ਡੁੱਬ ਰਿਹਾ ਹੈ ਚੀਨ ਦਾ ਵੱਡਾ ਪ੍ਰਾਜੈਕਟ

Friday, Oct 28, 2022 - 10:46 AM (IST)

ਡੁੱਬ ਰਿਹਾ ਹੈ ਚੀਨ ਦਾ ਵੱਡਾ ਪ੍ਰਾਜੈਕਟ

ਚੀਨ ਨੇ ਆਪਣੇ ਖਾਹਿਸ਼ੀ ਪ੍ਰਾਜੈਕਟ ਬੀ. ਆਰ. ਆਈ. ਭਾਵ ਬੈਲਟ ਐਂਡ ਰੋਡ ਦੀ ਸ਼ੁਰੂਆਤ ਸਾਲ 2013 ’ਚ ਉਦੋਂ ਬਣੇ ਨਵੇਂ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਪ੍ਰਧਾਨਗੀ ’ਚ ਕੀਤੀ ਸੀ। ਦਰਅਸਲ ਚੀਨ ਦਾ ਇਸ ਪ੍ਰਾਜੈਕਟ ਦੇ ਪਿੱਛੇ ਇਰਾਦਾ ਦੁਨੀਆ ਦੇ ਦੂਰ-ਦੁਰੇਡੇ ਇਲਾਕਿਆਂ ’ਤੇ ਆਪਣਾ ਪ੍ਰਭਾਵ ਬਣਾਉਣ ਦਾ ਸੀ।ਸ਼ੀ ਜਿਨਪਿੰਗ ਵੱਡੇ ਪੱਧਰ ’ਤੇ ਦੁਨੀਆ ਭਰ ਦੇ ਦੇਸ਼ਾਂ ’ਚ ਨਿਵੇਸ਼ ਕਰ ਕੇ ਚੀਨ ਦੇ ਪ੍ਰਭਾਵ ਨੂੰ ਦੁਨੀਆ ਦੇ ਕੋਨੇ-ਕੋਨੇ ’ਚ ਪਹੁੰਚਾਉਣਾ ਚਾਹੁੰਦੇ ਸਨ। ਇਸ ਦੇ ਲਈ ਸ਼ੀ ਜਿਨਪਿੰਗ ਅਤੇ ਸੀ. ਪੀ. ਸੀ. ਦੀ ਪ੍ਰਧਾਨਗੀ ’ਚ ਇਕ ਖਰਬ ਡਾਲਰ ਤੋਂ ਵੱਧ ਧਨ ਖਰਚ ਕੀਤਾ ਗਿਆ।

