ਪੰਜਾਬ 'ਚ ਹੋਰ ਵਧੇਗਾ ਹੱਡ-ਚੀਰਵੀਂ ਠੰਡ ਦਾ ਕਹਿਰ, ਕਿਣ-ਮਿਣ ਦੇ ਨਾਲ ਹੋ ਸਕਦੀ ਹੈ ਗੜੇਮਾਰੀ
Wednesday, Jan 11, 2023 - 12:14 AM (IST)
ਗੁਰਦਾਸਪੁਰ (ਜੀਤ ਮਠਾਰੂ)- ਪਿਛਲੇ ਕਈ ਦਿਨਾਂ ਤੋਂ ਪੈ ਰਹੀ ਹੱਢ ਚੀਰਵੀਂ ਠੰਡ ਦਾ ਕਹਿਰ ਆਉਣ ਵਾਲੇ ਦਿਨਾਂ ਵਿਚ ਹੋਰ ਵਧਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ, ਜਿਸ ਤਹਿਤ ਮੌਸਮ ਵਿਭਾਗ ਵੱਲੋਂ ਜਾਰੀ ਸੂਚਨਾ ਅਨੁਸਾਰ ਪੰਜਾਬ ਅੰਦਰ 11 ਜਨਵਰੀ ਨੂੰ ਤਕਰੀਬਨ ਅਨੇਕਾਂ ਥਾਵਾਂ ’ਤੇ ਬੱਦਲਵਾਹੀ ਨਾਲ ਕਿਣ-ਮਿਣ ਤੇ ਮੀਂਹ ਦੀਆਂ ਹਲਕੀਆਂ ਫੁਹਾਰਾਂ ਪੈਣਗੀਆਂ। ਇਸੇ ਤਰ੍ਹਾਂ 12-13 ਜਨਵਰੀ ਨੂੰ ਕਰੀਬ 50 ਤੋਂ 60 ਫੀਸਦੀ ਇਲਾਕਿਆਂ ਵਿਚ ਗਰਜ-ਲਿਸ਼ਕ ਨਾਲ ਮੀਂਹ ਦੇ ਹਲਕੇ/ਦਰਮਿਆਨੇ ਛਰਾਟੇ ਪੈ ਸਕਦੇ ਹਨ।
ਇਹ ਖ਼ਬਰ ਵੀ ਪੜ੍ਹੋ - ਪ੍ਰੀਖਿਆ ਦੀ ਤਿਆਰੀ ਲਈ ਵਿਦਿਆਰਥੀਆਂ ਦੀ ਸਹਾਇਤਾ ਕਰੇਗੀ ਮਾਨ ਸਰਕਾਰ, ਸਵਾ ਤਿੰਨ ਕਰੋੜ ਰੁਪਏ ਜਾਰੀ
ਖਾਸ ਤੌਰ ’ਤੇ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਨਵਾਂ ਸ਼ਹਿਰ, ਕਪੂਰਥਲਾ, ਲੁਧਿਆਣਾ, ਰੋਪੜ, ਮੋਹਾਲੀ-ਚੰਡੀਗੜ੍ਹ, ਫ਼ਤਿਹਗੜ੍ਹ ਸਾਹਿਬ ਦੇ ਜ਼ਿਆਦਾਤਰ ਖੇਤਰਾ ’ਚ ਦਰਮਿਆਨੀ ਬਾਰਿਸ਼ ਦੀ ਉਮੀਦ ਹੈ। ਕੁਝ ਥਾਵਾਂ ’ਤੇ ਬਾਰੀਕ ਗੜ੍ਹੇਮਾਰੀ ਵੀ ਹੋ ਸਕਦੀ ਹੈ। ਅੰਮ੍ਰਿਤਸਰ, ਤਰਨਤਾਰਨ, ਮੋਗਾ, ਮਲੇਰਕੋਟਲਾ, ਪਟਿਆਲਾ, ਅੰਬਾਲਾ ਦੇ ਕੁਝ ਇਲਾਕਿਆਂ ਵਿਚ ਗਰਜ ਨਾਲ ਵੀ ਹਲਕੇ/ਦਰਮਿਆਨੇ ਛਰਾਟੇ ਪੈ ਸਕਦੇ ਹਨ। ਮਾਲਵੇ ਦੇ ਬਾਕੀ ਹਿੱਸੇ ਵਿਚ 12 ਅਤੇ 13 ਜਨਵਰੀ ਨੂੰ ਧੁੰਦ ਵਾਲੇ ਵਾਲੇ ਬੱਦਲ ਜਾਂ ਧੁੱਪ ’ਚ ਥੋੜ੍ਹੀ ਥਾਂ ਫੁਹਾਰ ਪੈ ਸਕਦੀ ਹੈ। 14 ਜਨਵਰੀ ਨੂੰ ਸਵੇਰ ਵੇਲੇ ਧਾਰ ਕਲਾਂ, ਪਠਾਨਕੋਟ, ਗੁਰਦਾਸਪੁਰ, ਦਸੂਹਾ-ਮੁਕੇਰੀਆਂ ਖੇਤਰ ਹਲਕੀ ਬਰਸਾਤ ਹੋਣ ਦੀ ਸੰਭਾਵਨਾ ਹੈ। 11 ਤੋਂ 14 ਜਨਵਰੀ ਤੱਕ ਜੰਮੂ-ਕਸ਼ਮੀਰ ਤੇ ਹਿਮਾਚਲ 'ਚ ਲੰਬੀ ਓੁਡੀਕ ਦੇ ਬਾਅਦ ਭਾਰੀ ਬਰਫ਼ਵਾਰੀ ਹੋਵੇਗੀ।
ਇਹ ਖ਼ਬਰ ਵੀ ਪੜ੍ਹੋ - ਪੁਲਸ ਮੁਲਾਜ਼ਮ ਦੇ ਕਤਲ ਤੋਂ ਬਾਅਦ ਤਰੁਣ ਚੁੱਘ ਨੇ ਘੇਰੀ 'ਆਪ' ਸਰਕਾਰ, '2 ਕਰੋੜ ਦੇ ਕੇ ਜ਼ਿੰਮੇਵਾਰੀ ਨਹੀਂ ਮੁੱਕਣੀ'
ਸ਼੍ਰੀਨਗਰ, ਡਲਹੌਜੀ, ਮਨਾਲੀ, ਸ਼ਿਮਲਾ ਵਿਚ ਇਨ੍ਹਾਂ ਦਿਨਾਂ ਵਿਚ ਇਸ ਸਿਆਲ ਦੀ ਪਹਿਲੀ ਬਰਫ਼ਵਾਰੀ ਹੋਣ ਦੀ ਸੰਭਾਵਨਾ ਹੈ। ਸੋਲਨ, ਮੈਕਲੋਡਗੰਜ ਤੇ ਕਸੌਲੀ ਵਰਗੇ ਪਹਾੜੀ ਖੇਤਰਾਂ ’ਚ ਵੀ ਬਰਫ਼ ਡਿੱਗ ਸਕਦੀ ਹੈ। ਇਸ ਸੰਭਾਵੀ ਮੀਂਹ ਤੇ ਬਰਫ਼ਵਾਰੀ ਮਗਰੋਂ ਪ੍ਰਦੂਸ਼ਣ ਘਟੇਗਾ ਜਦੋਂ ਕਿ 15, 16, 17 ਜਨਵਰੀ ਨੂੰ ਪੰਜਾਬ ’ਚ ਕੜਾਕੇ ਦੀ ਠੰਡ ਪਵੇਗੀ ਅਤੇ ਨਾਲ ਹੀ ਸੰਘਣੀ ਧੁੰਦ ਵੀ ਪਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।