ਵਰਲਡ ਡਿਸਏਬਿਲਟੀ ਡੇਅ ਮੌਕੇ ਜ਼ਿਲਾ ਪ੍ਰਸ਼ਾਸਨ ਫਤਿਹਗੜ੍ਹ ਸਾਹਿਬ ਦਾ ਨਿਵੇਕਲਾ ਉਪਰਾਲਾ

12/04/2019 10:51:16 AM

ਫਤਿਹਗੜ੍ਹ ਸਾਹਿਬ (ਬਖਸ਼ੀ, ਜਗਦੇਵ)— ਵਰਲਡ ਡਿਸਏਬਿਲਟੀ ਡੇਅ ਮੌਕੇ ਪਿੰਡ ਬਿਲਾਸਪੁਰ ਦੇ ਦਿਵਿਆਂਗ ਵਿਦਿਆਰਥੀ ਅਭੀਜੀਤ ਸਿੰਘ ਦਾ ਡਿਪਟੀ ਕਮਿਸ਼ਨਰ ਬਣਨ ਦਾ ਸੁਫ਼ਨਾ ਪੂਰਾ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਅਭੀਜੀਤ ਨੂੰ ਡਿਪਟੀ ਕਮਿਸ਼ਨਰ, ਫ਼ਤਿਹਗੜ੍ਹ ਸਾਹਿਬ ਦੀ ਕੁਰਸੀ 'ਤੇ ਬਿਠਾਇਆ। ਇਹ ਬੱਚਾ ਸਰਕਾਰੀ ਮਿਲਡ ਸਕੂਲ, ਨੰਗਲਾਂ ਦਾ ਵਿਦਿਆਰਥੀ ਹੈ ਤੇ ਵਰਲਡ ਡਿਸਟੇਬਲਿਟੀ ਡੇਅ ਮੌਕੇ ਸਪੈਸ਼ਲ ਰਿਸੋਰਸ ਸੈਂਟਰ ਵਿਖੇ ਕਰਵਾਏ ਸਮਾਗਮ ਦੌਰਾਨ ਉਸ ਨੇ ਫੈਂਸੀ ਡਰੈੱਸ ਮੁਕਾਬਲੇ 'ਚ ਡਿਪਟੀ ਕਮਿਸ਼ਨਰ ਬਣ ਕੇ ਹਿੱਸਾ ਲਿਆ ਤੇ ਡਿਪਟੀ ਕਮਿਸ਼ਨਰ ਬਣਨ ਦੀ ਇੱਛਾ ਜ਼ਾਹਰ ਕੀਤੀ।

ਸਮਾਗਮ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਸਹਾਇਕ ਕਮਿਸ਼ਨਰ (ਜ) ਜਸਪ੍ਰੀਤ ਸਿੰਘ ਨੇ ਮੌਕੇ 'ਤੇ ਹੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਨਾਲ ਗੱਲਬਾਤ ਕੀਤੀ ਤੇ ਅਭੀਜੀਤ ਨੂੰ ਡੀ. ਸੀ. ਦੀ ਕੁਰਸੀ 'ਤੇ ਬਿਠਾਉਣ ਦਾ ਫ਼ੈਸਲਾ ਲਿਆ ਗਿਆ। ਇਸ ਮੌਕੇ ਅਭੀਜੀਤ ਨੇ ਜ਼ਿਲਾ ਪ੍ਰਸ਼ਾਸਨ ਵੱਲੋਂ ਕੀਤੇ ਉਪਰਾਲੇ ਲਈ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਜ਼ਿੰਦਗੀ 'ਚ ਵੱਧ ਤੋਂ ਵੱਧ ਮਿਹਨਤ ਕਰ ਕੇ ਆਪਣੇ ਸੁਫ਼ਨੇ ਪੂਰੇ ਕਰੇਗਾ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਦਿਵਿਆਂਗਾਂ ਦੀਆਂ ਸਾਰੀਆਂ ਮੁਸ਼ਕਲਾਂ ਹੱਲ ਕਰਨ ਤੇ ਉਨ੍ਹਾਂ ਸਾਰੀਆਂ ਲੋੜੀਂਦੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ ਤੇ ਦਿਵਿਆਂਗਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।ਇਸ ਮੌਕੇ ਐੱਸ. ਡੀ. ਐੱਮ. ਫ਼ਤਿਹਗੜ੍ਹ ਸਾਹਿਬ ਡਾ. ਸੰਜੀਵ ਕੁਮਾਰ, ਜ਼ਿਲਾ ਸਮਾਜਕ ਸੁਰੱਖਿਆ ਅਫ਼ਸਰ ਜੋਬਨਦੀਪ ਕੌਰ ਗਿੱਲ, ਜ਼ਿਲਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਦਿਨੇਸ਼ ਕੁਮਾਰ ਤੇ ਉੱਪ ਜ਼ਿਲਾ ਸਿੱਖਿਆ ਅਫ਼ਸਰ ਦੀਦਾਰ ਸਿੰਘ ਮਾਂਗਟ, ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।


Shyna

Content Editor

Related News