ਚੀਨ ਨੂੰ ਛੱਡ ਜਾਪਾਨ ਨੇ ਭਾਰਤ ’ਚ ਪ੍ਰਗਟਾਇਆ ਭਰੋਸਾ, ਇਤਿਹਾਸਕ ਨਿਵੇਸ਼ ਦਾ ਐਲਾਨ

04/07/2022 3:19:59 PM

ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਦੀ ਅਹੁਦਾ ਸੰਭਾਲਣ ਤੋਂ ਬਾਅਦ ਭਾਰਤ ਦੀ ਪਹਿਲੀ ਯਾਤਰਾ ਸੀ, ਜਿਸ ’ਚ ਇਤਿਹਾਸਕ ਤੌਰ ’ਤੇ ਜਾਪਾਨ ਨੇ ਭਾਰਤ ’ਚ 42 ਅਰਬ ਅਮਰੀਕੀ ਡਾਲਰ ਦੇ ਨਿਵੇਸ਼ ਦਾ ਐਲਾਨ ਕੀਤਾ। ਭਾਰਤੀ ਮੁਦਰਾ ’ਚ ਇਹ ਰਕਮ 3.20 ਲੱਖ ਕਰੋੜ ਰੁਪਏ ਬਣਦੀ ਹੈ। ਜਾਪਾਨ ਭਾਰਤ ’ਚ ਇਹ ਨਿਵੇਸ਼ ਅਗਲੇ 5 ਸਾਲਾਂ ’ਚ ਕਰੇਗਾ। ਫੂਮਿਓ ਕਿਸ਼ਿਦਾ ਨੇ ਆਪਣੇ ਹਮਰੁਤਬਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਬਾਕੀ ਮਹੱਤਵਪੂਰਨ ਮੁੱਦਿਆਂ ਨਾਲ ਹਿੰਦ ਪ੍ਰਸ਼ਾਂਤ ਖੇਤਰ ਦੀ ਸ਼ਾਂਤੀ, ਸਥਿਰਤਾ ਅਤੇ ਸਹਿਹੋਂਦ ਬਾਰੇ ਗੱਲ ਕੀਤੀ। ਮੁਕਤ, ਖੁੱਲ੍ਹਾ ਤੇ ਸਮਾਵੇਸ਼ੀ ਹਿੰਦ ਪ੍ਰਸ਼ਾਂਤ ਖੇਤਰ ਪੂਰੇ ਏਸ਼ੀਆ ਦੀ ਤਰੱਕੀ ਲਈ ਜ਼ਰੂਰੀ ਹੈ। ਇਸ ਦੇ ਨਾਲ ਹੀ ਖੇਤਰੀ ਸੰਦਰਭ ਦੀ ਸੁਰੱਖਿਆ ਅਤੇ ਆਪਸੀ ਸਹਿਯੋਗ ਦੇ ਬਾਰੇ ’ਚ ਗੱਲ ਹੋਈ, ਭਾਰਤ ਅਤੇ ਜਾਪਾਨ ਨੇ ਸਪਲਾਈ ਅਤੇ ਸੇਵਾ ਕਰਾਰ ਦੀ ਆਪਸੀ ਵਿਵਸਥਾ ਭਾਵ ਆਰ. ਪੀ. ਐੱਸ. ਐੱਸ. ਦੇ ਸਮਝੌਤੇ ’ਤੇ ਦਸਤਖਤ ਕੀਤੇ।

