ਯੂਥ ਕਾਂਗਰਸ ਨੇ ਕਮਲ ਸ਼ਰਮਾ ਦਾ ਘਰ ਘੇਰ ਕੇ ਫੂਕਿਆ ਪੁਤਲਾ

Wednesday, Jun 27, 2018 - 02:00 AM (IST)

ਯੂਥ ਕਾਂਗਰਸ ਨੇ ਕਮਲ ਸ਼ਰਮਾ ਦਾ ਘਰ ਘੇਰ ਕੇ ਫੂਕਿਆ ਪੁਤਲਾ

ਫਿਰੋਜ਼ਪੁਰ(ਮਲਹੋਤਰਾ, ਪਰਮਜੀਤ)-ਪੀ. ਜੀ. ਆਈ. ਸੈਟੇਲਾਈਟ ਸੈਂਟਰ ਦੇ ਨਿਰਮਾਣ ਨੂੰ ਲੈ ਕੇ ਯੂਥ ਕਾਂਗਰਸ ਸੜਕਾਂ 'ਤੇ ਆ ਗਈ ਹੈ। ਅੱਜ ਤੈਅ ਪ੍ਰੋਗਰਾਮ ਤਹਿਤ ਸੈਂਕੜੇ ਕਾਂਗਰਸੀ ਵਰਕਰਾਂ ਨੇ ਸਾਬਕਾ ਪ੍ਰਦੇਸ਼ ਭਾਜਪਾ ਪ੍ਰਧਾਨ ਕਮਲ ਸ਼ਰਮਾ ਦਾ ਘਰ ਘੇਰ ਕੇ ਰੋਸ ਪ੍ਰਦਰਸ਼ਨ ਕਰਦਿਆਂ ਉਨ੍ਹਾਂ ਦਾ ਪੁਤਲਾ ਫੂਕਿਆ। ਜ਼ਿਲਾ ਯੂਥ ਕਾਂਗਰਸ ਪ੍ਰਧਾਨ ਸੁਖਵਿੰਦਰ ਸਿੰਘ ਅਟਾਰੀ ਅਤੇ ਵਪਾਰ ਮੰਡਲ ਦੇ ਪ੍ਰਧਾਨ ਚੰਦਰ ਮੋਹਨ ਦੀ ਪ੍ਰਧਾਨਗੀ 'ਚ ਬੱਸ ਸਟੈਂਡ ਤੋਂ ਪ੍ਰਦਰਸ਼ਨ ਕਰਦੇ ਹੋਏ ਕਾਂਗਰਸੀ ਵਰਕਰ ਕਮਲ ਸ਼ਰਮਾ ਦੇ ਘਰ ਦੇ ਬਾਹਰ ਪੁੱਜੇ। ਇਸ ਮੌਕੇ ਜ਼ਿਲਾ ਯੂਥ ਪ੍ਰਧਾਨ ਸੁਖਵਿੰਦਰ ਸਿੰਘ ਅਟਾਰੀ, ਚੰਦਰ ਮੋਹਨ, ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਪਰਮਿੰਦਰ ਹਾਂਡਾ, ਬਲਾਕ ਰਿੰਕੂ ਗਰੋਵਰ, ਦਲਜੀਤ ਦੁਲਚੀਕੇ, ਸੋਸ਼ਲ ਮੀਡੀਆ ਇੰਚਾਰਜ ਰਿਸ਼ੀ ਸ਼ਰਮਾ, ਰਾਜਿੰਦਰ ਸਿੱਪੀ, ਬੋਹੜ ਸਿੰਘ, ਅਜੇ ਜੋਸ਼ੀ, ਸੰਜੇ ਗੁਪਤਾ, ਸੀਨੀਅਰ ਕਾਂਗਰਸੀ ਨੇਤਾ ਹਰਿੰਦਰ ਸਿੰਘ ਖੋਸਾ ਆਦਿ ਨੇ ਕਿਹਾ ਕਿ ਪੀ. ਜੀ. ਆਈ. ਸੈਟੇਲਾਈਟ ਸੈਂਟਰ 'ਤੇ ਕਿਸੇ ਨੂੰ ਵੀ ਰਾਜਨੀਤੀ ਨਹੀਂ ਕਰਨੀ ਚਾਹੀਦੀ। ਇਹ ਮਾਲਵਾ ਦੇ ਲੱਖਾਂ ਲੋਕਾਂ ਦੀ ਸਿਹਤ ਨਾਲ ਜੁੜਿਆ ਹੋਇਆ ਮਾਮਲਾ ਹੈ। ਅਟਾਰੀ ਨੇ ਕਿਹਾ ਕਿ 2014 'ਚ ਐੱਨ. ਡੀ. ਏ. ਦੀ ਸਰਕਾਰ ਬਣੀ ਤੇ ਉਦੋਂ ਪੰਜਾਬ 'ਚ ਗਠਜੋੜ ਦੀ ਸਰਕਾਰ ਸੀ। 