ਪੰਜਾਬ ''ਚ ਮੌਸਮ ਨੂੰ ਲੈ ਕੇ ''ਯੈਲੋ ਅਲਰਟ'' ਜਾਰੀ, ਇਨ੍ਹਾਂ ਦਿਨਾਂ ਨੂੰ ਪਵੇਗਾ ਭਾਰੀ ਮੀਂਹ ਤੇ ਆਵੇਗਾ ਝੱਖੜ

Wednesday, Apr 10, 2024 - 06:42 PM (IST)

ਪੰਜਾਬ ''ਚ ਮੌਸਮ ਨੂੰ ਲੈ ਕੇ ''ਯੈਲੋ ਅਲਰਟ'' ਜਾਰੀ, ਇਨ੍ਹਾਂ ਦਿਨਾਂ ਨੂੰ ਪਵੇਗਾ ਭਾਰੀ ਮੀਂਹ ਤੇ ਆਵੇਗਾ ਝੱਖੜ

ਜਲੰਧਰ/ਚੰਡੀਗੜ੍ਹ (ਵੈੱਬ ਡੈਸਕ)- ਮੌਸਮ ਵਿਭਾਗ ਵੱਲੋਂ ਪੰਜਾਬ ਵਿਚ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਦਰਅਸਲ ਪੰਜਾਬ ਸਮੇਤ ਉੱਤਰੀ ਭਾਰਤ ਦੇ ਮੌਸਮ ’ਚ ਵੱਡਾ ਬਦਲਾਅ ਹੋਣ ਵਾਲਾ ਹੈ। ਦਰਅਸਲ 2 ਪੱਛਮੀ ਗੜਬੜੀਆਂ ਰਾਜਸਥਾਨ ’ਚ ਦਸਤਕ ਦੇਣ ਵਾਲੀਆਂ ਹਨ, ਜਿਸ ਕਾਰਨ ਭਾਰੀ ਮੀਂਹ ਅਤੇ ਤੂਫ਼ਾਨ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਪੰਜਾਬ ਵਿਚ ਦਿਨ ਦਾ ਤਾਮਪਾਨ ਆਮ ਨਾਲੋਂ ਥੋੜ੍ਹਾ ਜ਼ਿਆਦਾ ਚੱਲ ਰਿਹਾ ਹੈ ਅਤੇ ਰਾਤ ਦਾ ਘੱਟੋ-ਘੱਟ ਤਾਪਮਾਨ ਆਮ ਦਰਜ ਕੀਤਾ ਗਿਆ ਹੈ। ਪੰਜਾਬ ਵਿਚ ਅੱਜ ਦਿਨ ਦਾ ਤਾਪਮਾਨ 34.4 ਡਿਗਰੀ ਦਰਜ ਕੀਤਾ ਗਿਆ ਹੈ। 

ਮੌਸਮ ਵਿਭਾਗ ਮੁਤਾਬਕ ਪਹਿਲੀ ਪੱਛਮੀ ਗੜਬੜੀ 10 ਅਪ੍ਰੈਲ ਅਤੇ ਦੂਜੀ 13 ਅਪ੍ਰੈਲ ਨੂੰ ਆਉਣ ਵਾਲੀ ਹੈ। ਮੌਸਮ ਵਿਭਾਗ ਵੱਲੋਂ ਪੂਰੇ ਪੰਜਾਬ ਵਿਚ ਯੈਲੋ ਅਲਰਟ ਜਾਰੀ ਕਰਨ ਦੌਰਾਨ ਕਿਹਾ ਗਿਆ ਹੈ ਕਿ 13 ਅਪ੍ਰੈਲ ਤੋਂ ਲੈ ਕੇ 15 ਅਪ੍ਰੈਲ ਤੱਕ ਪੰਜਾਬ ਵਿਚ ਮੀਂਹ ਪਵੇਗਾ। ਇਸ ਦੇ ਨਾਲ ਹੀ ਤੇਜ਼ ਹਵਾਵਾਂ ਵੀ ਚੱਲਣਗੀਆਂ। ਤੂਫ਼ਾਨ ਦੇ ਨਾਲ-ਨਾਲ ਬਿਜਲੀ ਵੀ ਚਮਕੇਗੀ। ਇਸ ਤੋਂ ਇਲਾਵਾ 10 ਅਤੇ 11 ਅਪ੍ਰੈਲ ਨੂੰ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ ’ਚ ਮੀਂਹ ਪਵੇਗਾ।

