ਨਸ਼ੇ ਦੀ ਓਵਰਡੋਜ਼ ਨਾਲ ਇਕ ਹੋਰ ਨੌਜਵਾਨ ਦੀ ਹੋਈ ਮੌਤ, 'ਚਿੱਟਾ' ਵੇਚਣ ਵਾਲੇ 5 ਤਸਕਰਾਂ ਖਿਲਾਫ਼ ਮੁਕੱਦਮਾ ਦਰਜ

05/31/2023 8:26:21 PM

ਸਿੱਧਵਾਂ ਬੇਟ (ਚਾਹਲ) : ਪਿੰਡ ਸ਼ੇਰੇਵਾਲ ਵਿਖੇ ਇਕ ਨੌਜਵਾਨ ਦੀ 'ਚਿੱਟੇ' ਦਾ ਟੀਕਾ ਲਾਉਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਮੁਤਾਬਕ ਚੱਕ ਕੰਨੀਆਂ ਕਲਾਂ (ਧਰਮਕੋਟ) ਦਾ ਰਹਿਣ ਵਾਲਾ ਜਸਵਿੰਦਰ ਸਿੰਘ ਉਰਫ ਬਿੱਟੂ (24) ਨਸ਼ਾ ਕਰਨ ਦਾ ਆਦੀ ਸੀ ਤੇ ਬੀਤੀ ਸ਼ਾਮ ਉਹ ਪਿੰਡ ਸ਼ੇਰੇਵਾਲ ਵਿਖੇ ਚਿੱਟੇ ਦਾ ਨਸ਼ਾ ਲੈਣ ਲਈ ਆਇਆ ਸੀ, ਜਿੱਥੇ ਉਸ ਨੇ 'ਚਿੱਟੇ' ਦਾ ਟੀਕਾ ਲਗਾ ਲਿਆ ਤੇ ਓਵਰਡੋਜ਼ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ : ਲਾਰੈਂਸ ਬਿਸ਼ਨੋਈ ਦੀ ਹਮਾਇਤ ਪ੍ਰਾਪਤ ਜਬਰੀ ਵਸੂਲੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 3 ਸੰਚਾਲਕ ਗ੍ਰਿਫ਼ਤਾਰ

ਪੁਲਸ ਨੇ ਮ੍ਰਿਤਕ ਦੀ ਮਾਤਾ ਰਾਣੋ ਬਾਈ ਪਤਨੀ ਸਵ. ਹਰਤੇਜ ਸਿੰਘ ਦੇ ਬਿਆਨਾਂ 'ਤੇ ਮ੍ਰਿਤਕ ਨੂੰ 'ਚਿੱਟਾ' ਵੇਚਣ ਵਾਲੇ ਇਕ ਪਰਿਵਾਰ ਦੇ 5 ਮੈਂਬਰਾਂ ਸੋਨਾ ਸਿੰਘ, ਜਸਵਿੰਦਰ ਕੌਰ, ਚਰਨਜੀਤ ਕੌਰ, ਜੋਤੀ ਕੌਰ ਵਾਸੀ ਸ਼ੇਰੋਵਾਲ ਤੇ ਜਗਤਾਰ ਸਿੰਘ ਉਰਫ ਸੂਬਾ ਹਾਲ ਵਾਸੀ ਸ਼ੇਰੇਵਾਲ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਹੁਣ ਇਸ ਅਧਿਕਾਰੀ 'ਤੇ ਡਿੱਗੀ ਵਿਜੀਲੈਂਸ ਦੀ ਗਾਜ, ਵਿੱਤ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ 'ਚ ਗ੍ਰਿਫ਼ਤਾਰ

ਇਸ ਸਬੰਧੀ ਥਾਣਾ ਸਿੱਧਵਾਂ ਬੇਟ ਦੇ ਮੁਖੀ ਕਰਮਜੀਤ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੁਲਸ ਨੇ ਥਾਣਾ ਸਿੱਧਵਾਂ ਬੇਟ ਵਿਖੇ ਮ੍ਰਿਤਕ ਦੀ ਮਾਤਾ ਦੇ ਬਿਆਨਾਂ ਦੇ ਆਧਾਰ 'ਤੇ ਨਸ਼ੇ ਦਾ ਧੰਦਾ ਕਰਨ ਵਾਲੇ ਇਕ ਹੀ ਪਰਿਵਾਰ ਦੇ 5 ਮੈਂਬਰਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਇਹ ਪਰਿਵਾਰ ਪਿਛਲੇ ਕਾਫੀ ਸਮੇਂ ਤੋਂ ਨਸ਼ਾ ਸਮੱਗਲਿੰਗ ਦੇ ਧੰਦੇ ਨਾਲ ਜੁੜਿਆ ਹੋਇਆ ਹੈ ਤੇ ਇਨ੍ਹਾਂ ਖ਼ਿਲਾਫ਼ ਪਹਿਲਾਂ ਵੀ ਨਸ਼ਾ ਵੇਚਣ ਦੀ ਕਈ ਮੁਕੱਦਮੇ ਦਰਜ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News