ਇਸ ’ਚ ਚੀਨ ਦਾ ਪੈਸਾ ਅਤੇ ਸਮਾਂ ਦੋਵੇਂ ਖਰਚ ਹੋਏ, ਉਸ ਸਮੇਂ ਚੀਨ ਦੀ ਯੋਜਨਾ ਸੀ ਕਿ ਬੀ. ਆਰ. ਆਈ. ਤੋਂ ਉਹ ਆਪਣੇ ਉਤਪਾਦਾਂ ਨੂੰ ਦੁਨੀਆ ’ਚ ਵੇਚ ਕੇ ਪਹਿਲਾਂ ਨਾਲੋਂ ਵੀ ਵੱਧ ਅਮੀਰ ਬਣ ਜਾਵੇਗਾ ਪਰ ਸਮੇਂ ਦੇ ਨਾਲ ਇਸ ਪ੍ਰਾਜੈਕਟ ’ਚ ਪ੍ਰੇਸ਼ਾਨੀਆਂ ਆਉਣ ਲੱਗੀਆਂ। ਚੀਨ ਨੇ ਦੂਜੇ ਦੇਸ਼ਾਂ ’ਚ ਜੋ ਹਵਾਈ ਅੱਡੇ ਬਣਾਏ ਸਨ ਉਹ ਵੀਰਾਨ ਅਤੇ ਖਾਲੀ ਪਏ ਹਨ, ਨਾ ਤਾਂ ਉੱਥੇ ਕੋਈ ਹਵਾਈ ਜਹਾਜ਼ ਉਤਰਦਾ ਹੈ ਅਤੇ ਨਾ ਹੀ ਕੋਈ ਮੁਸਾਫਰ ਦਿਖਾਈ ਦਿੰਦਾ ਹੈ।ਡੂੰਘੀਆਂ ਪਾਣੀ ਵਾਲੀਆਂ ਬੰਦਰਗਾਹਾਂ ਸਮੇਂ ’ਤੇ ਪੂਰੀਆਂ ਨਹੀਂ ਹੋਈਆਂ ਤਾਂ ਉਨ੍ਹਾਂ ਦੀ ਵਰਤੋਂ ਦੀ ਗੱਲ ਤਾਂ ਦੂਰ ਹੈ। ਸ਼੍ਰੀਲੰਕਾ ਅਤੇ ਪਾਕਿਸਤਾਨ ਇਸ ਸੰਤਾਪ ਨੂੰ ਝੱਲ ਰਹੇ ਹਨ। ਓਧਰ ਇੰਡੋਨੇਸ਼ੀਆ ’ਚ ਚੀਨ ਨੇ ਹਾਈ ਸਪੀਡ ਰੇਲਵੇ ਨੈੱਟਵਰਕ ਦੀ ਸ਼ੁਰੂਆਤ ਕੀਤੀ ਸੀ ਜਿਸ ਨੂੰ ਰਾਜਧਾਨੀ ਜਕਾਰਤਾ ਤੋਂ ਸ਼ੁਰੂ ਹੋ ਕੇ ਬਾਂਦੁੰਗ ਤੱਕ ਜਾਣਾ ਸੀ ਪਰ ਉੱਥੇ ਖੁੱਲ੍ਹੇ ਆਸਮਾਨ ਹੇਠਾਂ ਖੜ੍ਹੀ ਇਕ ਹਾਈ ਸਪੀਡ ਰੇਲਗੱਡੀ ਧੂੜ ਫੱਕ ਰਹੀ ਹੈ।ਚੀਨ ਨੇ ਇਨ੍ਹਾਂ ਸਾਰੇ ਪ੍ਰਾਜੈਕਟਾਂ ਨੂੰ ਜ਼ੋਰ-ਸ਼ੋਰ ਨਾਲ ਸ਼ੁਰੂ ਕੀਤਾ ਪਰ ਅੱਧ-ਅਧੂਰੇ ਛੱਡ ਕੇ ਭੱਜ ਗਿਆ, ਅਜਿਹੇ ’ਚ ਗਰੀਬ ਦੇਸ਼ਾਂ ’ਤੇ ਚੀਨ ਦੇ ਕਰਜ਼ੇ ਦੀ ਮਾਰ ਹੋਰ ਜ਼ੋਰ ਨਾਲ ਪਈ ਕਿਉਂਕਿ ਚੀਨ ਨੇ ਇਨ੍ਹਾਂ ਦੇਸ਼ਾਂ ਨੂੰ ਕਿਸੇ ਵੀ ਦੂਜੀ ਸੰਸਥਾ ਦੀ ਤੁਲਨਾ ’ਚ ਉੱਚੀਆਂ ਵਿਆਜ ਦਰਾਂ ’ਤੇ ਕਰਜ਼ਾ ਦਿੱਤਾ ਸੀ।

