ਨੌਜਵਾਨ ਨੇ ਫ਼ਾਹਾ ਲੈ ਕੇ ਕੀਤੀ ਖ਼ੁਦਕੁਸ਼ੀ, 6 ਮਹੀਨੇ ਪਹਿਲਾਂ ਹੋਇਆ ਸੀ ਵਿਆਹ
Thursday, Jun 13, 2024 - 12:40 PM (IST)
ਡੇਰਾਬੱਸੀ (ਅਨਿਲ) : ਡੇਰਾਬੱਸੀ ਨੇੜਲੇ ਪਿੰਡ ਖੇੜੀ ਸੁੰਡਰਾ ਦੇ ਨੌਜਵਾਨ ਨੇ ਫ਼ਾਹਾ ਲੈ ਕੇ ਜੀਵਨ ਲੀਲਾ ਖ਼ਤਮ ਕਰ ਲਈ। ਮ੍ਰਿਤਕ ਦੀ ਪਛਾਣ 21 ਸਾਲਾ ਅਮਨ ਉਰਫ਼ ਗੋਲਡੀ ਪੁੱਤਰ ਰਵਿੰਦਰ ਸਿੰਘ ਵਾਸੀ ਪਿੰਡ ਖੇੜੀ ਸੁੰਡਰਾ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਦਾ 6 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਕਿਸੇ ਕਾਰਨ 3 ਦਿਨ ਪਹਿਲਾਂ ਹੀ ਗੁੱਸੇ ’ਚ ਆ ਕੇ ਪਤਨੀ ਪੇਕੇ ਘਰ ਚਲੀ ਗਈ ਸੀ। ਪੁਲਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਸੀ. ਆਰ. ਪੀ. ਸੀ.- 174 ਤਹਿਤ ਕੇਸ ਦਰਜ ਕਰ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਗੌਰਵ ਸ਼ਰਮਾ ਨੇ ਦੱਸਿਆ ਕਿ ਮੰਗਲਵਾਰ ਰਾਤ ਅਮਨ ਕਮਰੇ ’ਚ ਸੁੱਤਾ ਪਿਆ ਸੀ, ਜਦੋਂ ਕਿ ਉਸ ਦੇ ਪਰਿਵਾਰਕ ਮੈਂਬਰ ਵੱਖਰੇ ਕਮਰੇ 'ਚ ਸੁੱਤੇ ਪਏ ਸਨ। ਸਵੇਰੇ ਜਦੋਂ ਅਮਨ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ ਤਾਂ ਉਹ ਨਹੀਂ ਉੱਠਿਆ। ਜਦੋਂ ਉਹ ਦਰਵਾਜ਼ੇ ਦੀ ਕੁੰਡੀ ਤੋੜ ਕੇ ਕਮਰੇ ਅੰਦਰ ਗਏ ਤਾਂ ਅਮਨ ਨੇ ਫ਼ਾਹਾ ਲਿਆ ਹੋਇਆ ਸੀ। ਉਸ ਨੂੰ ਡੇਰਾਬੱਸੀ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।