ਦਿੱਲੀ ਕਿਸਾਨ ਮੋਰਚੇ ਦੀ ਯਾਦਗਾਰ ਵਜੋਂ ਬੈਰੀਕੇਡ ਹੀ ਚੁੱਕ ਲਿਆਏ ਸ੍ਰੀ ਮੁਕਤਸਰ ਸਾਹਿਬ ਦੇ ਨੌਜਵਾਨ
Tuesday, Dec 14, 2021 - 07:08 PM (IST)
ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ)-ਦਿੱਲੀ ਕਿਸਾਨ ਮੋਰਚੇ ਦੀ ਜਿੱਤ ਉਪਰੰਤ ਪਿੰਡਾਂ ਨੂੰ ਵਾਪਸ ਆ ਰਹੇ ਕਿਸਾਨਾਂ ਦਾ ਪਿੰਡਾਂ ’ਚ ਭਰਵਾਂ ਸਵਾਗਤ ਹੋ ਰਿਹਾ ਹੈ। ਇਸੇ ਦਰਮਿਆਨ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਕੋਟਲੀ ਦੇਵਨ ਦੇ ਨੌਜਵਾਨ ਜਦੋਂ ਕਿਸਾਨ ਮੋਰਚੇ ਦੀ ਜਿੱਤ ਉਪਰੰਤ ਵਾਪਸ ਪਿੰਡ ਨੂੰ ਪਰਤ ਰਹੇ ਸਨ ਤਾਂ ਉਹ ਪੱਥਰ ਦਾ ਵੱਡਾ ਬੈਰੀਕੇਡ ਹੀ ਨਾਲ ਚੁੱਕ ਕੇ ਲੈ ਆਏ। ਨੌਜਵਾਨਾਂ ਦਾ ਕਹਿਣਾ ਹੈ ਕਿ ਇਹ ਉਹੀ ਬੈਰੀਕੇਡ ਹਨ, ਜਿਨ੍ਹਾਂ ਰਾਹੀਂ ਸਰਕਾਰ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਇਹ ਬੈਰੀਕੇਡ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਰੱਖ ਦਿੱਤਾ ਹੈ ਤੇ ਇਸ ਬੈਰੀਕੇਡ ਦੇ ਨਾਲ ਕਿਸਾਨ ਮੋਰਚੇ ਦਾ ਇਤਿਹਾਸ ਲਿਖ ਕੇ ਲਾਇਆ ਜਾਵੇਗਾ। ਇਹ ਬੈਰੀਕੇਡ ਆਉਣ ਵਾਲੇ ਬੱਚਿਆਂ ਨੂੰ ਦੱਸੇਗਾ ਕਿ ਕਿਸ ਤਰ੍ਹਾਂ ਦਿੱਲੀ ਵਿਖੇ ਕਿਸਾਨ ਮੋਰਚਾ ਲੱਗਿਆ ਤੇ ਇਸ ਨੂੰ ਕਿਸਾਨਾਂ ਨੇ ਜਿੱਤਿਆ।
ਇਹ ਵੀ ਪੜ੍ਹੋ : ਮੁੱਖ ਮੰਤਰੀ ਚੰਨੀ ਨੇ ਹੱਦਬੰਦੀ ਤੋਂ ਜ਼ਿਆਦਾ ਜ਼ਮੀਨ ਰੱਖਣ ਵਾਲੇ ਜ਼ਮੀਨ ਮਾਲਕਾਂ ਦਾ ਮੰਗਿਆ ਬਿਓਰਾ
ਉਨ੍ਹਾਂ ਕਿਹਾ ਕਿ ਇਹ ਬੈਰੀਕੇਡ ਉਹ ਜਿੱਤ ਦੇ ਨਿਸ਼ਾਨ ਵਜੋਂ ਯਾਦਗਾਰ ਬਣਾ ਕੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਰੱਖ ਰਹੇ ਹਨ। ਜਗਦੀਸ਼ ਸਿੰਘ, ਜਸਪ੍ਰੀਤ ਸਿੰਘ ਤੇ ਹਰਚਰਨ ਸਿੰਘ ਨੇ ਦੱਸਿਆ ਕਿ ਇਹ ਪਿੰਡ ’ਚ ਅਜਾਇਬਘਰ ਵਜੋਂ ਕੰਮ ਕਰੇਗਾ। ਉਨ੍ਹਾਂ ਦੇ ਬੱਚੇ ਇਸ ਬੈਰੀਕੇਡ ਰਾਹੀਂ ਹੀ ਕਿਸਾਨ ਮੋਰਚੇ ਦੌਰਾਨ ਜੋ ਕੁਝ ਵਾਪਰਿਆ, ਉਸ ਤੋਂ ਜਾਣੂ ਹੋਣਗੇ।
ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦੱਸੋ