ਸਕੂਟਰੀ ''ਤੇ ਜਾਂਦੀ ਮਹਿਲਾ ਦੀ ਗੁੱਤ ਕੱਟੀ
Monday, Aug 14, 2017 - 04:01 AM (IST)
ਬੰਗਾ, (ਭਟੋਆ)- ਮਹਿਲਾ ਦੀ ਗੁੱਤ ਕੱਟਣ ਦੀ ਘਟਨਾ ਬੀਤੇ ਦਿਨ ਪਿੰਡ ਸਰਹਾਲ ਕਾਜ਼ੀਆਂ ਵਿਖੇ ਵੀ ਵਾਪਰੀ, ਜਿਥੇ ਕੁਲਵਿੰਦਰ ਕੌਰ ਪਤਨੀ ਸਵ. ਸਰਿੰਦਰ ਕੁਮਾਰ ਇਸ ਦੀ ਸ਼ਿਕਾਰ ਬਣੀ। ਕੁਲਵਿੰਦਰ ਨੇ ਦੱਸਿਆ ਕਿ ਉਹ ਆਪਣੀਆਂ ਦੋ ਸਾਥੀ ਮਹਿਲਾਵਾਂ ਨਾਲ ਸਕੂਟਰੀ 'ਤੇ ਕੰਮ ਤੋਂ ਘਰ ਪਰਤ ਰਹੀ ਸੀ। ਰਸਤੇ 'ਚ ਉਸ ਦੇ ਦਪੱਟੇ 'ਤੇ ਕੁਝ ਚੜ੍ਹਿਆ, ਜਿਸ ਨੂੰ ਉਸ ਨੇ ਝਾੜਿਆ ਪਰ ਜਦੋਂ ਉਹ ਪਿੰਡ ਲਾਗੇ ਪਹੁੰਚੀ ਤਾਂ ਉਸ ਨੂੰ ਕੁਝ ਚੱਕਰ ਜਿਹੇ ਆਉਣ ਲੱਗੇ। ਘਰ ਪਹੁੰਚਣ 'ਤੇ ਜਦੋਂ ਉਸ ਨੇ ਸਿਰ 'ਤੇ ਬੰਨ੍ਹਿਆ ਕੱਪੜਾ ਖੋਲ੍ਹਿਆ ਤਾਂ ਉਸ ਦੇ ਹੱਥ 'ਚ ਸਿਰ ਦੇ ਕਾਫ਼ੀ ਵਾਲ ਆ ਗਏ, ਜਿਨ੍ਹਾਂ ਨੂੰ ਦੇਖਦਿਆਂ ਹੀ ਉਹ ਬੇਸੁੱਧ ਹੋ ਗਈ। ਕੁਲਵਿੰਦਰ ਕੌਰ ਨਾਲ ਵਾਪਰੀ ਇਸ ਘਟਨਾ ਤੋਂ ਬਾਅਦ ਮਹਿਲਾਵਾਂ 'ਚ ਆਪਣੀਆਂ ਗੁੱਤਾਂ ਦੀ ਸੁਰੱਖਿਆ ਸਬੰਧੀ ਦਹਿਸ਼ਤ ਦਾ ਮਾਹੌਲ ਦੇਖਿਆ ਜਾ ਰਿਹਾ ਹੈ।
'ਬਜ਼ੁਰਗ ਜੇਕਰ ਔਰਤਾਂ ਨੂੰ ਵਾਲਾਂ ਦੇ ਮਾਮਲੇ 'ਚ ਆਜ਼ਾਦੀ ਦੇ ਦੇਣ ਤਾਂ ਘਟਨਾਵਾਂ ਨਾ ਵਾਪਰਨ' : ਇਨ੍ਹਾਂ ਘਟਨਾਵਾਂ ਨੂੰ ਤਰਕਸ਼ੀਲ ਸਿਰਫ਼ ਵਹਿਮਾਂ-ਭਰਮਾਂ ਦਾ ਹੀ ਇਕ ਹਿੱਸਾ ਮੰਨ ਰਹੇ ਹਨ। ਇਸ ਸਬੰਧੀ ਤਰਕਸ਼ੀਲ ਸੁਸਾਇਟੀ ਦੇ ਮੈਂਬਰ ਮਾਸਟਰ ਸ਼ੰਕਰ ਦਾਸ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਲੋਕਾਂ 'ਚੋਂ ਇਸ ਦਹਿਸ਼ਤ ਨੂੰ ਦੂਰ ਕਰਨ ਲਈ ਇਨ੍ਹਾਂ ਘਟਨਾਵਾਂ ਦੀ ਡੂੰਘਾਈ 'ਚ ਜਾਂਚ ਕਰਵਾਉਣੀ ਚਾਹੀਦੀ ਹੈ ਤੇ ਜੋ ਤੱਥ ਸਾਹਮਣੇ ਆਉਣ, ਉਨ੍ਹਾਂ ਨੂੰ ਲੋਕਾਂ 'ਚ ਲਿਆਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜੇਕਰ ਘਰ ਦੇ ਬਜ਼ੁਰਗ ਮਹਿਲਾਵਾਂ ਨੂੰ ਵਾਲਾਂ ਦੇ ਮਾਮਲੇ 'ਚ ਆਜ਼ਾਦੀ ਦੇ ਦੇਣ ਤਾਂ ਹੋ ਸਕਦਾ ਹੈ ਕਿ ਅਜਿਹੀਆਂ ਘਟਨਾਵਾਂ ਬੰਦ ਹੋ ਜਾਣ।
