ਸਰਕਾਰਾਂ ਤੇ ਸਾਹਿਤਕਾਰਾਂ ਨੇ ਮਿਲ ਕੇ ਵਿਸਾਰਿਆ ਪੰਜਾਬ ਦਾ ਮਹਾਨ ਸੂਫ਼ੀ ਕਿੱਸਾਕਾਰ ਸੱਯਦ ਵਾਰਿਸ ਸ਼ਾਹ

02/23/2022 5:54:36 PM

ਪਟਿਆਲਾ- ਇਹ ਡਾਢਾ ਖੇਦਜਨਕ ਸੱਚ ਹੈ ਕਿ ਸਮੇਂ ਦੀਆਂ ਸਰਕਾਰਾਂ, ਪੰਜਾਬ ਦੇ ਭਾਸ਼ਾ ਵਿਭਾਗ, ਪੰਜਾਬ  ਦੀਆਂ ਯੂਨੀਵਰਸਿਟੀਆਂ, ਸਾਹਿਤਕਾਰਾਂ, ਕਲਾਕਾਰਾਂ, ਲੇਖਕਾਂ ਅਤੇ ਪੰਜਾਬ ਆਰਟਸ ਕੌਂਸਲ ਦੇ ਅਹੁਦੇਦਾਰਾਂ ਨੇ ਮਿਲ ਕੇ ਵਿਸਾਰਿਆ ਹੈ ਪੰਜਾਬ ਦਾ ਮਹਾਨ ਵਿਰਾਸਤੀ ਨਾਇਕ, ਸੂਫ਼ੀ ਕਿੱਸਾਕਾਰ, ਹੀਰ-ਵਾਰਿਸ ਦਾ ਕਰਤਾ ਸੱਯਦ ਵਾਰਿਸ ਸ਼ਾਹ। ਪੰਜਾਬ ਦੀਆਂ ਪੁਰਾਤਨ ਅਤੇ ਅਮਰ ਲੋਕ-ਗਾਥਾਵਾਂ ਦੇ ਮਹਾਨ ਨਾਇਕ, ਸੱਯਦ ਵਾਰਿਸ ਸ਼ਾਹ ਦਾ ਜਨਮ ਅੱਜ ਤੋਂ 300 ਵਰ੍ਹੇ ਪਹਿਲਾਂ, ਨਾਮਵਰ ਸੱਯਦ ਖ਼ਾਨਦਾਨ ਵਿੱਚ, ਪਿੰਡ ਜੰਡਿਆਲਾ ਸ਼ੇਰਖਾਨ (ਸ਼ੇਖੂਪੁਰਾ) ਜੋ ਹੁਣ ਪਾਕਿਸਤਾਨ ਵਿੱਚ ਹੈ, 23 ਜਨਵਰੀ 1722 ਨੂੰ ਹੋਇਆ ਸੀ। ਵਾਰਿਸ ਨੇ ਹਾਲੇ ਜਵਾਨੀ ਦੀ ਦਹਿਲੀਜ਼ 'ਤੇ ਪੈਰ ਹੀ ਧਰਿਆ ਹੀ ਸੀ ਕਿ ਉਸ ਦੇ ਮਾਤਾ-ਪਿਤਾ ਗੁਜ਼ਰ ਗਏ। ਵਾਰਿਸ ਦੇ ਪਿਤਾ ਦਾ ਨਾਮ ਗ਼ੁਲਸ਼ੇਰ ਸ਼ਾਹ ਅਤੇ ਮਾਤਾ ਦਾ ਨਾਮ ਕਮਾਲ ਬਾਨੋ ਸੀ। ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਵਾਰਿਸ ਸ਼ਾਹ ਨੇ ਅੰਤਾਂ ਦੀ ਉਦਾਸੀ ਦੇ ਆਲਮ ਵਿੱਚ ਆਪਣਾ ਪਿੰਡ ਅਤੇ ਘਰ ਬਾਰ ਛੱਡ ਦਿੱਤਾ। ਫਿਰ ਉਹ ਕਿਸੇ ਨਿਪੁੰਨ ਰੁਹਾਨੀ ਰਾਹਬਰੀ ਦੀ ਤਲਾਸ਼ ਵਿੱਚ ਦਰ-ਬ-ਦਰ ਭਟਕਦਾ ਰਿਹਾ। ਅੰਤ ਉਸ ਨੇ ਕਸੂਰ ਦੇ ਹਾਫ਼ਿਜ਼ ਗ਼ੁਲਾਮ ਮੁਰਤਜ਼ਾ ਨੂੰ ਆਪਣਾ ਉਸਤਾਦ ਧਾਰਨ ਕਰ ਲਿਆ ਅਤੇ ਉਸੇ ਪਾਸੋਂ ਹਰ ਕਿਸਮ ਦੀ ਤਾਲੀਮ ਹਾਸਲ ਕੀਤੀ।

