World Book Day Special : ਲਾਕਡਾਊਨ ਦੇ ਸਮੇਂ ਵਿਚ ਮਨ ਦੀ ਤਾਲਾਬੰਦੀ ਨੂੰ ਖੋਲ੍ਹਦੀਆਂ ਇਹ ਕਿਤਾਬਾਂ !

Thursday, Apr 23, 2020 - 03:03 PM (IST)

World Book Day Special : ਲਾਕਡਾਊਨ ਦੇ ਸਮੇਂ ਵਿਚ ਮਨ ਦੀ ਤਾਲਾਬੰਦੀ ਨੂੰ ਖੋਲ੍ਹਦੀਆਂ ਇਹ ਕਿਤਾਬਾਂ !

 ਲਾਕਡਾਊਨ ’ਚ ਵਿਸ਼ਵ ਕਿਤਾਬ ਦਿਹਾੜੇ ਦੇ ਅਰਥ

ਪੰਜਾਬੀ ਯੂਨੀਵਰਸਿਟੀ ਪਟਿਆਲੇ ਕਿਸੇ ਕੰਮ ਗਿਆ ਸੀ। ਮੁੜਨ ਲੱਗੇ ਨੇ ਰਾਣਾ ਰਣਬੀਰ ਦਾ “20 ਨਵੰਬਰ” ਨਾਵਲ ਖਰੀਦਿਆ ਅਤੇ ਬੱਸ ’ਚ ਬੈਠ ਗਿਆ। ਜਲੰਧਰ ਵੱਲ ਨੂੰ ਰਵਾਨਗੀ ਪਾ ਲਈ। ਫਿਲੌਰ ਆਉਣ ਤੋਂ ਪਹਿਲਾਂ ਨਾਵਲ ਪੜ੍ਹ ਲਿਆ । ਲੇਖਕ ਨੂੰ ਫੂਨ ਕਰਕੇ ਇਸ ਰਚਨਾ ਦੀ ਸਿਰਜਣਾ ਲਈ ਵਧਾਈ ਦਿੱਤੀ ਅਤੇ ਅਗਲੀ ਕਿਤਾਬ ਲਈ ਸ਼ੁਭਕਾਮਨਾਵਾਂ। ਮੈਂ ਆਪਣੇ ਨਾਲਦਿਆਂ ਨਾਲ ਇਸਦੀ ਚਰਚਾ ਕੀਤੀ ਤਾਂ ਤਕਰੀਬਨ 15 ਜਣਿਆਂ ਨੇ ਇਹ ਕਿਤਾਬ ਬੜੇ ਚਾਅ ਨਾਲ ਪੜ੍ਹੀ। ਇਨ੍ਹਾਂ ਬਹੁਤੇ ਸਾਹਿਤਕ ਰੁਚੀਆਂ ਤੋਂ ਵੀ ਵਿਰਵੇ ਸਨ ਪਰ ਹੁਣ ਉਨ੍ਹਾਂ ਨੂੰ ਕਿਤਾਬਾਂ ਪੜ੍ਹਨ ਦੀ ਲਾਗ ਲੱਗ ਚੁੱਕੀ ਹੈ ਅਤੇ ਉਹ ਗਾਹੇ ਬਗਾਹੇ ਮੈਨੂੰ ਨਵੀਆਂ ਕਿਤਾਬਾਂ ਬਾਰੇ ਪੁੱਛਦੇ ਰਹਿੰਦੇ ਹਨ। ਅੱਜ ਵਿਸ਼ਵ ਕਿਤਾਬ ਦਿਹਾੜੇ ਮੌਕੇ ਘਰਾਂ ’ਚ ਬੰਦ ਅਸੀਂ ਇਸ ਦਿਨ ਦੀ ਅਹਿਮੀਅਤ ਨੂੰ ਬਾਖੂਬੀ ਸਮਝ ਸਕਦੇ ਹਾਂ। ਸਪੇਨ ਦੇ ਸ਼ਹਿਰ ਕੋਟਾਲੋਨੀਆਂ ਦੇ ਕਿਤਾਬ ਵਿਕਰੇਤਾਵਾਂ ਵਲੋਂ ਵਲੈਸ਼ੀਆ ਦੇ ਲਿਖਾਰੀ ਵੀਸੈਂਟ ਨਲੇਵੈਲ ਆਂਦਰੀ ਵਲੋਂ ਦਿੱਤੀ ਸਲਾਹ ਅਨੁਸਾਰ ਅੰਤਰਰਾਸ਼ਟਰੀ ਕਿਤਾਬ ਦਿਹਾੜਾ 23 ਅ੍ਰਪੈਲ ਨੂੰ ਮਨਾਉਣ ਦੀ ਪਿਰਤ ਪਾਈ ਗਈ।

ਸੰਯੁਕਤ ਰਾਸ਼ਟਰ ਦੇ ਸਿੱਖਿਆ ਸੰਗਠਨ 'ਯੂਨੈਸਕੋ' ਵਲੋਂ ਪੜ੍ਹਨ ਅਤੇ ਪ੍ਰਕਾਸ਼ਨ ਨੂੰ ਸ਼ਕਤੀਸ਼ਾਲੀ ਬਣਾਉਣ ਅਤੇ ਬੌਧਿਕ ਸੰਪਤੀ ਨੂੰ ਕਾਪੀਰਾਈਟ ਰਾਹੀਂ ਸੁਰੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਇਹ ਦਿਨ ਮਨਾਇਆ ਜਾਂਦਾ ਹੈ। ਇਹ ਦਿਨ 'ਯੂਨੈਸਕੋ' ਦੇ ਫੈਸਲੇ ਦੇ ਅਨੁਸਾਰ ਪਹਿਲੀ ਵਾਰ 1995 ਵਿਚ ਮਨਾਇਆ ਗਿਆ। 'ਯੂਨੈਸਕੋ' ਦੀ ਆਮ ਸਭਾ ਵਲੋਂ ਕਿਤਾਬ ਅਤੇ ਲੇਖਕਾਂ ਨੂੰ ਇਸ ਦਿਨ ਉੱਤੇ ਯਾਦ ਕਰਨ ਅਤੇ ਆਮ ਲੋਕਾਂ, ਖਾਸ ਕਰ ਨੌਜਵਾਨਾਂ ਵਿਚ ਕਿਤਾਬ ਪੜ੍ਹਨ ਨੂੰ ਅਨੰਦ ਦੇ ਰੂਪ ਵਿਚ ਲੈਣ ਨੂੰ ਉਤਸ਼ਾਹਿਤ ਕਰਨ ਦਾ ਉਦੇਸ਼ ਵੀ ਇਸ ਦਿਹਾੜੇ ਨੂੰ ਕਿਤਾਬ ਦਿਹਾੜੇ ਦੇ ਰੂਪ ਵਿਚ ਮਨਾਉਣ ਦਾ ਕਾਰਨ ਬਣਿਆ। ਯੂਨੈਸਕੋ ਹਰ ਸਾਲ ਵਿਸ਼ਵ ਦੇ ਕਿਸੇ ਇਕ ਦੇਸ਼ ਦੇ ਸ਼ਹਿਰ ਨੂੰ 'ਯੂਨੈਸਕੋ ਵਿਸ਼ਵ ਕਿਤਾਬ ਰਾਜਧਾਨੀ' ਦਾ ਦਰਜਾ ਪ੍ਰਦਾਨ ਕਰਦਾ ਹੈ। ਭਾਰਤ ਸਥਿਤ ਦਿੱਲੀ ਸ਼ਹਿਰ ਨੂੰ 2005 ਵਿਚ ਵਿਸ਼ਵ ਕਿਤਾਬ ਰਾਜਧਾਨੀ ਬਣਨ ਦਾ ਮਾਣ ਪ੍ਰਾਪਤ ਹੋਇਆ ਸੀ। 2020 ਦਾ ਇਹ ਖਿਤਾਬ ਕੁਆਲਾਲੰਪੁਰ ਸ਼ਹਿਰ ਨੂੰ ਮਿਲਿਆ ।

ਅਸਲ ’ਚ ਕਿਤਾਬ ਸਭ ਤੋਂ ਭਰੋਸੇਯੋਗ ਮਿੱਤਰ ਦੇ ਸਾਮਾਨ ਹੈ। ਇਕੱਲਤਾ ਨੂੰ ਦੂਰ ਕਰਦੀ ਹੈ। ਗਿਆਨ ਦੇ ਬੰਦ ਪਏ ਖਿੜਕੀਆਂ ਦਰਵਾਜ਼ਿਆ ਨੂੰ ਖੋਲ੍ਹਦੀ ਹੈ। ਸਫ਼ਰ ਨੂੰ ਸੁਖਾਵਾਂ ਬਣਾਉਂਦੀ ਹੈ।ਮੁੱਕਦੀ ਗੱਲ ਚੰਗੀ ਜ਼ਿੰਦਗੀ ਜਿਊਣ ਦਾ ਵਸੀਲਾ ਹੈ ਕਿਤਾਬ। ਸਾਡੇ ਸਭਿਆਚਾਰ ਨੂੰ ਕਿਤਾਬਾਂ ਦੇ ਲਿਹਾਜ਼ ਤੋਂ ਸੱਖਣਾ ਅਖਤਿਆਰ ਕੀਤਾ ਜਾਂਦਾ ਹੈ। ਜਦਕਿ ਬੰਗਾਲੀ ਸਭਿਆਚਾਰ ’ਚ ਕਿਤਾਬਾਂ ਤੋਹਫ਼ਿਆਂ ਦੇ ਰੂਪ ’ਚ ਦਿੱਤੀਆਂ ਜਾਂਦੀਆਂ ਹਨ। ਮੇਰੇ ਇਕ ਸਤਿਕਾਰਯੋਗ ਅਧਿਆਪਕ ਨੇ ਦੱਸਿਆ ਕਿ ਉਸਨੇ ਆਪਣੀ ਸੁਹਾਗਰਾਤ ਵਾਲੇ ਦਿਨ ਆਪਣੀ ਪਤਨੀ ਨੂੰ ਤੋਹਫ਼ੇ ਵਜੋਂ ਨਾਮਵਾਰ ਲੇਖਕ ਦੀ ਕਿਤਾਬ ਭੇਟ ਕੀਤੀ ਸੀ ਅਤੇ ਮਗਰੋਂ ਜਾ ਕੇ ਪਤਨੀ ਦੀ ਹੱਲਾਸ਼ੇਰੀ ਸਦਕਾ ਉਸਨੇ ਆਪਣੇ ਜੀਵਨ ਦੇ ਕੌੜੇ ਮਿੱਠੇ ਤਜ਼ਰਬਿਆਂ ਉੱਤੇ ਖੁਦ ਕਈ ਕਿਤਾਬਾਂ ਲਿਖ ਦਿੱਤੀਆਂ।

PunjabKesari

ਕਿਤਾਬਾਂ ਦੀ ਵਿਸ਼ੇਸ਼ਤਾ ਹੈ ਕਿ ਹਰ ਉਮਰ ਦਾ ਵਿਅਕਤੀ ਆਪਣੀ ਰੁਚੀ ਅਨੁਸਾਰ ਪੜ੍ਹ ਸਕਦਾ ਹੈ।ਪਰ ਇਨ੍ਹਾਂ ਦੀ ਚੋਣ ਕਰਨ ਲੱਗਿਆਂ ਸਾਵਧਾਨੀ ਵਰਤਣ ਦੀ ਲੋੜ ਹੁੰਦੀ ਹੈ। ਇਕੋ ਕਿਤਾਬ ਕਿਸੇ ਲਈ ਮਨਪਸੰਦ ਹੋ ਸਕਦੀ ਹੈ ਅਤੇ ਕਿਸੇ ਲਈ ਅਰੌਚਕ। ਕਈ ਪਾਠਕਾਂ ਦੀ ਸ਼ਿਕਾਇਤ ਰਹੀ ਹੈ ਕਿ ਬਹੁਤੇ ਲੇਖਕ ਜ਼ਿੰਦਗੀ ਦੀ ਤੋਰ ਨੂੰ ਸੁਖਾਲਾ ਬਣਾਉਣ ਦੀ ਬਜਾਏ ਗੁੰਝਲਦਾਰ ਬਣਾ ਰਹੇ ਹਨ। ਜਿਸ ਕਰਕੇ ਦੋ ਚਾਰ ਕਿਤਾਬਾਂ ਪੜ੍ਹਕੇ ਉਹ ਪਾਸਾ ਵੱਟਣ ’ਚ ਹੀ ਭਲਾਈ ਸਮਝਦੇ ਹਨ।

ਨਾਕਾਰਤਮਕ ਅਤੇ ਢਾਹੂ ਰੁਚੀਆਂ ਵਾਲਿਆਂ ਲਈ ਉਸਾਰੂ ਅਤੇ ਸੇਧਮਈ ਕਿਤਾਬਾਂ ਦੀ ਲੋੜ ਹੁੰਦੀ ਹੈ ਤਾਂ ਜੋ ਉਨ੍ਹਾਂ ਦੀ ਮਾਨਸਿਕਤਾ  ਮਜ਼ਬੂਤ ਹੋ ਸਕੇ ਪਰ ਬਹੁਤੇ ਪਾਠਕਾਂ ਨੂੰ ਆਪਣੀ ਸਥਿਤੀ ਅਤੇ ਰੁਚੀ ਅਨੁਸਾਰ ਕਿਤਾਬਾਂ ਦੀ ਚੋਣ ਕਰਵਾਉਣ ਵਾਲਾ ਵੀ ਕੋਈ ਨਹੀਂ ਮਿਲਦਾ। ਕੇਰਾਂ ਸ਼ਾਪਿੰਗ ਮਾਲ ’ਚੋਂ ਨਿਕਲੇ ਤਾਂ ਬਾਹਰ ਵੇਖਿਆ ਕਿ ਕਿਤਾਬਾਂ ਦੇ ਵੱਡੇ-ਵੱਡੇ ਦੋ ਸਟਾਲ ਲੱਗੇ ਹੋਏ ਸਨ। ਕਿੱਲੋਆਂ ਦੇ ਹਿਸਾਬ ਨਾਲ ਕਿਤਾਬਾਂ ਵਿਕਣ। ਮੇਰੀ ਪਸੰਦ ਦੀਆਂ ਨਹੀਂ ਸਨ ਪਰ ਫਿਰ ਵੀ ਦੋ ਕਿੱਲੋ ਮੈਂ ਖਰੀਦੀਆਂ ਅਤੇ ਮੇਰੇ ਸਾਥੀਆਂ ਨੇ ਵੀ। ਕਈ ਵਰ੍ਹੇ ਘਰ ਦੇ ਖੂੰਝੇ ਪਈਆਂ ਰਹੀਆਂ। ਅੱਜ ਲਾਕਡਾਊਨ ’ਚ ਇਹੀ ਕਿਤਾਬਾਂ ਮੇਰੀ ਸੰਵੇਦਨਾ ਨੂੰ ਟੁੰਬਦੀਆਂ ਅਤੇ ਜਾਗਰਿਤ ਕਰਦੀਆਂ ਹਨ।

