ਤਰਨਤਾਰਨ : ਮੀਟ ਦੀ ਸਬਜ਼ੀ ਖਾਣ ਤੋਂ ਬਾਅਦ ਤਿੰਨ ