ਅਹਿਮਦਗਡ਼੍ਹ ਵਿਖੇ ਜ਼ਿਲੇ ਦੀ 10ਵੀਂ ‘ਸਾਂਝੀ ਰਸੋਈ’ ਦਾ ਉਦਘਾਟਨ
Friday, Dec 21, 2018 - 03:28 PM (IST)

ਸੰਗਰੂਰ (ਵਿਵੇਕ ਸਿੰਧਵਾਨੀ)- ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਜ਼ਿਲਾ ਸੰਗਰੂਰ ਦੇ ਨਿਵਾਸੀਆਂ ਨਾਲ ਕੀਤੇ ਵਾਅਦੇ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਅੱਜ ਸਬ-ਡਵੀਜ਼ਨ ਅਹਿਮਦਗਡ਼੍ਹ ਵਿਖੇ ਜ਼ਿਲੇ ਦੀ 10ਵੀਂ ਸਾਂਝੀ ਰਸੋਈ ਦਾ ਉਦਘਾਟਨ ਕੀਤਾ ਗਿਆ। ‘ਸਾਂਝੀ ਰਸੋਈ’ ਨੂੰ ਸਫਲਤਾ ਨਾਲ ਲਾਗੂ ਕਰਨ ’ਚ ਰਾਜ ਦਾ ਮੋਹਰੀ ਜ਼ਿਲਾ ਬਣੇ ਸੰਗਰੂਰ ਦੀਆਂ ਸਾਰੀਆਂ 9 ਸਬ-ਡਵੀਜ਼ਨਾਂ ਦੇ ਸ਼ਹਿਰੀ ਹਿੱਸਿਆਂ ਅਤੇ ਇਕ ਸਬ-ਤਹਿਸੀਲ ’ਚ ਸਾਂਝੀ ਰਸੋਈ ਸਥਾਪਤ ਹੋ ਚੁੱਕੀ ਹੈ, ਜਿਸ ਰਾਹੀਂ ਰੋਜ਼ਾਨਾ ਹਜ਼ਾਰਾਂ ਲੋਡ਼ਵੰਦ ਲੋਕ ਮਹਿਜ਼ 10 ਰੁਪਏ ਵਿਚ ਭਰ ਪੇਟ ਪੌਸ਼ਟਿਕ ਭੋਜਨ ਖਾ ਰਹੇ ਹਨ। ਨਗਰ ਕੌਂਸਲ ਅਹਿਮਦਗਡ਼੍ਹ ਵਿਖੇ ਉਦਘਾਟਨ ਦੀ ਰਸਮ ਅਦਾ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਥੋਰੀ ਨੇ ਦੱਸਿਆ ਕਿ ‘ਸਾਂਝੀ ਰਸੋਈ’ ਪ੍ਰਤੀ ਲੋਡ਼ਵੰਦਾਂ ’ਚ ਵੱਡਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਹਰੇਕ ਨਾਗਰਿਕ ਨੂੰ ਆਪਣੀ ਨੇਕ ਕਮਾਈ ’ਚੋਂ ਅਜਿਹੇ ਕਾਰਜਾਂ ’ਚ ਸਹਿਯੋਗ ਦੇਣ ਲਈ ਉਪਰਾਲੇ ਕਰਨੇ ਚਾਹੀਦੇ ਹਨ। ਇਸ ਮੌਕੇ ਐੱਸ. ਡੀ. ਐੱਮ. ਪੂਨਮਪ੍ਰੀਤ ਕੌਰ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।