ਇੱਥੇ ਇਹ ਸਮਝਣਾ ਬੜਾ ਜ਼ਰੂਰੀ ਹੈ ਕਿ ਇਸ ’ਚ ਚੀਨ ਦਾ ਨਾਂ ਨਹੀਂ ਲਿਆ ਗਿਆ ਪਰ ਚੀਨ ਜਾਪਾਨ ਅਤੇ ਭਾਰਤ ਸਮੇਤ ਪੂਰਬੀ, ਦੱਖਣੀ-ਪੂਰਬੀ ਅਤੇ ਦੱਖਣੀ ਏਸ਼ੀਆ ਲਈ ਖਤਰਾ ਹੈ, ਜਿਸ ਦੇ ਵਿਰੁੱਧ, ਏਸ਼ੀਆਈ ਸ਼ਕਤੀਆਂ ਆਪਣੇ-ਆਪਣੇ ਪੱਧਰ ’ਤੇ ਰੱਖਿਆ ਨਾਲ ਜੁੜੇ ਸਮਝੌਤੇ ਕਰ ਰਹੀਆਂ ਹਨ। ਰੂਸ ਦੇ ਯੂਕ੍ਰੇਨ ’ਤੇ ਹਮਲਾ ਕਰਨ ਦੇ ਬਾਅਦ ਚੀਨ ਦੀਆਂ ਵਿਸਤਾਰਵਾਦੀ ਨੀਤੀਆਂ ਨੂੰ ਦੇਖਦੇ ਹੋਏ ਇਸ ਤਰ੍ਹਾਂ ਦੇ ਸਮਝੌਤੇ ਹੋਰ ਪ੍ਰਾਸੰਗਿਕ ਹੋ ਜਾਂਦੇ ਹਨ। ਦਰਅਸਲ ਚੀਨ ਇਕ ਵੱਡਾ ਕਾਰਨ ਹੈ, ਜੋ ਜਾਪਾਨ ਦੇ ਨਾਲ-ਨਾਲ ਦੱਖਣੀ ਕੋਰੀਆ ਅਤੇ ਹੋਰ ਖੇਤਰੀ ਦੇਸ਼ ਭਾਰਤ ਦੇ ਨਾਲ ਆਪਸੀ ਸਹਿਯੋਗ ਵਧਾਉਣਾ ਚਾਹੁੰਦੇ ਹਨ। ਜਿੱਥੇ ਚੀਨ ਪੂਰੇ ਹਿੰਦ-ਪ੍ਰਸ਼ਾਂਤ ਖੇਤਰ ਲਈ ਖਤਰਾ ਬਣਿਆ ਹੋਇਆ ਹੈ, ਉੱਥੇ ਦੂਜੇ ਪਾਸੇ ਕੋਰੋਨਾ ਮਹਾਮਾਰੀ ਦੀ ਹਰ ਨਵੀਂ ਲਹਿਰ ਆਉਣ ਦੇ ਬਾਅਦ ਚੀਨ ਨਾਲ ਵਿਸ਼ਵ ਪੱਧਰ ’ਤੇ ਸਪਲਾਈ ਲੜੀ ’ਚ ਰੁਕਾਵਟ ਆਉਂਦੀ ਹੈ ਜਿਸ ਨਾਲ ਚੀਨ ਦੇ ਕੌਮਾਂਤਰੀ ਗਾਹਕਾਂ ਨੂੰ ਨੁਕਸਾਨ ਹੋਣ ਲੱਗਾ ਹੈ। ਇਸ ਨੂੰ ਦੇਖਦੇ ਹੋਏ ਕੌਮਾਂਤਰੀ ਕੰਪਨੀਅਾਂ ਨੇ ਆਪਣੇ ਨਿਰਮਾਣ, ਬਰਾਮਦ ਅਤੇ ਬੇਰੋਕ ਸਪਲਾਈ ਲੜੀ ਲਈ ਵੰਨ-ਸੁਵੰਨਤਾ ਵੱਲ ਧਿਆਨ ਦੇਣਾ ਸ਼ੁਰੂ ਕਰ ਿਦੱਤਾ ਹੈ। ਇਸੇ ਕੜੀ ’ਚ ਢੇਰ ਸਾਰੀਆਂ ਕੌਮਾਂਤਰੀ ਕੰਪਨੀਆਂ ਚੀਨ ’ਚੋਂ ਬਾਹਰ ਨਿਕਲ ਕੇ ਵੀਅਤਨਾਮ, ਇੰਡੋਨੇਸ਼ੀਆ, ਮਲੇਸ਼ੀਆ, ਭਾਰਤ ਅਤੇ ਦੂਸਰੇ ਦੇਸ਼ਾਂ ਦਾ ਰੁਖ ਕਰ ਰਹੀਆਂ ਹਨ ਤਾਂ ਕਿ ਭਵਿੱਖ ’ਚ ਕਿਸੇ ਸੰਭਾਵਿਤ ਮਹਾਮਾਰੀ ਦੇ ਖਤਰੇ ’ਚ ਇਨ੍ਹਾਂ ਕੰਪਨੀਆਂ ਦਾ ਕੰਮ ਰੁਕੇ ਨਾ।

