ਅੰਮ੍ਰਿਤਸਰ ਦੇ ਇਸ ਬਾਬੇ ਦੀਆਂ ਨਹੀਂ ਰੀਸਾਂ, ਨੌਜਵਾਨਾਂ ਲਈ ਬਣਿਆ ਮਿਸਾਲ (ਵੀਡੀਓ)

06/22/2018 7:16:51 PM

ਅੰਮ੍ਰਿਤਸਰ (ਸੁਮਿਤ) : ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਖਾਧੀਆਂ ਖੁਰਾਕਾਂ ਕੰਮ ਆਉਣੀਆਂ। ਇਨ੍ਹਾਂ ਪੁਰਾਣੀਆਂ ਖੁਰਾਕਾਂ ਅਤੇ ਮਿਹਨਤ ਦਾ ਹੀ ਅਸਰ ਹੈ ਕਿ ਇਹ 60 ਸਾਲਾ ਬਾਬਾ ਜਦੋਂ ਦੌੜ ਲਗਾਉਂਦਾ ਹੈ ਤਾਂ ਜਵਾਨਾਂ ਨੂੰ ਵੀ ਪਿੱਛੇ ਛੱਡ ਦਿੰਦਾ ਹੈ। ਇਹ ਬਾਬਾ ਹੈ ਅੰਮ੍ਰਿਤਸਰ ਦਾ ਸੁਰਜੀਤ ਸਿੰਘ ਜਿਸ ਨੂੰ ਅੰਮ੍ਰਿਤਸਰ ਦਾ ਮਿਲਖਾ ਸਿੰਘ ਵੀ ਕਿਹਾ ਜਾਂਦਾ ਹੈ। ਉਮਰ ਦੇ ਇਸ ਪੜਾਅ 'ਤੇ ਜਿੱਥੇ ਲੋਕਾਂ ਦੇ ਗੋਡੇ ਜਵਾਬ ਦੇ ਜਾਂਦੇ ਹਨ, ਉੱਥੇ ਹੀ ਸੁਰਜੀਤ ਸਿੰਘ ਰੋਜ਼ 10 ਕਿਲੋਮੀਟਰ ਤੱਕ ਦੌੜ ਲਗਾਉਂਦਾ ਤੇ ਕਸਰਤ ਕਰਦਾ ਹੈ ਤਾਂ ਨੌਜਵਾਨ ਵੀ ਇਸ ਨੂੰ ਦੇਖ ਕੇ ਦੰਦਾ ਹੇਠ ਉਂਗਲੇ ਦੇ ਦਿੰਦੇ ਹਨ। ਆਪਣੀ ਇਸ ਚੁਸਤੀ-ਫੁਰਤੀ ਕਾਰਨ ਸੁਰਜੀਤ ਸਿੰਘ ਨੌਜਵਾਨਾਂ ਲਈ ਮਿਸਾਲ ਬਣ ਚੁੱਕਿਆ ਹੈ। 
ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਉਹ ਜਿਸ ਵੀ ਮੁਕਾਬਲੇ 'ਚ ਜਾਂਦੇ ਹਨ ਤਾਂ ਇਨਾਮ ਜ਼ਰੂਰ ਜਿੱਤਦੇ ਹਨ। ਫਲਾਇੰਗ ਸਿੱਖ ਸੁਰਜੀਤ ਸਿੰਘ ਦੇ ਇਸ ਸਫਰ ਵਿਚ ਸਭ ਤੋਂ ਵੱਡਾ ਸਹਿਯੋਗ ਉਨ੍ਹਾਂ ਦੇ ਦੋਸਤ ਅਤੇ ਕੋਚ ਭਗਵਾਨ ਦਾਸ ਹੈ ਜੋ ਪੁਲਸ ਵਿਚ ਹਨ ਪਰ ਇਸ ਦੇ ਬਾਵਜੂਦ ਉਹ ਸਮਾਂ ਕੱਢ ਕੇ ਸੁਰਜੀਤ ਸਿੰਘ ਵਰਗੇ ਬਜ਼ੁਰਗਾਂ ਅਤੇ ਬੱਚਿਆਂ ਨੂੰ ਮੁਫਤ ਟਰੇਨਿੰਗ ਦਿੰਦੇ ਹਨ। 
ਸੁਰਜੀਤ ਸਿੰਘ ਤੇ ਭਗਵਾਨ ਸਿੰਘ ਵਰਗੇ ਲੋਕ ਹੀ ਨੌਜਵਾਨਾਂ ਨੂੰ ਸਹੀ ਦਿਸ਼ਾ ਦਿਖਾਉਣ ਦਾ ਕੰਮ ਕਰਦੇ ਹਨ ਪਰ ਲੋੜ ਹੈ ਸਮੇਂ ਦੀਆਂ ਸਰਕਾਰਾਂ ਨੂੰ ਇਨ੍ਹਾਂ ਦਾ ਹੱਥ ਫੜਨ ਦੀ। ਪੰਜਾਬ ਵਿਚ ਪ੍ਰੇਰਣਾ ਅਤੇ ਜਜ਼ਬੇ ਦੀ ਘਾਟ ਨਹੀਂ ਹੈ ਪਰ ਇਸ ਨੂੰ ਸਹੀ ਦਿਸ਼ਾ ਵਿਚ ਲਾਉਣ ਦੀ ਲੋੜ ਹੈ।


Related News