3 ਸਾਲਾਂ ਦੇ ਲੰਬੇ ਸਮੇਂ 'ਚ ਕੇਂਦਰ ਅਤੇ ਪੰਜਾਬ 'ਚ ਅਕਾਲੀ-ਭਾਜਪਾ ਗਠਜੋੜ ਸਰਕਾਰ ਰਹੀ ਪਰ ਕਮਲ ਸ਼ਰਮਾ ਨੇ ਪੀ. ਜੀ. ਆਈ. ਸੈਟੇਲਾਈਟ ਸੈਂਟਰ ਦੇ ਨਿਰਮਾਣ ਦਾ ਕੰਮ ਇਕ ਇੰਚ ਅੱਗੇ ਨਹੀਂ ਵਧਣ ਦਿੱਤਾ। ਜੇਕਰ ਵਾਕਈ ਹੀ ਉਹ ਈਮਾਨਦਾਰੀ ਨਾਲ ਕੰਮ ਕਰਦੇ ਤਾਂ ਸੈਂਟਰ ਇਕ ਸਾਲ 'ਚ ਤਿਆਰ ਹੋ ਜਾਂਦਾ। ਵਪਾਰ ਮੰਡਲ ਦੇ ਪ੍ਰਧਾਨ ਚੰਦਰ ਮੋਹਨ ਹਾਂਡਾ ਨੇ ਕਿਹਾ ਕਿ ਜਿਵੇਂ ਹੀ ਪੰਜਾਬ 'ਚ ਸੱਤਾ ਦਾ ਬਦਲਾਅ ਹੋਇਆ ਤਾਂ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਜ਼ੋਰ-ਸ਼ੋਰ ਨਾਲ ਪੀ. ਜੀ. ਆਈ. ਸੈਟੇਲਾਈਟ ਸੈਂਟਰ ਦੇ ਨਿਰਮਾਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ। ਪੰਜਾਬ ਸਰਕਾਰ ਤੱਕ ਜੋ ਵੀ ਕੰਮ ਫਾਈਲ ਅੱਗੇ ਲਿਜਾਣ ਲਈ ਹੁੰਦੇ ਸਨ, ਉਹ ਹੋ ਚੁੱਕੇ ਹਨ। ਫਾਈਲ ਸੈਂਟਰਲ ਮੰਤਰਾਲਾ ਕੋਲ ਪਹੁੰਚ ਚੁੱਕੀ ਹੈ। ਹਾਂਡਾ ਨੇ ਦੋਸ਼ ਲਾਇਆ ਕਿ ਕਮਲ ਸ਼ਰਮਾ, ਜੋ ਪਿਛਲੇ 5 ਸਾਲਾਂ ਤੋਂ ਕੇਂਦਰ 'ਚ ਰਾਜਨੀਤੀ ਕਰ ਰਹੇ ਹਨ, ਉਹ ਖੁਦ ਪੀ. ਜੀ. ਆਈ. ਸੈਟੇਲਾਈਟ ਸੈਂਟਰ ਬਣਾ ਨਹੀਂ ਸਕੇ, ਹੁਣ ਜਦੋਂ ਵਿਧਾਇਕ ਪਿੰਕੀ ਇਸ ਨੂੰ ਬਣਾਉਣ ਲਈ ਮਿਹਨਤ ਕਰ ਰਹੇ ਹਨ ਤਾਂ ਉਹ ਰੋੜਾ ਅਟਕਾ ਰਹੇ ਹਨ।


Related News