ਦੂਜਾ ਵੱਡਾ ਕਾਰਨ ਹੈ ਚੀਨ ਦਾ ਹਮਲਾਵਰ ਵਤੀਰਾ। ਚੀਨ ਨੇ ਆਪਣੇ ਹਰ ਗੁਆਂਢੀ ਦੇਸ਼ ਦੀ ਜ਼ਮੀਨ ਹਥਿਆ ਕੇ ਉਸ ਨੂੰ ਨਾਰਾਜ਼ ਕਰ ਿਦੱਤਾ ਹੈ ਤੇ ਉਸ ਦੇ ਲਗਭਗ ਸਾਰੇ ਗੁਆਂਢੀ ਦੇਸ਼ ਚੀਨ ਦੀ ਦਹਿਸ਼ਤ ਦੇ ਪਰਛਾਵੇ ’ਚ ਜਿਉਣ ਲਈ ਮਜਬੂਰ ਹੋ ਗਏ ਹਨ। ਚੀਨ ਦੇ ਹਮਲਾਵਰਪੁਣੇ ਦਾ ਵੱਡਾ ਕਾਰਨ ਉਸ ਦਾ ਆਰਥਿਕ ਤੌਰ ’ਤੇ ਸੰਪੰਨ ਹੋਣਾ ਹੈ, ਇਸ ਲਈ ਅਮਰੀਕਾ, ਪੱਛਮੀ ਯੂਰਪੀ ਦੇਸ਼ ਅਤੇ ਏਸ਼ੀਆ ’ਚ ਜਾਪਾਨ ਅਤੇ ਦੱਖਣੀ ਕੋਰੀਆ ਨੇ ਚੀਨ ਤੋਂ ਆਪਣਾ ਕੰਮ ਸਮੇਟਣਾ ਸ਼ੁਰੂ ਕਰ ਦਿੱਤਾ ਹੈ, ਜੋ ਚੀਨ ਦੇ ਬਿਹਤਰ ਬਦਲ ਦੇ ਰੂਪ ’ਚ ਭਾਰਤ ਦਾ ਰੁਖ ਕਰਨ ਲੱਗੇ ਹਨ। ਜਾਪਾਨ ਨੇ ਸਾਲ 2014 ’ਚ ਭਾਰਤ ਦੇ ਨਾਲ ਹੋਏ ਇਕ ਸਮਝੌਤੇ ਤਹਿਤ 29 ਅਰਬ ਡਾਲਰ ਦੇ ਨਿਵੇਸ਼ ਦਾ ਟੀਚਾ ਪੂਰਾ ਕਰ ਲਿਆ ਹੈ। ਭਾਰਤ ਅਤੇ ਜਾਪਾਨ ਦਰਮਿਆਨ ਇਹ ਸਮਝੌਤਾ ਉਦੋਂ ਹੋਇਆ ਸੀ ਜਦੋਂ ਸ਼ਿੰਜੋ ਆਬੇ ਜਾਪਾਨ ਦੇ ਪ੍ਰਧਾਨ ਮੰਤਰੀ ਸਨ ਅਤੇ ਹੁਣ ਜਾਪਾਨ ਫਿਰ ਤੋਂ ਭਾਰਤ ’ਚ ਪਿਛਲੀ ਵਾਰ ਦੀ ਤੁਲਨਾ ’ਚ ਵੱਧ ਧਨ ਦਾ ਨਿਵੇਸ਼ ਕਰਨ ਜਾ ਰਿਹਾ ਹੈ। ਆਰਥਿਕ ਵਿਕਾਸ ਨਾਲ ਜਲਵਾਯੂ ਪਰਿਵਰਤਨ, ਊਰਜਾ ਸੁਰੱਖਿਆ ਅਤੇ ਸਾਫ ਊਰਜਾ ਲਈ ਆਪਸੀ ਸਹਿਯੋਗ ਵਧਾਉਣ ਲਈ ਦੋਵਾਂ ਦੇਸ਼ਾਂ ਦਰਮਿਆਨ ਸਮਝੌਤਾ ਹੋਇਆ ਹੈ। ਮੌਜੂਦਾ ਸਮੇਂ ’ਚ ਭਾਰਤ ’ਚ 1455 ਜਾਪਾਨੀ ਕੰਪਨੀਆਂ ਕੰਮ ਕਰ ਰਹੀਆਂ ਹਨ।