ਮਨੁੱਖ ਨੂੰ ਬਹੁਤ ਕੁਝ ਆਪਣੇ ਵਿਰਸੇ ਅਤੇ ਸਭਿਆਚਾਰ ਚੋਂ ਮਿਲ ਜਾਂਦਾ ਹੈ ਪਰ ਜਿੰਨਾ ਚਿਰ ਸਮਕਾਲੀ ਸਮੇਂ ਦਾ ਗਿਆਨ ਨਾ ਹੋਵੇ ਇਹ ਇਤਿਹਾਸ ਵੀ ਸਿਰਫ ਫ਼ਿਲਾਸਫ਼ੀ ਬਣ ਕਿਤਾਬਾਂ `ਚ ਘੁੱਟਿਆ ਰਹਿੰਦਾ ਹੈ।ਸਾਲਾਂ ਬੱਧੀ ਕਿਤਾਬਾਂ ’ਚ ਅੱਖਰ ਕਿਸੇ ਹੱਥਾਂ ਦੀ ਛੋਹ ਨੂੰ ਤਰਸਦੇ ਰਹਿੰਦੇ ਹਨ। ਕਿਸੇ ਦੇ ਬੁੱਲਾਂ ਦੀ ਮਿਠਾਸ ਬਣਨਾ ਲੋਚਦੇ ਹਨ। ਕੋਈ ਆਉਂਦਾ ਹੈ। ਅੱਖਰ ਪੜ੍ਹਦਾ ਹੈ ਅਤੇ ਸਦੀਆਂ ਸਦੀਆਂ ਦੀ ਰੰਗਤ ’ਚ ਘੁਲ ਜਾਂਦਾ ਹੈ। ਕਿਤਾਬ ਪੜ੍ਹਨਾ ਵੀ ਇਕ ਨਸ਼ਾ ਹੈ। ਹਰ ਨਸ਼ੇ ਦੀ ਤਰ੍ਹਾਂ ਪਰ ਇਸਦੀ ਆਦਤ ਵਿਰਲਿਆਂ ਨੂੰ ਹੀ ਲਗਦੀ ਹੈ। ਕਾਲਜ ਪੜ੍ਹਨ ਦੇ ਦਿਨਾਂ ’ਚ ਕਿਤਾਬਾਂ ਸੰਭਾਲ ਸੰਭਾਲ ਰੱਖਣੀਆਂ । ਪ੍ਰੋਫ਼ੈਸਰ ਸਾਹਿਬਾਨ ਨੇ ਕਹਿਣਾ, ਐਨਾ ਫਿਕਰ ਨਾ ਕਰੋ। ਕਿਸੇ ਨੇ ਆਖਣਾ ਕਿ ਉਸਦੀ ਕਿਤਾਬ ਚੋਰੀ ਹੋ ਗਈ । ਉਸ ਕਹਿਣਾ, ਇਸਤੋਂ ਚੰਗੀ ਗੱਲ ਕੀ ਹੈ । ਚੋਰੀ ਕਰਕੇ ਵੀ ਤਾਂ ਕੋਈ ਇਸਨੂੰ ਪੜ੍ਹਗੇ ਹੀ।

ਲਾਕਡਾਊਨ ’ਚ ਇਸ ਤੋਂ ਵਧੀਆ ਗੱਲ ਹੋਰ ਕੀ ਹੋ ਸਕਦੀ ਹੈ ਕਿ ਕਿਤਾਬਾਂ ਨਾਲੋਂ ਟੁੱਟੀ ਸਾਂਝ ਨੂੰ ਮੁੜ ਜੋੜੀਏ। ਆਓ ਯਾਦ ਕਰੀਏ ਕਿ ਕਿਵੇਂ ਕਿਤਾਬਾਂ ਦੇ ਪੰਨਿਆਂ ’ਚ ਮੋਰਾਂ ਦੇ ਖੰਭ ਤੇ ਵਿੱਦਿਆ ਪੜ੍ਹਾਈ ਦੇ ਬੂਟੇ ਦਾ ਪੱਤਾ ਰੱਖਦੇ ਹੁੰਦੇ ਸੀ। ਜਦੋਂ ਕਿਤਾਬ ’ਚੋਂ ਪੜ੍ਹੀਆਂ ਗੱਲਾਂ ਜ਼ਿੰਦਗੀ ਦੇ ਰੰਗਾਂ ਦੀ ਸੋਬਤ ਨੂੰ ਹੋਰ ਗੂੜਾ ਕਰਦੀਆਂ ਸਨ। ਜਦੋਂ ਅੱਖਰਾਂ ਦੇ ਨਸ਼ੇ ਰੂਹਾਨੀ ਆਨੰਦ ਬਖ਼ਸ਼ਦੇ ਸਨ। ਆਓ ਵਿਸ਼ਵ ਕਿਤਾਬ  ਦਿਹਾੜੇ ’ਤੇ ਕੋਈ ਵੀ ਮਨਪਸੰਦ ਕਿਤਾਬ ਪੜ੍ਹੀਏ ਅਤੇ ਹੋਰਾਂ ਨੂੰ ਵੀ ਪ੍ਰੇਰਿਤ ਕਰੀਏ।

ਹਰਨੇਕ ਸੀਚੇਵਾਲ

9417333397

 


author

rajwinder kaur

Content Editor

Related News