ਸੱਯਦ ਵਾਰਿਸ਼ ਸ਼ਾਹ ਨੇ, ਚਿਸ਼ਤੀ ਪੱਧਤੀ ਦੀ ਤਜਵੀਜ਼ ਅਨੁਸਾਰ, ਹੀਰ-ਰਾਂਝੇ ਦੇ ਇਸ਼ਕ ਅਤੇ ਮਬਨੀ,ਸ਼ਾਹਕਾਰੀ ਕਿੱਸਾ-ਕਾਵ, ਹੀਰ-ਵਾਰਿਸ ਦੇ ਸਿਰਲੇਖ ਹੇਠ ਕਲਮਬੰਦ ਕੀਤਾ, ਜੋ ਇੰਨਾ ਮਕਬੂਲ ਹੋਇਆ ਕਿ ਲੋਕਾਂ ਦੀ ਜ਼ੁਬਾਨ 'ਤੇ ਮੁਹਾਵਰਾ ਬਣ ਕੇ ਉੱਕਰਿਆ ਗਿਆ ਅਤੇ ਅੱਜ ਵੀ ਲਗਭਗ 250 ਸਾਲ ਬੀਤ ਜਾਣ ਤੋਂ ਬਾਅਦ ਵੀ ਉਸ ਦੀ ਮਕਬੂਲੀਅਤ ਅਤੇ ਸੱਜਰਾਪਣ ਜਿਉਂ ਦਾ ਤਿਉਂ ਹੈ। ਪਰ ਇਹ ਇਕ ਵੱਡਾ ਸਵਾਲ ਹੈ ਕਿ ਪੰਜਾਬ ਦੇ ਇਸ ਮਹਾਨ ਨਾਇਕ, ਸੂਫ਼ੀ ਕਿੱਸਾਕਾਰ ਦਾ 300ਵਾਂ ਯਾਦਗਾਰੀ ਜਨਮ ਦਿਹਾੜਾ, ਸਮੇਂ ਦੀ ਸਰਕਾਰ, ਸਾਹਿਤਕਾਰਾਂ ਅਤੇ ਕਲਮਗੀਰਾਂ ਦੀ ਕਿਸੇ ਵੀ ਵੱਡੀ ਅੰਜੁਮਨ ਦੀ ਤਵੱਜੋ ਦਾ ਮਰਕਜ਼ ਕਿਉਂ ਨਹੀਂ ਬਣ ਸਕਿਆ ? ਪੰਜਾਬ ਦੇ ਲੇਖਕਾਂ ਦੀ ਸਭ ਤੋਂ ਪੁਰਾਣੀ ਅਤੇ ਵੱਡ ਅਕਾਰੀ, ਪੰਜਾਬੀ ਸਾਹਿਤ ਅਕੈਡਮੀ, ਜਿਸ ਦਾ ਸਦਰ ਮੁਕਾਮ ਲੁਧਿਆਣਾ ਵਿੱਚ ਹੈ, ਨੇ ਵੀ ਸੱਯਦ ਵਾਰਿਸ ਸ਼ਾਹ ਨੂੰ ਉਸ ਦੇ ਯਾਦਗਾਰੀ ਜਨਮ-ਦਿਹਾੜੇ 'ਤੇ ਚੇਤੇ ਕਰਨਾ ਮੁਨਾਸਿਬ ਨਹੀਂ ਸਮਝਿਆ। 