PunjabKesari

ਇਹ ਵੀ ਪੜ੍ਹੋ- ਤਰਨਤਾਰਨ 'ਚ ਵੱਡੀ ਵਾਰਦਾਤ, ਨੌਜਵਾਨ ਨੂੰ ਸ਼ਰੇਆਮ ਮਾਰੀਆਂ ਗੋਲ਼ੀਆਂ, ਇਕ ਸਾਲ ਪਹਿਲਾਂ ਕਰਵਾਈ ਸੀ 'ਲਵ ਮੈਰਿਜ'

ਇਸ ਦੇ ਨਾਲ ਹੀ ਰਾਜਸਥਾਨ ’ਚ 10 ਤੋਂ 14 ਅਪ੍ਰੈਲ ਦਰਮਿਆਨ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।  ਉਥੇ ਹੀ ਮੌਸਮ ਵਿਭਾਗ ਵੱਲੋਂ ਕਿਸਾਨਾਂ ਨੂੰ ਵੀ ਸਲਾਹ ਦਿੱਤੀ ਹੈ। ਵਾਢੀ ਦੇ ਸੀਜ਼ਨ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਕਿਸਾਨਾਂ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਉਹ ਫ਼ਸਲ ਦੀ ਹਾਰਵੈਸਟਿੰਗ ਮੌਸਮ ਦੇ ਹਾਲਾਤ ਨੂੰ ਵੇਖਦਿਆਂ ਹੋਇਆ ਕਰਨ ਅਤੇ ਜੇਕਰ ਕਿਸਾਨਾਂ ਫ਼ਸਲ ਦੀ ਹਾਰਵੈਸਟਿੰਗ ਕਰ ਲਈ ਹੈ ਤਾਂ ਉਸ ਦੀ ਸਾਂਭ-ਸੰਭਾਲ ਮੌਸਮ ਨੂੰ ਵੇਖਦਿਆਂ ਹੀ ਕਰਨ ਤਾਂਕਿ ਕੋਈ ਨੁਕਸਾਨ ਨਾ ਹੋ ਸਕੇ। 

ਵਰਨਣਯੋਗ ਹੈ ਕਿ ਇਸ ਸਮੇਂ ਪੰਜਾਬ ਦੇ ਕਈ ਇਲਾਕਿਆਂ ਵਿੱਚ ਕਣਕ ਦੀ ਫ਼ਸਲ ਪੱਕ ਚੁੱਕੀ ਹੈ ਅਤੇ ਕਈ ਜ਼ਿਲ੍ਹਿਆਂ ਵਿੱਚ ਫ਼ਸਲ ਪੱਕਣ ਦੀ ਕਗਾਰ 'ਤੇ ਹੈ। ਇਸ ਸਬੰਧੀ ਸਰਕਾਰ ਵੱਲੋਂ ਪਹਿਲੀ ਅਪ੍ਰੈਲ ਤੋਂ ਸਰਕਾਰੀ ਖ਼ਰੀਦ ਕਰਨ ਦਾ ਐਲਾਨ ਕੀਤਾ ਗਿਆ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸਾਨਾਂ ਦੀ ਕਣਕ ਮੰਡੀਆਂ ਵਿੱਚ ਆਉਣ ਵਾਲੀ ਫ਼ਸਲ ਦੀ ਖ਼ਰੀਦ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਜਿਸ ਤਰ੍ਹਾਂ ਮੌਸਮ ਵਿਭਾਗ ਨੇ ਮੌਸਮ ਦੀ ਭਵਿੱਖਬਾਣੀ ਕੀਤੀ ਹੈ, ਉਸ ਨਾਲ ਕਿਸਾਨਾਂ ਦੀਆਂ ਚਿੰਤਾਵਾਂ ਵਧ ਗਈਆਂ ਹਨ। ਜੇਕਰ ਵੇਖਿਆ ਜਾਵੇ ਤਾਂ ਕੁਝ ਦਿਨ ਪਹਿਲਾਂ ਆਏ ਹਨੇਰੀ ਕਾਰਨ ਕਣਕ ਦੀ ਫ਼ਸਲ ਜ਼ਮੀਨ 'ਤੇ ਡਿੱਗ ਗਈ ਹੈ, ਜਿਸ ਕਾਰਨ ਪਹਿਲਾਂ ਹੀ ਕਈ ਫ਼ਸਲਾਂ ਦਾ ਭਾਰੀ ਨੁਕਸਾਨ ਹੋ ਚੁੱਕਾ ਹੈ ਪਰ ਜੇਕਰ ਹੁਣ ਲਗਾਤਾਰ ਬਰਸਾਤ ਹੁੰਦੀ ਹੈ ਤਾਂ ਨੀਵੀਆਂ ਥਾਵਾਂ 'ਤੇ ਬੀਜੀਆਂ ਫ਼ਸਲਾਂ ਦਾ ਨੁਕਸਾਨ ਹੋ ਜਾਵੇਗਾ। 

