ਸ੍ਰੀ ਕੀਰਤਪੁਰ ਸਾਹਿਬ ਵਿਖੇ ਲੋਹੰਡ ਖੱਡ ''ਚ ਨਹਾਉਂਦੇ ਸਮੇਂ ਪਾਣੀ ''ਚ ਡੁੱਬਿਆ ਨੌਜਵਾਨ
Monday, Aug 17, 2026 - 07:40 PM (IST)
ਰੂਪਨਗਰ/ ਸ੍ਰੀ ਕੀਰਤਪੁਰ ਸਾਹਿਬ (ਵਿਜੇ ਸ਼ਰਮਾ)-ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਦੇ ਵਾਰਡ ਨੰਬਰ ਪੰਜ ਕਲਿਆਣਪੁਰ ਵਿੱਚ ਪੈਂਦੀ ਲੋਹੰਡ ਖੱਡ ਵਿੱਚ ਨਹਾਉਂਦੇ ਸਮੇਂ ਇਕ ਹੋਰ ਨੌਜਵਾਨ ਦੇ ਤੇਜ਼ ਪਾਣੀ ਦੇ ਵਹਾਅ ਵਿਚ ਰੁੜ ਗਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 20 ਮਈ, 10 ਜੂਨ, 17 ਜੂਨ ਅਤੇ 31 ਜੁਲਾਈ ਨੂੰ ਵੀ ਲੋਹੰਡ ਖੱਡ-ਸਤਲੁਜ ਦਰਿਆ ਵਿੱਚ ਨਹਾਉਂਦੇ ਸਮੇਂ ਚਾਰ ਨੌਜਵਾਨ ਆਪਣੀ ਜਾਨ ਗੁਆ ਚੁੱਕੇ ਹਨ, ਜਿਨ੍ਹਾਂ 'ਚ ਇਕ ਪੰਜਾਬ ਪੁਲਸ ਦਾ ਜਵਾਨ ਵੀ ਸ਼ਾਮਲ ਸੀ, ਹੁਣ ਇਹ ਗਿਣਤੀ ਪੰਜ ਹੋ ਗਈ ਹੈ। ਇਸ ਦੇ ਬਾਵਜੂਦ ਬਾਹਰਲੇ ਇਲਾਕਿਆਂ ਤੋਂ ਆਉਣ ਵਾਲੇ ਲੋਕ ਇਥੇ ਨਹਾਉਣ ਤੋਂ ਗੁਰੇਜ਼ ਨਹੀਂ ਕਰਦੇ ਅਤੇ ਲਾਪਰਵਾਹੀ ਕਾਰਨ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਮੁੜ ਬਦਲੇਗਾ ਮੌਸਮ! ਅਜੇ ਹੋਰ ਪਵੇਗਾ ਮੀਂਹ, ਅਗਲੇ 5 ਦਿਨਾਂ ਦੀ ਤਾਜ਼ਾ ਅਪਡੇਟ ਜਾਰੀ
ਅੱਜ ਲੋਹੰਡ ਖੱਡ ਵਿੱਚ ਨਹਾਉਂਦੇ ਸਮੇਂ ਤੇਜ਼ ਪਾਣੀ 'ਚ ਰੁੜੇ ਨੌਜਵਾਨ ਦੀ ਪਛਾਣ ਰੋਹਿਤ ਕੁਮਾਰ (34) ਪੁੱਤਰ ਰਵੀ ਕੁਮਾਰ ਵਾਸੀ ਉੱਪਲੀ ਰੋਡ ਸੰਗਰੂਰ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਰੋਹਿਤ ਕੁਮਾਰ ਆਪਣੇ ਦੋਸਤ ਸ਼ੁਭਮ ਪੁੱਤਰ ਬਲਵਿੰਦਰ ਪਾਲ ਸਿੰਘ, ਆਪਣੀ ਭੈਣ ਸ਼ਿਵਾਨੀ ਅਤੇ ਭਤੀਜੇ ਸੁਖਮਨਦੀਪ ਸਿੰਘ ਸਮੇਤ ਦੋ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਲਈ ਆਇਆ ਸੀ। ਦਰਸ਼ਨ ਕਰਨ ਤੋਂ ਬਾਅਦ ਜਦੋਂ ਉਹ ਵਾਪਸ ਸੰਗਰੂਰ ਵੱਲ ਜਾ ਰਹੇ ਸਨ ਤਾਂ ਰੋਹਿਤ ਕੁਮਾਰ ਨੇ ਸ੍ਰੀ ਕੀਰਤਪੁਰ ਸਾਹਿਬ ਸੜਕ ਤੋਂ ਲੋਹੰਡ ਖੱਡ ਵਿੱਚ ਨਹਾਉਂਦੇ ਹੋਏ ਕੁਝ ਨੌਜਵਾਨਾਂ ਨੂੰ ਵੇਖ ਲਿਆ ਅਤੇ ਉਸ ਨੇ ਆਪਣੇ ਸਾਥੀਆਂ ਕੋਲ ਇਸ ਥਾਂ 'ਤੇ ਨਹਾਉਣ ਦੀ ਇੱਛਾ ਜ਼ਾਹਰ ਕੀਤੀ।