ਚੀਨ ਨੇ ਜੋ ਪ੍ਰਾਜੈਕਟ ਇਨ੍ਹਾਂ ਦੇਸ਼ਾਂ ’ਚ ਸ਼ੁਰੂ ਕੀਤੇ ਸਨ, ਉਸ ਦੇ ਲਈ ਇਨ੍ਹਾਂ ਦੇਸ਼ਾਂ ਨੂੰ ਕਰਜ਼ਾ ਵੀ ਚੀਨੀ ਬੈਂਕਾਂ ਨੇ ਦਿੱਤਾ ਸੀ ਉਹ ਵੀ ਮੋਟੇ ਵਿਆਜ ’ਤੇ। ਪ੍ਰਾਜੈਕਟ ਤਾਂ ਪੂਰੇ ਨਾ ਹੋ ਸਕੇ ਪਰ ਇਨ੍ਹਾਂ ਦੇਸ਼ਾਂ ’ਤੇ ਇੰਨਾ ਕਰਜ਼ਾ ਚੜ੍ਹਿਆ ਕਿ ਇਹ ਦੇਸ਼ ਚੀਨ ਦੇ ਕਰਜ਼ਦਾਰ ਹੋ ਗਏ।ਇਸ ਦਾ ਨਾਜਾਇਜ਼ ਫਾਇਦਾ ਚੀਨ ਨੇ ਚੁੱਕਿਆ ਅਤੇ ਕਿਤੇ ਇਨ੍ਹਾਂ ਦੀ ਬੰਦਰਗਾਹ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਤਾਂ ਕਿਤੇ ਇਨ੍ਹਾਂ ਦੇ ਹਵਾਈ ਅੱਡੇ ’ਤੇ ਆਪਣਾ ਕੰਟਰੋਲ ਕਰ ਲਿਆ। ਇਸੇ ਤਰ੍ਹਾਂ ਨਾਲ ਸਟੈਂਡਰਡ ਗੇਜ ਦੀ ਰੇਲ ਲਾਈਨ ਬਣਾਉਣ ਦੀ ਸ਼ੁਰੂਆਤ ਕੀਤੀ, ਇਸ ਦੇ ਲਈ ਚੀਨ ਨੇ ਜਦੋਂ ਕਰਾਰ ਕੀਤਾ ਸੀ ਤਾਂ ਇਸ ਪ੍ਰਾਜੈਕਟ ਦੇ ਲਈ ਕਿਸੇ ਦੂਜੇ ਨੂੰ ਸ਼ਾਮਲ ਨਹੀਂ ਹੋਣ ਦਿੱਤਾ, ਚੀਨ ਦੇ ਐਕਸਿਮ ਬੈਂਕ ਨੇ ਇਸ ਪ੍ਰਾਜੈਕਟ ਲਈ 90 ਫੀਸਦੀ ਉਧਾਰ ਦਿੱਤਾ। ਉਸ ਦੇ ਬਾਅਦ ਚੀਨ ਨੇ ਕੀਨੀਆ ’ਚ ਰੇਲਵੇ ਲਾਈਨ ਵਿਛਾਈ।ਚੀਨ ਦੀ ਯੋਜਨਾ ਸੀ ਕਿ ਇਸ ਰੇਲਵੇ ਲਾਈਨ ਨੂੰ ਕੀਨੀਆ ਦੇ ਗੁਆਂਢੀ ਦੇਸ਼ਾਂ ਯੁਗਾਂਡਾ, ਕਾਂਗਾ ਅਤੇ ਸੁਡਾਨ ’ਚ ਵੀ ਜੋੜ ਕੇ ਆਪਣੇ ਮੁਨਾਫੇ ਦਾ ਸੌਦਾ ਵਧਾਵੇ ਪਰ ਚੀਨ ਨੂੰ ਜਿੰਨੀਆਂ ਮਾਲਗੱਡੀਆਂ ਰਾਹੀਂ ਮਾਲ ਢੋਅ ਕੇ ਮੁਨਾਫਾ ਕਮਾਉਣ ਦੀ ਸੰਭਾਵਨਾ ਸੀ ਓਨੇ ਕਾਰਗੋ ਚੀਨ ਨੂੰ ਮਿਲੇ ਹੀ ਨਹੀਂ, ਇਸ ਰੇਲਵੇ ਲਾਈਨ ਦਾ ਖਰਚਾ ਵੱਧ ਅਤੇ ਮੁਨਾਫਾ ਬਹੁਤ ਘੱਟ ਸੀ।


author

Vandana

Content Editor

Related News