ਮੀਂਹ ਕਾਰਨ ਕਣਕ ਦੀ ਵਾਢੀ ਵੀ ਹੋਵੇਗੀ ਪ੍ਰਭਾਵਿਤ
ਜੇਕਰ ਪੰਜਾਬ ਭਰ ਵਿਚ ਕਣਕ ਦੀ ਵਾਢੀ ਦੀ ਗੱਲ ਕਰੀਏ ਤਾਂ ਅਸਲ ਵਿਚ ਕਣਕ ਦੀ ਵਾਢੀ ਦਾ ਕੰਮ ਵਿਸਾਖੀ ਤੋਂ ਸ਼ੁਰੂ ਹੋ ਜਾਂਦਾ ਹੈ ਪਰ ਜਿਸ ਤਰ੍ਹਾਂ ਪਿਛਲੇ ਮਹੀਨੇ ਮੀਂਹ ਪਿਆ ਅਤੇ ਫ਼ਸਲਾਂ ਜ਼ਮੀਨ 'ਤੇ ਡਿੱਗ ਗਈਆਂ ਅਤੇ ਹੁਣ ਮੁੜ ਤੋਂ ਮੌਸਮ ਵਿਭਾਗ ਪੰਜਾਬ ਵਿਚ ਇਸ ਕੰਮ 'ਤੇ ਲਗਾਤਾਰ ਨਜ਼ਰ ਰੱਖ ਰਿਹਾ ਹੈ। ਆਉਣ ਵਾਲੇ ਦਿਨਾਂ ਤੱਕ ਮੀਂਹ ਦੀ ਚਿਤਾਵਨੀ ਨਾਲ ਕਣਕ ਦੀ ਵਾਢੀ ਪ੍ਰਭਾਵਿਤ ਹੋਵੇਗੀ ਅਤੇ ਕਣਕ ਦੀ ਵਾਢੀ ਵਿੱਚ ਦੇਰੀ ਹੋਵੇਗੀ।

ਕਿਸਾਨਾਂ ਨੂੰ ਬੰਪਰ ਫ਼ਸਲ ਦੀ ਉਮੀਦ 
ਪੰਜਾਬ ਦੇ ਕਿਸਾਨਾਂ ਨੂੰ ਪੂਰੀ ਉਮੀਦ ਹੈ ਕਿ ਹੁਣੇ-ਹੁਣੇ ਪਏ ਮੀਂਹ ਅਤੇ ਗੜੇਮਾਰੀ ਦੇ ਬਾਵਜੂਦ ਇਸ ਸਾਲ ਕਣਕ ਦੀ ਬੰਪਰ ਪੈਦਾਵਾਰ ਹੋਵੇਗੀ। ਦਰਅਸਲ ਮਾਰਚ ਮਹੀਨੇ ਵਿੱਚ ਹੋਈ ਬੇਮੌਸਮੀ ਬਰਸਾਤ ਕਾਰਨ ਕਈ ਇਲਾਕਿਆਂ ਵਿੱਚ ਕਣਕ ਦੀ ਫ਼ਸਲ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਹਾਲਾਂਕਿ ਬਾਅਦ ਵਿੱਚ ਚੰਗੀ ਧੁੱਪ ਅਤੇ ਗਰਮ ਮੌਸਮ ਨੇ ਫ਼ਸਲ ਨੂੰ ਠੀਕ ਕਰਨ ਵਿੱਚ ਮਦਦ ਕੀਤੀ। ਇਸ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਦੇ ਨੁਕਸਾਨ ਦੀ ਚਿੰਤਾ ਵੀ ਘਟ ਗਈ ਹੈ। ਰਕਬੇ ਵਿੱਚ ਇਸ ਮਾਮੂਲੀ ਕਮੀ ਦੇ ਬਾਵਜੂਦ ਬੰਪਰ ਉਤਪਾਦਨ ਦੀ ਉਮੀਦ ਹੈ।

ਇਹ ਵੀ ਪੜ੍ਹੋ- ਜਲੰਧਰ ਦੇ ਸਿਵਲ ਹਸਪਤਾਲ ਦਾ ਸਟਿੰਗ ਆਪਰੇਸ਼ਨ ਉਡਾ ਦੇਵੇਗਾ ਤੁਹਾਡੇ ਵੀ ਹੋਸ਼, ਵੇਖੋ ਵੀਡੀਓ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News