ਇਹ ਵੀ ਪੜ੍ਹੋ: ਜਲੰਧਰ 'ਚ ਇਨਸਾਨੀਅਤ ਸ਼ਰਮਸਾਰ, ਕੁੜੀ ਨਾਲ ਜਬਰ-ਜ਼ਿਨਾਹ ਮਗਰੋਂ ਕੁੱਟਮਾਰ, ਹਾਲਤ ਨਾਜ਼ੁਕ

PunjabKesari

ਪੰਜਾਬ ਦੀ ਸਰਕਾਰੀ ਆਰਟਸ ਕੌਂਸਲ, ਜਿਸ ਦੇ ਸਾਹਿਬ-ਏ-ਸਦਰ ਜਨਾਬ ਸੁਰਜੀਤ ਪਾਤਰ ਜੀ ਹਨ ਅਤੇ ਉਹ ਖ਼ੁਦ ਵੀ ਵੱਡੇ ਸ਼ਾਇਰ ਹੋਣ ਦੀ ਹੈਸੀਅਤ ਵਿੱਚ ‘ਵਾਰਿਸਾਂ ਦੇ ਵਾਰਿਸ’ ਹਨ, ਉਨ੍ਹਾਂ ਨੇ ਵੀ ਇਸ ਪਾਸੇ ਨਾ ਤਾਂ ਸਰਕਾਰ ਦੀ ਤਵੱਜੋ ਨੁੰ ਆਕਰਸ਼ਿਤ ਕੀਤਾ ਅਤੇ ਨਾ ਹੀ ਪੰਜਾਬ ਆਰਟਸ ਕੌਂਸਲ ਵੱਲੋਂ ਇਸ ਸੂਫ਼ੀ ਕਿੱਸਾਕਾਰ ਦਾ 300ਵਾਂ ਯਾਦਗਾਰੀ ਜਨਮ-ਦਿਹਾੜਾ ਸ਼ਾਨਾਂਮੱਤੇ ਢੰਗ ਨਾਲ ਮਨਾਉਣ ਲਈ ਕੋਈ ਉਪਰਾਲਾ ਕੀਤਾ ਹੈ। ਹੁਣ ਜੇ ਅਜਿਹੇ ਯਾਦਗਾਰੀ ਮਰਹਲੇ, ਯਾਦ ਕਰਨ ਸਮੇਂ, ਸਰਕਾਰਾਂ ਅਤੇ ਸਰਕਾਰ ਦੀਆਂ ਯੂਨੀਵਰਸਿਟੀਆਂ, ਕਲਾ ਕੌਂਸਲਾਂ ਅਤੇ ਸਰਕਾਰ ਦਾ ਭਾਸ਼ਾ ਵਿਭਾਗ, ਸਾਰੇ ਹੀ ਗਫ਼ਲਤਾਂ ਦੀ ਗੂੜ੍ਹੀ ਨੀਂਦ ਵਿੱਚ ਗਵਾਚੇ ਹੋਣ ਤਾਂ ਫੇਰ ਪੰਜਾਬ ਦੇ ਭਾਸ਼ਾਈ ਸੱਭਿਆਚਾਰ, ਭਾਸ਼ਾਈ ਵਿਕਾਸ, ਪੰਜਾਬ ਦੀਆਂ ਕੋਮਲ ਕਲਾਵਾਂ, ਲੋਕ-ਗਾਥਾਵਾਂ ਅਤੇ ਲੋਕ ਕਲਾ-ਕ੍ਰਿਤੀਆਂ ਦੀ ਪਾਸਬਾਨੀ ਕੌਣ ਕਰੇਗਾ ? ਆਖਿਰ ਪੰਜਾਬ ਦੇ ਕਲਾਤਮਕ ਵਿਰਸੇ ਨਾਲ ਸਬੰਧਤ, ਸੂਖ਼ਮ ਸਰੋਕਾਰਾਂ ਨੁੰ ਕੌਣ ਮੁਖ਼ਤਿਬ ਹੋਵੇਗਾ ?

