ਪੰਜਾਬ 'ਚ ਸੰਘਣੀ ਧੁੰਦ ਤੇ ਸੀਤ ਲਹਿਰ ਨੂੰ ਲੈ ਕੇ ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ, 'ਆਰੇਂਜ' ਅਲਰਟ ਜਾਰੀ

Saturday, Dec 31, 2022 - 10:55 AM (IST)

ਚੰਡੀਗੜ੍ਹ (ਪਾਲ) : ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਨੇ ਪਿਛਲੇ 24 ਘੰਟਿਆਂ ਦੌਰਾਨ ਸੰਘਣੀ ਧੁੰਦ ਦੀ ਸਥਿਤੀ ਦੇਖੀ ਹੈ। ਸ਼ੁੱਕਰਵਾਰ ਨੂੰ ਪੰਜਾਬ, ਚੰਡੀਗੜ੍ਹ ਸਮੇਤ ਕੁੱਝ ਇਲਾਕਿਆਂ 'ਚ ਸਵੇਰੇ 200 ਮੀਟਰ ਤੋਂ ਵੀ ਘੱਟ ਵਿਜ਼ੀਬਿਲਟੀ ਦੇਖਣ ਨੂੰ ਮਿਲੀ। ਅਜਿਹੇ 'ਚ ਮੌਸਮ ਵਿਗਿਆਨ ਕੇਂਦਰ ਨੇ ਸੀਤ ਲਹਿਰ ਅਤੇ ਸੰਘਣੀ ਧੁੰਦ ਦੀ ਚਿਤਾਵਨੀ ਦਿੱਤੀ ਹੈ। ਕੇਂਦਰ ਵੱਲੋਂ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਅਗਲੇ 4-5 ਦਿਨਾਂ ਦੌਰਾਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਅਗਲੇ 3 ਦਿਨਾਂ ਦੌਰਾਨ ਘੱਟੋ-ਘੱਟ ਤਾਪਮਾਨ 'ਚ 3 ਤੋਂ 5 ਡਿਗਰੀ ਸੈਲਸੀਅਸ ਦੀ ਗਿਰਾਵਟ ਆਵੇਗੀ ਅਤੇ ਇਸ ਤੋਂ ਬਾਅਦ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਜ਼ਿਆਦਾਤਰ ਹਿੱਸਿਆਂ 'ਚ ਤਾਪਮਾਨ 'ਚ ਕੋਈ ਵੱਡੀ ਤਬਦੀਲੀ ਨਹੀਂ ਹੋਵੇਗੀ। 1 ਤੋਂ 3 ਜਨਵਰੀ ਨੂੰ ਪੰਜਾਬ 'ਚ ਕੁੱਝ ਥਾਵਾਂ ‘ਤੇ ਸੰਘਣੇ ਤੋਂ ਬਹੁਤ ਸੰਘਣਾ ਕੋਹਰਾ ਪੈਣ ਦੀ ਸੰਭਾਵਨਾ ਹੈ। ਦੂਜੇ ਪਾਸੇ 31 ਦਸੰਬਰ ਤੋਂ 3 ਜਨਵਰੀ ਤੱਕ ਹਰਿਆਣਾ ਅਤੇ ਚੰਡੀਗੜ੍ਹ 'ਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਅਗਲੇ 4-5 ਦਿਨਾਂ ਦੌਰਾਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਕੁਝ ਥਾਵਾਂ ’ਤੇ ਸੀਤ ਲਹਿਰ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : PSEB ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਬੋਰਡ ਨੇ ਜਾਰੀ ਕੀਤਾ ਇਹ ਨਤੀਜਾ
-0.4 ਮਿਲੀਮੀਟਰ ਮੀਂਹ ਹੋਇਆ ਟ੍ਰੇਸ, ਦਿਨ ਦੇ ਪਾਰੇ 'ਚ ਵਾਧਾ
