਰ ਬਣਾਉਣ ਦੀ ਹਰ ਦਿਸ਼ਾ ’ਚ ਚੌਕਸ ਅਤੇ ਸੁਚੇਤ ਕਾਰਵਾਈ ਕਰਦੀ ਨਜ਼ਰ ਆ ਰਹੀ ਹੈ। ਜਦ ਕਿ ਇਨ੍ਹਾਂ ਤਿੰਨਾਂ ਸੂਬਿਆਂ ਦੀ ਸੱਤਾ ’ਤੇ ਭਾਜਪਾ ਦੀ ਵੀ ਪੈਨੀ ਨਜ਼ਰ ਹੈ ਜਿਸ ਲਈ ਉਹ ਹਰ ਸੰਭਵ ਯਤਨ ਕਰ ਰਹੀ ਹੈ। ਇਸ ਦਿਸ਼ਾ ’ਚ ਭਾਜਪਾ ਨੇ ਕੇਂਦਰੀ ਪੱਧਰ ’ਤੇ ਆਪਣੀ ਕਮਰ ਕੱਸ ਲਈ ਹੈ। ਉਹ ਨਰਿੰਦਰ ਮੋਦੀ ਨੂੰ ਅੱਗੇ ਕਰ ਕੇ ਇਨ੍ਹਾਂ ਤਿੰਨਾਂ ਸੂਬਿਆਂ ਦੀ ਸੱਤਾ ’ਤੇ ਕਬਜ਼ਾ ਕਰਨ ਲਈ ਰਣਨੀਤੀ ਬਣਾ ਰਹੀ ਹੈ ਪਰ ਨਰਿੰਦਰ ਮੋਦੀ ਦੇ ਨਾਂ ਨਾਲ ਉਸ ਨੂੰ ਇਸ ਦਿਸ਼ਾ ’ਚ ਸਫਲਤਾ ਮਿਲ ਸਕੇਗੀ, ਅਜਿਹਾ ਸੰਭਵ ਨਹੀਂ ਲੱਗਦਾ ਜਦਕਿ ਕਾਂਗਰਸ ਆਪਣੀ ਮੌਜੂਦਾ ਲੀਡਰਸ਼ਿਪ ਦੀ ਸਰਗਰਮੀ ਅਤੇ ਹਕੂਮਤ ਕਰਨ ਦੀ ਜਾਚ ਦੇ ਸਿਰ ’ਤੇ ਸੱਤਾ ’ਚ ਫਿਰ ਤੋਂ ਵਾਪਸੀ ਦੀ ਉਮੀਦ ਕਰ ਰਹੀ ਹੈ।