ਚੀਨ ਨੂੰ ਅਣਡਿੱਠ ਕਰਕੇ ਜਾਪਾਨ ਭਾਰਤ ’ਚ ਇਸ ਲਈ ਵੀ ਨਿਵੇਸ਼ ਕਰ ਕੇ ਭਾਰਤ ਨਾਲ ਵਪਾਰਕ ਅਤੇ ਸੱਭਿਆਚਾਰਕ ਭਾਈਵਾਲੀ ਵਧਾ ਰਿਹਾ ਹੈ ਕਿਉਂਕਿ ਚੀਨ ਨਾਲ ਜਾਪਾਨ ਦਾ ਸ਼ੇਂਕਾਕੂ ਟਾਪੂ ਨੂੰ ਲੈ ਕੇ ਇਕ ਲੰਬੇ ਸਮੇਂ ਤੋਂ ਝਗੜਾ ਚੱਲ ਰਿਹਾ ਹੈ ਅਤੇ ਚੀਨ ਜਿਵੇਂ-ਜਿਵੇਂ ਆਰਥਿਕ ਤੌਰ ’ਤੇ ਮਜ਼ਬੂਤੀ ਹਾਸਲ ਕਰ ਰਿਹਾ ਹੈ, ਉਵੇਂ ਹੀ ਉਸ ਦਾ ਹਮਲਾਵਰਪੁਰਣਾ ਅਤੇ ਆਪਣੇ ਗੁਆਂਢੀਆਂ ਦੀ ਜ਼ਮੀਨ ਹਥਿਆਉਣ ਦਾ ਹੱਠਪੁਣਾ ਵਧਦਾ ਜਾ ਰਿਹਾ ਹੈ। ਇਸ ਦੇ ਨਾਲ ਹੀ ਭਾਰਤ ਦੇ ਕਈ ਪ੍ਰਾਜੈਕਟਾਂ ਲਈ ਵੀ ਜਾਪਾਨ ਨੇ ਭਾਰਤ ’ਚ ਨਿਵੇਸ਼ ਕੀਤਾ ਹੈ ਜਿਨ੍ਹਾਂ ’ਚ ਪੂਰਬ-ਉੱਤਰ ਭਾਰਤ ’ਚ ਮੁੱਢਲੇ ਢਾਂਚਿਆਂ ਦੇ ਵਿਕਾਸ ਦਾ ਮੁੱਦਾ ਅਹਿਮ ਹੈ। ਇਸ ’ਚ ਜੰਗਲ ਮੈਨੇਜਮੈਂਟ, ਕੁਦਰਤੀ ਆਫਤਾਂ ਦੇ ਖਤਰੇ ਨਾਲ ਨਜਿੱਠਣ ਅਤੇ ਇਕ ਇਲਾਕੇ ਨੂੰ ਦੂਸਰੇ ਇਲਾਕੇ ਨਾਲ ਜੋੜਨ ਲਈ ਦੋਵਾਂ ਦੇਸ਼ਾਂ ਨੇ ਆਪਸੀ ਸਮਝੌਤਾ ਕੀਤਾ। ਇਸ ਦੇ ਨਾਲ ਮੇਘਾਲਿਆ, ਤ੍ਰਿਪੁਰਾ ਅਤੇ ਮਿਜ਼ੋਰਮ ’ਚ ਰਾਸ਼ਟਰੀ ਰਾਜਮਾਰਗ ਨੂੰ ਉੱਨਤ ਕਰਨ ਵਰਗੇ ਮੁੱਦੇ ਵੀ ਸ਼ਾਮਲ ਹਨ।

