ਮਲੱਕਾ ਜਲਡਮਰੂ ਵਿਚਾਲੇ ਬੁਰਾ ਫਸਿਆ ਚੀਨ
Wednesday, Feb 02, 2022 - 05:57 PM (IST)
ਚੀਨ ਸਮੁੰਦਰੀ ਰਸਤੇ ਰਾਹੀਂ ਆਪਣਾ ਵਧੇਰੇ ਵਪਾਰ ਕਰਦਾ ਹੈ ਕਿਉਂਕਿ ਇਸ ’ਚ ਖਰਚ ਬਹੁਤ ਘੱਟ ਆਉਂਦਾ ਹੈ, ਜ਼ਮੀਨ ਰਾਹੀਂ ਆਪਣਾ ਸਾਮਾਨ ਪਹੁੰਚਾਉਣ ’ਚ ਉਨ੍ਹਾਂ ਇਲਾਕਿਆਂ ’ਚ ਸੜਕਾਂ ਅਤੇ ਰੇਲਵੇ ਲਾਈਨ ਵਿਛਾਉਣੀ ਪੈਂਦੀ ਹੈ ਜੋ ਮਹਿੰਗਾ ਸੌਦਾ ਹੈ। ਮਲੱਕਾ ਜਲਡਮਰੂ ਮੱਧ ਚੀਨ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਚੀਨ 70 ਫੀਸਦੀ ਤੇਲ ਈਰਾਨ ਅਤੇ ਖਾੜੀ ਦੇ ਦੇਸ਼ਾਂ ਕੋਲੋਂ ਖਰੀਦਦਾ ਹੈ, ਜੋ ਹਿੰਦ ਮਹਾਸਾਗਰ ਤੋਂ ਹੁੰਦੇ ਹੋਏ ਮਲੱਕਾ ਜਲਡਮਰੂ ਤੋਂ ਦੱਖਣੀ ਚੀਨ ਸਾਗਰ ਵੱਲ ਵੀ ਚੀਨ ਦੇ ਕੰਢਿਆਂ ਤੱਕ ਪਹੁੰਚਦਾ ਹੈ। ਇਸ ਦੇ ਇਲਾਵਾ ਚੀਨ ਆਪਣੀਆਂ ਫੈਕਟਰੀਆਂ ’ਚ ਤਿਆਰ 80 ਫੀਸਦੀ ਉਤਪਾਦਾਂ ਨੂੰ ਇਸੇ ਸਮੁੰਦਰੀ ਮਾਰਗ ਰਾਹੀਂ ਖਾੜੀ ਦੇ ਦੇਸ਼ਾਂ, ਪੂਰਬੀ ਅਤੇ ਉੱਤਰੀ ਅਫਰੀਕੀ ਦੇਸ਼ਾਂ ’ਚ ਪਹੁੰਚਾਉਂਦਾ ਹੈ। ਮਲੱਕਾ ਜਲਡਮਰੂ ਮੱਧ ਮਲੇਸ਼ੀਆ ਅਤੇ ਇੰਡੋਨੇਸ਼ੀਆ ਦੇ ਦਰਮਿਆਨ ਇਕ ਭੀੜਾ ਜਿਹਾ ਸਮੁੰਦਰੀ ਰਸਤਾ ਹੈ ਜੋ ਦੱਖਣੀ ਚੀਨ ਸਾਗਰ ਨੂੰ ਹਿੰਦ ਮਹਾਸਾਗਰ ਨਾਲ ਜੋੜਦਾ ਹੈ। ਚੀਨ ਨੂੰ ਇਸੇ ਰਸਤੇ ਰਾਹੀਂ ਅਫਰੀਕਾ, ਖਾੜੀ ਦੇ ਦੇਸ਼ਾਂ ਅਤੇ ਈਰਾਨ ਨਾਲ ਵੀ ਜੋੜਦਾ ਹੈ। ਚੀਨ ਇਕ ਪਾਸੇ ਮਲੱਕਾ ਰਾਹੀਂ ਅੰਡੇਮਾਨ ਨਿਕੋਬਾਰ ਦੀਪ ਸਮੂਹ ’ਤੇ ਆਪਣੀ ਪਕੜ ਬਣਾਉਣੀ ਚਾਹੁੰਦਾ ਹੈ ਜਿੱਥੋਂ ਉਹ ਭਾਰਤ ਦੇ ਪੂਰਬੀ ਅਤੇ ਦੱਖਣੀ ਕੰਢਿਆਂ ਤੋਂ ਹੋਣ ਵਾਲੀ ਰਣਨੀਤਕ ਹਲਚਲ ’ਤੇ ਨਜ਼ਰ ਰੱਖ ਸਕੇ। ਓਧਰ ਹਿੰਦ ਮਹਾਸਾਗਰ ’ਤੇ ਆਪਣੀ ਬੜ੍ਹਤ ਬਣਾ ਕੇ ਆਪਣੇ ਸਾਮਾਨ ਨੂੰ ਬੇਰੋਕ-ਟੋਕ ਆਪਣੇ ਕੰਢਿਆਂ ’ਤੇ ਪਹੁੰਚਾਉਣਾ ਚਾਹੁੰਦਾ ਹੈ।
ਪਰ ਅੰਡੇਮਾਨ ਨਿਕੋਬਾਰ ਦੀਪ ਸਮੂਹ ’ਚ ਭਾਰਤੀ ਸਮੁੰਦਰੀ ਫੌਜ ਦੀ ਮਜ਼ਬੂਤ ਪੁਜ਼ੀਸ਼ਨ ਅਤੇ ਮਲੱਕਾ ਜਲਡਮਰੂ ਦੇ ਨੇੜੇ ਮਲੇਸ਼ੀਆ ਅਤੇ ਇੰਡੋਨੇਸ਼ੀਆ ਦੇ ਨਾਲ ਸਿੰਗਾਪੁਰ ਕੋਲ ਅਮਰੀਕੀ ਫੌਜ ਦੀ ਦਮਦਾਰ ਮੌਜੂਦਗੀ ਨੇ ਚੀਨ ਦੇ ਇਸ ਸੁਪਨੇ ’ਤੇ ਪਾਣੀ ਫੇਰ ਦਿੱਤਾ ਹੈ ਪਰ ਚੀਨ ਹਰ ਢੰਗ ਨਾਲ ਇਸ ਪੂਰੇ ਇਲਾਕੇ ’ਤੇ ਕਬਜ਼ੇ ਦੀ ਕੋਸ਼ਿਸ਼ ’ਚ ਲੱਗਾ ਹੈ। ਜੇਕਰ ਭਾਰਤ ਅਤੇ ਅਮਰੀਕਾ ਚਾਹੇ ਤਾਂ ਆਪਣੇ-ਆਪਣੇ ਢੰਗ ਨਾਲ ਮਲੱਕਾ ਜਲਡਮਰੂ ਦਾ ਰਸਤਾ ਰੋਕ ਸਕਦੇ ਹਨ। ਇਸ ਨਾਲ ਚੀਨ ਨੂੰ ਦੱਖਣੀ ਚੀਨ ਸਾਗਰ ਪਹੁੰਚਣ ਲਈ ਸੁੰਡਾ ਜਲਡਮਰੂ ਤੋਂ ਹੋ ਕੇ ਲੰਘਣਾ ਪਵੇਗਾ ਜੋ ਮਲੱਕਾ ਤੋਂ ਹੋਰ ਦੂਰੀ ’ਤੇ ਸਥਿਤ ਹੈ। ਹਾਲਾਂਕਿ ਚੀਨ ਨੇ ਵਿਚਕਾਰਲਾ ਰਸਤਾ ਲੱਭਣ ਲਈ ਥਾਈਲੈਂਡ ਤੋਂ ਕ੍ਰਾ ਇਸਤਮੁਸ ’ਚ ਸਵੇਜ਼ ਅਤੇ ਪਨਾਮਾ ਦੀ ਤਰਜ਼ ’ਤੇ ਨਹਿਰ ਬਣਾਉਣ ਦੀ ਗੱਲ ਕਹੀ ਸੀ ਕਿਉਂਕਿ ਇਹ ਪ੍ਰਾਇਦੀਪ ਇਸ ਖੇਤਰ ’ਚ ਬਹੁਤ ਭੀੜਾ ਹੈ ਅਤੇ ਚੀਨ ਨੇ ਥਾਈਲੈਂਡ ਨੂੰ ਦੱਸਿਆ ਕਿ ਇੱਥੋਂ ਜਦੋਂ ਪਾਣੀ ਦੇ ਜਹਾਜ਼ ਲੰਘਣਗੇ ਤਾਂ ਥਾਈਲੈਂਡ ਨੂੰ ਵੱਡੀ ਧਨਰਾਸ਼ੀ ਮਿਲੇਗੀ ਪਰ ਥਾਈਲੈਂਡ ਨੇ ਚੀਨ ਦੀ ਇਸ ਯੋਜਨਾ ਨੂੰ ਸਿਰੇ ਤੋਂ ਨਕਾਰ ਿਦੱਤਾ ਕਿਉਂਕਿ ਥਾਈਲੈਂਡ ਚੀਨ ਦੇ ਕਰਜ਼ ਜਾਲ ’ਚ ਨਹੀਂ ਫਸਣਾ ਚਾਹੁੰਦਾ ਸੀ। ਚੀਨ ਨੇ ਥਾਈਲੈਂਡ ਨੂੰ ਦੂਸਰੀ ਤਜਵੀਜ਼ ਦਿੱਤੀ ਜਿਸ ’ਚ ਦੱਖਣੀ ਚੀਨ ਦੇ ਸ਼ਹਿਰ ਖੁਨਮਿੰਗ ਤੋਂ ਚੀਨ ਇਕ ਰੇਲਵੇ ਲਾਈਨ ਬਣਾਵੇਗਾ ਜੋ ਕ੍ਰਾ ਇਸਤਮੁਸ ਇਲਾਕੇ ਤੱਕ ਆਵੇਗੀ ਜਿੱਥੋਂ ਹਿੰਦ ਮਹਾਸਾਗਰ ਵਾਲੀ ਬੰਦਰਗਾਹ ’ਚ ਚੀਨ ਆਪਣਾ ਸਾਮਾਨ ਉਤਾਰੇਗਾ ਅਤੇ ਇੱਥੋਂ ਅੱਗੇ ਭੇਜੇਗਾ। ਇਸ ਪੂਰੇ ਪ੍ਰਾਜੈਕਟ ਦੀ ਕੀਮਤ 5 ਅਰਬ ਡਾਲਰ ਸੀ ਜਿਸ ਨੂੰ ਚੀਨ ਇਸ ’ਤੇ ਖਰਚ ਕਰਦਾ ਪਰ ਥਾਈਲੈਂਡ ਨੇ ਚੀਨ ਦੇ ਇਸ ਇਰਾਦੇ ’ਤੇ ਵੀ ਪਾਣੀ ਫੇਰ ਦਿੱਤਾ, ਹਾਲਾਂਕਿ ਥਾਈਲੈਂਡ ਇਸ ਰੇਲਵੇ ਲਾਈਨ ਨੂੰ ਬਣਾਵੇਗਾ ਪਰ ਆਪਣੇ ਖਰਚ ’ਤੇ ਅਤੇ ਚੀਨ ਕੋਲੋਂ ਇਸ ਪ੍ਰਾਜੈਕਟ ਲਈ ਕੋਈ ਹੱਕ ਨਹੀਂ ਰਹੇਗਾ।
ਚੀਨ ਮਲੱਕਾ ਤੋਂ ਹੋਣ ਵਾਲੀ ਸੰਭਾਵਿਤ ਪ੍ਰੇਸ਼ਾਨੀ ਤੋਂ ਬਚਣ ਲਈ ਆਪਣੀਆਂ ਊਰਜਾ ਲੋੜਾਂ ਲਈ ਦੂਸਰੇ ਦੇਸ਼ਾਂ ਨਾਲ ਆਪਣੇ ਸਬੰਧ ਵਧੀਆ ਬਣਾਉਣ ਦੀ ਕੋਸ਼ਿਸ਼ ’ਚ ਲੱਗਾ ਹੈ। ਭਾਵ ਮੱਧ ਏਸ਼ੀਆ, ਮਿਆਂਮਾਰ, ਪਾਕਿਸਤਾਨ, ਇਰਾਕ ਅਤੇ ਤੁਰਕੀ ਨਾਲ ਇਸ ਮੁੱਦੇ ’ਤੇ ਗੱਲਬਾਤ ਚੱਲ ਰਹੀ ਹੈ ਪਰ ਚੀਨ ਦਾ ਅਸਲ ਇਰਾਦਾ ਹਿੰਦ ਮਹਾਸਾਗਰ ਅਤੇ ਦੱਖਣੀ ਚੀਨ ਸਾਗਰ ’ਤੇ ਕਬਜ਼ਾ ਕਰਨ ਦਾ ਹੈ ਜਿਸ ਨਾਲ ਉਹ ਆਪਣੇ ਸਮੁੰਦਰੀ ਵਪਾਰ ਨੂੰ ਬੇਰੋਕ-ਟੋਕ ਕਰ ਸਕੇ। ਹਾਲਾਂਕਿ ਜੇਕਰ ਚੀਨ ਦੂਸਰੇ ਦੇਸ਼ਾਂ ’ਤੇ ਆਪਣੇ ਪੰਜੇ ਫੈਲਾਉਂਦਾ ਹੈ ਤਾਂ ਅਮਰੀਕਾ ਸਮੇਤ ਨਾਟੋ ਸ਼ਕਤੀਆਂ ਰਲ ਕੇ ਚੀਨ ਦਾ ਮੁਕਾਬਲਾ ਕਰਨ ਲਈ ਤਿਆਰ ਬੈਠੀਆਂ ਹਨ ਜਦਕਿ ਚੀਨ ਇਸ ਸਮੇਂ ਕਿਸੇ ਵੀ ਬਾਹਰੀ ਸ਼ਕਤੀ ਨਾਲ ਟੱਕਰ ਨਹੀਂ ਲੈਣੀ ਚਾਹੁੰਦਾ ਕਿਉਂਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਦੇ ਆਰਥਿਕ ਭੈੜੇ ਨਤੀਜੇ ਭੁਗਤਣੇ ਪੈਣਗੇ। ਅਜਿਹੇ ’ਚ ਕਮਿਊਨਿਸਟ ਪਾਰਟੀ ਦੇ ਅੰਦਰ ਸ਼ੀ ਜਿਨਪਿੰਗ ਦਾ ਵਿਰੋਧ ਹੋਰ ਤੇਜ਼ ਹੋਵੇਗਾ ਜਿਸ ਦਾ ਸੇਕ ਉਨ੍ਹਾਂ ਦੀ ਕੁਰਸੀ ’ਤੇ ਵੀ ਆਵੇਗਾ। ਫਿਰ ਭਾਵੇਂ ਹੀ ਸ਼ੀ ਜਿਨਪਿੰਗ ਨੇ ਖੁਦ ਨੂੰ ਪੂਰੀ ਜ਼ਿੰਦਗੀ ਚੀਨ ਦਾ ਰਾਸ਼ਟਰਪਤੀ ਕਿਉਂ ਨਾ ਨਿਯੁਕਤ ਕਰ ਲਿਆ ਹੋਵੇ। ਨਾਟੋ ਨਾਲ ਟੱਕਰ ਲੈਣ ਦੀ ਸਥਿਤੀ ’ਚ ਵਿਸ਼ਵ ਦੀਆਂ ਮਹਾਸ਼ਕਤੀਆਂ ਦੁਆਰਾ ਲਗਾਈਆਂ ਜਾਣ ਵਾਲੀਆਂ ਆਰਥਿਕ ਪਾਬੰਦੀਆਂ ਨੂੰ ਚੀਨ ਨਹੀਂ ਝੱਲ ਸਕੇਗਾ ਕਿਉਂਕਿ ਅੰਦਰੂਨੀ ਤੌਰ ’ਤੇ ਇਸ ਸਮੇਂ ਚੀਨ ’ਚ ਆਰਥਿਕ ਸੰਕਟ, ਊਰਜਾ ਸੰਕਟ, ਕੋਰੋਨਾ ਮਹਾਮਾਰੀ ਤੇ ਸਿਆਸੀ ਸੰਕਟ ਜਾਰੀ ਹੈ। ਹੁਣ ਇਹ ਚੀਨ ਨੂੰ ਦੇਖਣਾ ਹੋਵੇਗਾ ਕਿ ਉਹ ਆਪਣੇ ਅਰਮਾਨਾਂ ਦੇ ਕਾਰਨ ਪੂਰੇ ਦੇਸ਼ ਦੀ ਬਲੀ ਦਿੰਦਾ ਹੈ ਜਾਂ ਆਪਣੇ ਬੇਤਹਾਸ਼ਾ ਵਧਦੇ ਕਾਰਨਾਮਿਆਂ ’ਤੇ ਨੱਥ ਕੱਸਦਾ ਹੈ।