ਸ਼ੁਭਮ ਨੇ ਦੱਸਿਆ ਕਿ ਇਸ ਤੋਂ ਬਾਅਦ ਉਹ ਸਾਰੇ ਪਾਣੀ 'ਚ ਨਹਾਉਣ ਲਈ ਚਲੇ ਗਏ। ਨਹਾਉਂਦੇ ਸਮੇਂ ਰੋਹਿਤ ਕੁਮਾਰ ਅਚਾਨਕ ਡੂੰਘੇ ਪਾਣੀ ਵਿੱਚ ਚਲਾ ਗਿਆ ਅਤੇ ਪਾਣੀ ਵਿੱਚ ਡੁੱਬਣ ਲੱਗਾ। ਸ਼ੁਭਮ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਪਾਣੀ ਦਾ ਤੇਜ਼ ਵਹਾਅ ਹੋਣ ਕਾਰਨ ਰੋਹਿਤ ਨੂੰ ਪਾਣੀ ਆਪਣੇ ਨਾਲ ਅੰਦਰ ਵੱਲ ਖਿੱਚ ਕੇ ਲੈ ਗਿਆ।
ਇਹ ਵੀ ਪੜ੍ਹੋ: ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਕੌਮ ਨੂੰ ਕੀਤੀ ਖ਼ਾਸ ਅਪੀਲ, ਘੱਟੋ-ਘੱਟ 3 ਬੱਚੇ ਕਰੋ
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਕੀਰਤਪੁਰ ਸਾਹਿਬ ਪੁਲਸ ਮੌਕੇ ’ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਐੱਸ. ਐੱਚ. ਓ. ਇੰਸਪੈਕਟਰ ਰਾਹੁਲ ਸ਼ਰਮਾ ਨੇ ਦੱਸਿਆ ਕਿ ਸਾਡੇ ਵੱਲੋਂ ਬਾਹਰ ਤੋਂ ਆਉਣ ਵਾਲੇ ਟੂਰਿਸਟ ਨੂੰ ਇਥੇ ਨਹਾਉਣ ਤੋਂ ਰੋਕਣ ਲਈ ਹਰ ਕੋਸ਼ਿਸ਼ ਕੀਤੀ ਗਈ, ਇਥੇ ਸੂਚਨਾ ਬੋਰਡ ਤੋਂ ਇਲਾਵਾ ਐਂਗਲ ਗੱਡ ਕੇ ਕੰਡਿਆਲੀ ਤਾਰ ਵੀ ਲਗਾਈ ਸੀ, ਲੋਕਾਂ ਦੀਆਂ ਗੱਡੀਆਂ ਦੇ ਚਲਾਨ ਵੀ ਕੀਤੇ, ਲੋਕਾਂ ਨੂੰ ਇਥੋਂ ਭਜਾਇਆ ਵੀ, ਮੀਡੀਆ ਰਾਹੀਂ ਲੋਕਾਂ ਨੂੰ ਜਾਣਕਾਰੀ ਵੀ ਦਿੱਤੀ ਪਰ ਇਸ ਦੇ ਬਾਵਜੂਦ ਵੀ ਲੋਕ ਇਥੇ ਨਹਾਉਣ ਤੋਂ ਹਟਦੇ ਨਹੀਂ ਹਨ। ਕਿਉਂਕਿ ਸਥਾਨਕ ਲੋਕਾਂ ਨੂੰ ਤਾਂ ਇਸ ਖੱਡ ਵਿੱਚ ਆਉਂਦੇ ਆਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਦੇ ਪਾਣੀ ਦੀ ਰਫ਼ਤਾਰ ਬਾਰੇ ਜਾਣਕਾਰੀ ਹੈ ਪਰ ਜਿਹੜੇ ਲੋਕ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਲਈ ਬਾਹਰੋਂ ਆਉਂਦੇ ਹਨ ਉਨਾਂ ਨੂੰ ਲੋਹੰਡ ਖੱਡ ਦੇ ਡੂੰਘੇ ਪਾਣੀ ਅਤੇ ਰਫਤਾਰ ਬਾਰੇ ਜਾਣਕਾਰੀ ਨਹੀਂ ਹੈ ਜਿਸ ਕਾਰਨ ਇਹ ਹਾਦਸੇ ਜਿਆਦਾਤਰ ਬਾਹਰ ਦੇ ਲੋਕਾਂ ਨਾਲ ਵਾਪਰ ਰਹੇ ਹਨ।
ਇਹ ਵੀ ਪੜ੍ਹੋ: ਕਹਿਰ ਓ ਰੱਬਾ! ਸੜਕ ਹਾਦਸੇ ਨੇ ਵਿਛਾਏ ਦੋ ਘਰਾਂ 'ਚ ਸੱਥਰ, ਜਿਗਰੀ ਦੋਸਤਾਂ ਦੀ ਇਕੱਠਿਆਂ ਗਈ ਜਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