ਇਹ ਵੀ ਪੜ੍ਹੋ: ਮੁਕੰਦਪੁਰ: ਇਕਤਰਫ਼ਾ ਪਿਆਰ 'ਚ ਸਿਰਫਿਰੇ ਆਸ਼ਿਕ ਦਾ ਕਾਰਾ, ਕੁੜੀ ਦੇ ਪਿਓ ਨੂੰ ਦਿੱਤੀ ਰੂਹ ਕੰਬਾਊ ਮੌਤ

ਵਾਰਿਸ ਸ਼ਾਹ ਦੇ 300ਵੇਂ ਯਾਦਗਾਰੀ ਜਨਮ-ਦਿਹਾੜੇ ਨੂੰ ਵਿਸਾਰਨ ਵਿੱਚ ਲਹਿੰਦੇ ਪੰਜਾਬ (ਪਾਕਿਸਤਾਨ) ਵਾਲਿਆਂ ਨੇ ਵੀ ਕੋਈ ਘੱਟ ਗਫ਼ਲਤ ਨਹੀਂ ਵਿਖਾਈ। ਹੀਰ-ਵਾਰਿਸ ਦਾ ਸ਼ਾਹਕਾਰੀ ਕਿੱਸਾ ਪੰਜਾਬੀਆਂ ਦੀ ਸਾਂਝੀ ਵਿਰਾਸਤ ਹੈ, ਇਹ ਪੰਜਾਬ ਦੀਆਂ ਪੁਰਾਤਨ ਲੋਕ-ਗਾਥਾਵਾਂ ਦੀ ‘ਸਤਰੰਗੀ ਕਹਿਕਸ਼ਾਂ’ ਦਰਮਿਆਨ, ਇਕ ਜਲਵਾ-ਅਫ਼ਰੋਜ਼ ਸ਼ਾਹਕਾਰ ਹੈ, ਜਿਸ ਨੂੰ ਮੁਲਕਾਂ ਦੀਆਂ ਸਰਹੱਦੀ ਲਕੀਰਾਂ ਵਿੱਚ ਤਕਸੀਮ ਨਹੀਂ ਕੀਤਾ ਜਾ ਸਕਦਾ। ਚੰਗਾ ਹੋਵੇਗਾ ਜੇ ਦੋਵੇਂ ਪੰਜਾਬ ਆਪਣੀ ਇਸ ਬਜ਼ਾਹਰਾ ਗ਼ਲਤੀ ਨੂੰ ਹਾਲੇ ਵੀ ਸੁਧਾਰ ਲੈਣ ਅਤੇ ਵਾਰਿਸ ਸ਼ਾਹ ਹੋਰਾਂ ਨੂੰ ਯਾਦ ਕਰਨ ਲਈ, ਸਾਲ 2022 ਦੇ ਰਹਿੰਦਿਆਂ, ਕੋਈ ਚੰਗੇ ਯਾਦਗਾਰੀ ਸਮਾਗਮ ਉਲੀਕ ਲੈਣ ਤਾਂ ਕਿ ਪੰਜਾਬ ਦੀ ਮਕਬੂਲ ਲੋਕ-ਗਾਥਾ, ‘ਹੀਰ-ਵਾਰਿਸ ਸ਼ਾਹ’ ਨੂੰ ਪੰਜਾਬੀਆਂ ਵੱਲੋਂ ਬਣਦਾ ਅਤੇ ਢੁਕਵਾਂ ਸਜਦਾ ਕੀਤਾ ਜਾ ਸਕੇ।

ਇਹ ਵੀ ਪੜ੍ਹੋ: ਅਮਰੀਕਾ 'ਚ ਭਿਆਨਕ ਸੜਕ ਹਾਦਸੇ ਦੌਰਾਨ ਕਪੂਰਥਲਾ ਦੇ ਨੌਜਵਾਨ ਦੀ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤਰ
ਬੀਰ ਦਵਿੰਦਰ ਸਿੰਘ
ਸਾਬਕਾ ਡਿਪਟੀ ਸਪੀਕਰ
ਪੰਜਾਬ ਵਿਧਾਨ ਸਭਾ
ਸੰਪਰਕ : 9814033362

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News