ਉਦਯੋਗਪਤੀਆਂ ਨੂੰ ਸਸਤਾ ਕਰਜ਼ਾ ਮੁਹੱਈਆ ਕਰਵਾਇਆ ਜਾਵੇ : ਕਾਂਸਲ

Friday, Dec 21, 2018 - 03:29 PM (IST)

ਉਦਯੋਗਪਤੀਆਂ ਨੂੰ ਸਸਤਾ ਕਰਜ਼ਾ ਮੁਹੱਈਆ ਕਰਵਾਇਆ ਜਾਵੇ : ਕਾਂਸਲ

ਸੰਗਰੂਰ (ਵਿਵੇਕ ਸਿੰਧਵਾਨੀ)- ਸੰਗਰੂਰ ਇੰਡਸਟਰੀ ਚੈਂਬਰ ਵੱਲੋਂ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਫੂਡ ਪ੍ਰੋਸੈਸਿੰਗ ਇੰਡਸਟਰੀ ਵਿਸ਼ੇ ’ਤੇ ਸਮਾਰੋਹ ਦਾ ਆਯੋਜਨ ਜ਼ਿਲਾ ਪ੍ਰਧਾਨ ਘਣਸ਼ਿਆਮ ਕਾਂਸਲ ਅਤੇ ਚੇਅਰਮੈਨ ਡਾ. ਏ .ਆਰ. ਸ਼ਰਮਾ ਦੀ ਅਗਵਾਈ ’ਚ ਕੀਤਾ ਗਿਆ। ਸਮਾਰੋਹ ’ਚ ਡੀ. ਸੀ. ਘਣਸ਼ਿਆਮ ਥੋਰੀ ਮੁੱਖ ਮਹਿਮਾਨ ਅਤੇ ਵਪਾਰ ਮੰਡਲ ਦੇ ਸੂਬਾ ਪ੍ਰਧਾਨ ਪਿਆਰਾ ਲਾਲ ਸੇਠ ਵਿਸ਼ੇਸ਼ ਮਹਿਮਾਨ ਦੇ ਰੂਪ ਵਿਚ ਸ਼ਾਮਲ ਹੋਏ। ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ ਦੇ ਜੀ. ਐੱਮ. ਰਣਜੀਤ ਤੁਲੀ ਨੇ ਸਮਾਰੋਹ ਵਿਚ ਫੂਡ ਪ੍ਰੋਸੈਸਿੰਗ ਤੇ ਇਕ ਖਾਸ ਪ੍ਰੈਜ਼ੇਨਟੇਸ਼ਨ ਪੇਸ਼ ਕੀਤੀ ਅਤੇ ਉਦਯੋਗਪਤੀਆਂ ਨੂੰ ਇਸ ਇੰਡਸਟਰੀ ’ਚ ਨਿਵੇਸ਼ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਫੂਡ ਇੰਡਸਟਰੀ ਤੇ ਸਰਕਾਰ ਵੱਲੋਂ ਵਿਸ਼ੇਸ਼ ਸਬਸਿਡੀ ਅਤੇ ਭਾਰੀ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਇਹ ਇੰਡਸਟਰੀ ਭਵਿੱਖ ਵਿਚ ਭਾਰੀ ਗ੍ਰੋਥ ਦੇ ਨਾਲ ਅੱਗੇ ਵਧੇਗੀ। ਕੇਂਦਰ ਅਤੇ ਸੂਬਾ ਸਰਕਾਰ ਦਾ ਫੋਕਸ ਵੀ ਇਸ ਇੰਡਸਟਰੀ ’ਤੇ ਹੈ। ਉਨ੍ਹਾਂ ਉਦਯੋਗਪਤੀਆਂ ਨੂੰ ਅਪੀਲ ਕੀਤੀ ਕਿ ਲਾਡੋਵਾਲ ’ਚ ਸਥਾਪਤ ਫੂਡ ਪਾਰਕ ’ਚ ਪਲਾਟ ਲੈ ਕੇ ਇਥੇ ਇੰਡਸਟਰੀ ਲਗਾਉਣ। ਡੀ. ਸੀ. ਘਣਸ਼ਿਆਮ ਥੋਰੀ ਨੇ ਕਿਹਾ ਕਿ ਉਦਯੋਗ ਨੂੰ ਪ੍ਰਫੁੱਲਿਤ ਕਰਨ ਲਈ ਸਰਕਾਰ ਵੱਲੋਂ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ ਅਤੇ ਜ਼ਿਲਾ ਸੰਗਰੂਰ ਵਿਚ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਹਰ ਸੰਭਵ ਕੋਸ਼ਿਸ਼ ਹੋ ਰਹੀ ਹੈ। ਦਸ ਕਰੋਡ਼ ਰੁਪਏ ਤੱਕ ਦੀ ਇੰਡਸਟਰੀ ਲਈ ਤੁਰੰਤ ਹੀ ਜ਼ਿਲਾ ਪੱਧਰ ’ਤੇ ਐੱਨ. ਓ. ਸੀ. ਜਾਰੀ ਕੀਤੀ ਜਾ ਰਹੀ ਹੈ। ਵਪਾਰ ਮੰਡਲ ਦੇ ਪ੍ਰਦੇਸ਼ ਪ੍ਰਧਾਨ ਪਿਆਰਾ ਲਾਲ ਸੇਠ ਨੇ ਮੰਗ ਕੀਤੀ ਕਿ ਮਤਦਾਤਾਵਾਂ ਨੂੰ ਰਾਹਤ ਦੇਣ ਦੇ ਇਵਜ਼ ’ਚ ਵਪਾਰੀਆਂ ’ਤੇ ਟੈਕਸ ਨਾ ਥੋਪੇ ਜਾਣ। ਸਰਕਾਰਾਂ ਇਸਦੇ ਲਈ ਵੱਖਰੇ ਤੌਰ ’ਤੇ ਪ੍ਰਾਵਧਾਨ ਕਰਨ। ਡਾ. ਏ. ਆਰ. ਸ਼ਰਮਾ ਅਤੇ ਘਣਸ਼ਿਆਮ ਕਾਂਸਲ ਨੇ ਕਿਹਾ ਕਿ ਉਦਯੋਗ ਨੀਤੀ ਨੂੰ ਜ਼ਿਆਦਾ ਸਰਲ ਬਣਾਇਆ ਜਾਵੇ ਅਤੇ ਉਦਯੋਗਪਤੀਆਂ ਨੂੰ ਵੀ ਬਿਨਾਂ ਵਿਆਜ ਦੇ ਕਰਜ਼ੇ ਉਪਲੱਬਧ ਕਰਵਾਏ ਜਾਣ। ਨਾਲ ਹੀ 60 ਵਰ੍ਹੇ ਦੀ ਉਮਰ ਹੋਣ ਦੇ ਬਾਅਦ ਵਿਦੇਸ਼ਾਂ ਦੀ ਤਰਜ਼ ’ਤੇ ਪੈਨਸ਼ਨ ਅਤੇ ਹੋਰ ਸੁਵਿਧਾਵਾਂ ਦਿੱਤੀਆਂ ਜਾਣ। ਇਸ ਮੌਕੇ ਐੱਸ. ਡੀ. ਐੱਮ. ਅਭਿਸ਼ੇਕ ਗੁਪਤਾ, ਐੱਸ. ਡੀ. ਅੈੱਮ. ਰਣਦੀਪ ਸਿੰਘ ਗਿੱਲ, ਐੱਮ. ਪੀ. ਸਿੰਘ, ਸੰਜੀਵ ਚੋਪਡ਼ਾ, ਵੀ. ਪੀ. ਸਿੰਘ, ਬਲਵਿੰਦਰ ਜਿੰਦਲ, ਮੁਨੀਸ਼ ਸੋਨੀ, ਸੰਦੀਪ ਬਾਂਸਲ, ਸੰਜੈ ਗੋਇਲ, ਸੰਜੀਵ ਸੂਦ, ਸਵਰਣਜੀਤ ਸਿੰਘ, ਰਣਧੀਰ ਸਿੰਘ, ਸੁਨੀਲ ਗੋਇਲ, ਸਤਵੰਤ ਸਿੰਘ, ਭੀਮ ਸੈਨ ਗਰਗ, ਅਮ੍ਰਿਤ ਗਰਗ, ਵਿਜੈ ਮੋਹਨ ਸਿੰਗਲਾ, ਪ੍ਰਭਾਤ ਜਿੰਦਲ, ਜਗਜੀਤ ਸਿੰਘ ਜੌਡ਼ਾ, ਦੀਪਕ ਜਿੰਦਲ, ਅਜੈ ਗਰਗ, ਅਜੈਬ ਸਿੰਘ ਸੱਗੂ ਆਦਿ ਹਾਜ਼ਰ ਸਨ।


Related News