ਭਾਰਤ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕਰਨ ਦੇ ਪਿੱਛੇ ਜਾਪਾਨ ਦਾ ਮਕਸਦ ਇਸ ਦੇ ਨਾਲ ਸਹਿਯੋਗ ਵਧਾਉਣਾ ਹੈ। ਜਾਪਾਨ ਨੇ ਜੋ ਚੀਨ ’ਚ ਨਿਵੇਸ਼ ਕੀਤਾ ਹੈ, ਉਸ ਨਾਲ ਘੱਟ ਲਾਗਤ ’ਚ ਉਹੀ ਨਤੀਜੇ ਭਾਰਤ ’ਚ ਮਿਲ ਸਕਦੇ ਹਨ। ਭਾਰਤ ਭਵਿੱਖ ’ਚ ਉਦਯੋਗਿਕ ਸੰਭਾਵਨਾਵਾਂ ਨੂੰ ਧਿਆਨ ’ਚ ਰੱਖਦੇ ਹੋਏ ਵਿਸ਼ਾਲ ਮੁੱਢਲੇ ਢਾਂਚੇ ਦੀ ਸਥਾਪਨਾ ਕਰ ਰਿਹਾ ਹੈ। ਇਸ ਦੇ ਨਾਲ ਹੀ ਭਾਰਤ ਨੇ 76,000 ਕਰੋੜ ਰੁਪਏ ਦੇ ਜੋ ਪੀ. ਐੱਲ. ਆਈ. ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਹੈ, ਉਸ ਨਾਲ ਕੌਮਾਂਤਰੀ ਪੱਧਰ ’ਤੇ ਇਹ ਸੰਦੇਸ਼ ਗਿਆ ਹੈ ਕਿ ਭਾਰਤ ਹੁਣ ਇਕ ਵੱਡਾ ਉਦਯੋਗਿਕ ਦੇਸ਼ ਬਣਨ ਦੇ ਰਾਹ ’ਤੇ ਵਧ ਰਿਹਾ ਹੈ। ਇਹੀ ਕਾਰਨ ਹੈ ਕਿ ਢੇਰ ਸਾਰੀਆਂ ਵਿਦੇਸ਼ੀ ਕੰਪਨੀਆਂ ਪੀ. ਐੱਲ. ਆਈ. ਸਕੀਮ ਦਾ ਲਾਭ ਉਠਾਉਣਾ ਚਾਹੁੰਦੀਆਂ ਹਨ ਅਤੇ ਭਾਰਤ ਨੂੰ ਇਕ ਉਦਯੋਗਿਕ ਕੇਂਦਰ ਬਣਾਉਣ ’ਚ ਸਹਿਯੋਗ ਦੇ ਰਹੀਆਂ ਹਨ। ਇਸੇ ਕੜੀ ’ਚ ਜਾਪਾਨ ਨੇ ਭਾਰਤ ’ਚ ਇਤਿਹਾਸਕ ਨਿਵੇਸ਼ ਦਾ ਐਲਾਨ ਕਰ ਕੇ ਵਿਸ਼ਵ ਨੂੰ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਹੁਣ ਚੀਨ ਦੇ ਦਿਨ ਲੱਦ ਗਏ ਹਨ ਅਤੇ ਭਾਰਤ ਵਿਸ਼ਵ ਪੱਧਰ ’ਤੇ ਇਕ ਉੱਭਰਦਾ ਸਿਤਾਰਾ ਹੈ, ਜਿਸ ਦੀ ਤਰੱਕੀ ਬੇਰੋਕ ਹੈ।


Manoj

Content Editor

Related News