ਇਸ ਤਰ੍ਹਾਂ ਦੇ ਹਾਲਾਤ ’ਤੇ ਇਕ ਨਜ਼ਰ ਮਾਰੋ ਜਿੱਥੇ ਤਿੰਨਾਂ ਸੂਬਿਆਂ ’ਚ ਸੱਤਾ ਤਬਦੀਲੀ ਦੀ ਸਥਿਤੀ ਪੂਰਵ ’ਚ ਅੱਜ ਤੱਕ ਦੇਖੀ ਜਾਂਦੀ ਰਹੀ ਹੈ ਪਰ ਵਰਤਮਾਨ ’ਚ ਉੱਥੇ ਸੱਤਾਧਾਰੀ ਆਪਣੇ ਪੱਖ ’ਚ ਆਮ ਜਨਤਾ ਨੂੰ ਸੰਤੁਸ਼ਟ ਕਰ ਕੇ ਵੱਧ ਤੋਂ ਵੱਧ ਜਨਮਤ ਜੁਟਾ ਕੇ ਫਿਰ ਤੋਂ ਸੱਤਾ ’ਚ ਆਉਣ ਦੀ ਹਰ ਕੋਸ਼ਿਸ਼ ਕਰ ਰਹੀ ਹੈ। ਇਸ ਦਿਸ਼ਾ ’ਚ ਰਾਜਸਥਾਨ ਸੂਬੇ ਦੇ ਸਿਆਸੀ ਦ੍ਰਿਸ਼ ’ਤੇ ਇਕ ਨਜ਼ਰ ਮਾਰੋ ਜਿੱਥੋਂ ਦੀ ਸੱਤਾਧਾਰੀ ਕਾਂਗਰਸ ਸਰਕਾਰ ਨੇ ਆਮਲੋਕਾਂ ਨੂੰ ਚੋਣਾਂ ਤੋਂ ਪਹਿਲਾਂ ਹਰ ਤਰ੍ਹਾਂ ਨਾਲ ਸੰਤੁਸ਼ਟ ਕਰਨ ਦਾ ਯਤਨ ਕੀਤਾ ਹੈ। ਇਸ ਦਿਸ਼ਾ ’ਚ ਬਜਟ ’ਚ ਆਮ ਲੋਕਾਂ ਨੂੰ ਦਿੱਤੀ ਗਈ ਰਾਹਤ ਪੈਨਸ਼ਨ ’ਚ ਵਾਧਾ, ਮੁੱਖ ਮੰਤਰੀ ਚਿਰੰਜੀਵੀ ਯੋਜਨਾ ’ਚ 25 ਲੱਖ ਤੱਕ ਮੈਡੀਕਲੇਮ, 100 ਯੂਨਿਟ ਮੁਫਤ ਬਿਜਲੀ, ਕਿਸਾਨਾਂ ਨੂੰ 2000 ਯੂਨਿਟ ਦੀ ਮੁਫਤ ਬਿਜਲੀ, 500 ਰੁਪਏ ’ਚ ਗੈਸ ਸਿਲੰਡਰ ਆਦਿ ਨੂੰ ਰਾਹਤ ਮਹਿੰਗਾਈ ਕੈਂਪ ਰਾਹੀਂ ਆਮ ਲੋਕਾਂ ਤਕ ਪਹੁੰਚਾਉਣ ਦੀ ਕੋਸ਼ਿਸ਼ ਜਾਰੀ ਹੈ। ਮੁਲਾਜ਼ਮਾਂ ਨੂੰ ਜਿਨ੍ਹਾਂ ਦੀ ਨਾਰਾਜ਼ਗੀ ਕਾਰਨ ਪੂਰਵ ’ਚ ਸੱਤਾਧਾਰੀ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਨੂੰ ਵਿਧਾਨ ਸਭਾ ’ਚ ਸਿਰਫ 21 ਸੀਟਾਂ ਹਾਸਲ ਹੋਈਆਂ ਸਨ, ਉਨ੍ਹਾਂ ਨੂੰ 25 ਸਾਲ ਦੀ ਸੇਵਾ ਪੂਰੀ ਹੋਣ ’ਤੇ ਪੂਰੀ ਪੈਨਸ਼ਨ ਦੇਣ, ਸਪੈਸ਼ਲ ਪੇਅ ’ਚ ਵਾਧਾ, ਹੈਲਪਰ ਅਹੁਦੇ ਦੇ ਨਾਂ ’ਚ ਤਬਦੀਲੀ ਆਦਿ ਨਾਲ ਸੰਤੁਸ਼ਟ ਕਰਨ ਦਾ ਹਰ ਸੰਭਵ ਯਤਨ ਜਾਰੀ ਹੈ। ਮੌਜੂਦਾ ਸਰਕਾਰ ਇੰਚਾਰਜ ਮੰਤਰੀਆਂ ਤੇ ਅਧਿਕਾਰੀਆਂ ਕੋਲੋਂ ਬਜਟ ਦੇ ਐਲਾਨਾਂ ’ਤੇ ਅਮਲ ਕੀਤੇ ਜਾਣ ਦੀ ਫੀਡਬੈਕ ਲੈ ਕੇ ਆਮ ਜਨਤਾ ਨੂੰ ਹਰ ਤਰ੍ਹਾਂ ਨਾਲ ਸੰਤੁਸ਼ਟ ਕਰ ਕੇ ਆਪਣੇ ਹੱਕ ’ਚ ਲਿਆਉਣ ਦਾ ਹਰ ਸੰਭਵ ਯਤਨ ਕਰ ਰਹੀ ਹੈ। ਇਸ ਤਰ੍ਹਾਂ ਦੇ ਯਤਨ ਹੋਰ ਸੱਤਾਧਾਰੀ ਦਲਾਂ ਦੇ ਆਪਣੇ-ਆਪਣੇ ਸੂਬਿਆਂ ’ਚ ਜਾਰੀ ਹਨ। ਵਿਰੋਧੀ ਧਿਰ ਦੀ ਵੀ ਰੋਸ ਰੈਲੀ ਰਾਹੀਂ ਸਰਕਾਰ ਨੂੰ ਦੋਸ਼ਾਂ ਦੇ ਘੇਰੇ ’ਚ ਲੈ ਕੇ ਲੋਕਾਂ ਨੂੰ ਸੱਤਾ ਦੇ ਖਿਲਾਫ ਕਰਨ ਦੀ ਹਰ ਕੋਸ਼ਿਸ਼ ਜਾਰੀ ਹੈ। ਇਸ ਸਿਆਸੀ ਯੁੱਧ ’ਚ ਸੱਤਾ ਬਰਕਰਾਰ ਰਹਿੰਦੀ ਹੈ ਜਾਂ ਬਦਲਦੀ ਹੈ, ਚੋਣਾਂ ਪਿੱਛੋਂ ਹੀ ਪਤਾ ਲੱਗੇਗਾ ਪਰ ਯਤਨ ਸੱਤਾ ਤੇ ਵਿਰੋਧੀ ਧਿਰ ਦੋਵਾਂ ਦਾ ਜਾਰੀ ਹੈ। ਇਨ੍ਹਾਂ ਸੂਬਿਆਂ ’ਚ ਮੁੱਖ ਮੁਕਾਬਲਾ ਕਾਂਗਰਸ ਤੇ ਭਾਜਪਾ ਦਰਮਿਆਨ ਹੀ ਹੋਵੇਗਾ, ਹੋਰ ਦਲ ਟਿਮਟਿਮਾਉਂਦੇ ਤਾਰੇ ਵਾਂਗ ਅੱਖੋਂ ਓਹਲੇ ਹੋ ਜਾਣਗੇ।

ਡਾ. ਭਰਤ ਮਿਸ਼ਰ ਪ੍ਰਾਚੀ


Rakesh

Content Editor

Related News