ਸ਼ੁੱਕਰਵਾਰ ਸਵੇਰ ਤੋਂ ਹੀ ਸ਼ਹਿਰ 'ਚ ਧੁੰਦ ਛਾਈ ਹੋਈ ਸੀ ਪਰ 12 ਵਜੇ ਤੋਂ ਬਾਅਦ ਮੀਂਹ ਵੀ ਪਿਆ। ਮੌਸਮ ਵਿਭਾਗ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਦੱਸਿਆ ਕਿ ਪੱਛਮੀ ਗੜਬੜੀ ਕਾਰਣ ਦੁਪਹਿਰ ਵੇਲੇ ਬੂੰਦਾ-ਬਾਂਦੀ ਹੋਈ। ਪੱਛਮੀ ਪੌਣਾਂ ਸਰਗਰਮ ਹਨ, ਜਿਸ ਦਾ ਅਸਰ ਪੰਜਾਬ 'ਚ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਮੀਂਹ ਤੋਂ ਬਾਅਦ ਕੁੱਝ ਸਮੇਂ ਲਈ ਸੂਰਜ ਵੀ ਨਿਕਲ ਗਿਆ। ਦਿਨ ਦੇ ਤਾਪਮਾਨ 'ਚ ਮਾਮੂਲੀ ਵਾਧਾ ਦੇਖਿਆ ਗਿਆ। ਵੱਧ ਤੋਂ ਵੱਧ ਤਾਪਮਾਨ 20.4 ਡਿਗਰੀ ਦਰਜ ਕੀਤਾ ਗਿਆ, ਜੋ ਇਕ ਦਿਨ ਪਹਿਲਾਂ 14.6 ਡਿਗਰੀ ਸੀ। ਆਉਣ ਵਾਲੇ ਦਿਨਾਂ 'ਚ ਤਾਪਮਾਨ 'ਚ ਗਿਰਾਵਟ ਦੀ ਸੰਭਾਵਨਾ ਘੱਟ ਹੈ। ਜਿਥੋਂ ਤੱਕ ਘੱਟੋ-ਘੱਟ ਤਾਪਮਾਨ ਦਾ ਸਵਾਲ ਹੈ, ਇਹ 10.3 ਡਿਗਰੀ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ : ਸਥਾਨਕ ਸਰਕਾਰਾਂ ਵਿਭਾਗ ਦੀ ਵੱਡੀ ਕਾਰਵਾਈ : ਮੋਹਾਲੀ ਦੇ ਮੇਅਰ ਅਮਰਜੀਤ ਸਿੱਧੂ ਦੀ ਕੌਂਸਲਰ ਵੱਜੋਂ ਮੈਂਬਰਸ਼ਿਪ ਖਾਰਜ
ਅੱਗੇ ਮੌਸਮ ਕਿਹੋ ਜਿਹਾ ਰਹੇਗਾ
ਸ਼ਨੀਵਾਰ ਨੂੰ ਆਸਮਾਨ ਸਾਫ਼ ਰਹਿਣ ਦੀ ਸੰਭਾਵਨਾ ਹੈ, ਹਲਕੀ ਧੁੰਦ ਪੈਣ ਦੀ ਸੰਭਾਵਨਾ ਹੈ, ਵੱਧ ਤੋਂ ਵੱਧ ਤਾਪਮਾਨ 19 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 8 ਡਿਗਰੀ ਹੋ ਸਕਦਾ ਹੈ। ਐਤਵਾਰ ਨੂੰ ਸੰਭਾਵੀ ਤੌਰ ’ਤੇ ਬੱਦਲਵਾਈ ਦੇ ਆਸਾਰ, ਧੁੰਦ ਪੈਣ ਦੀ ਸੰਭਾਵਨਾ, ਵੱਧ ਤੋਂ ਵੱਧ ਤਾਪਮਾਨ 17 ਅਤੇ ਘੱਟੋ-ਘੱਟ ਤਾਪਮਾਨ 7 ਡਿਗਰੀ ਰਹੇਗਾ। ਸੋਮਵਾਰ ਨੂੰ ਆਸਮਾਨ ਸਾਫ਼ ਰਹਿਣ ਦੀ ਸੰਭਾਵਨਾ ਹੈ, ਧੁੰਦ ਰਹਿਣ ਦੀ ਸੰਭਾਵਨਾ ਹੈ, ਵੱਧ ਤੋਂ ਵੱਧ ਤਾਪਮਾਨ 18 ਡਿਗਰੀ ਸੈਲਸੀਅਸ ਰਹੇਗਾ, ਜਦੋਂਕਿ ਘੱਟੋ-ਘੱਟ ਤਾਪਮਾਨ 8 ਡਿਗਰੀ ਸੈਲਸੀਅਸ ਤੱਕ ਰਹੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਬਦਲੇਗਾ ਮੌਸਮ ਦਾ ਮਿਜਾਜ਼, ਮੌਸਮ ਵਿਭਾਗ ਨੇ ਮੀਂਹ ਪੈਣ ਦੀ ਦਿੱਤੀ ਚਿਤਾਵਨੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News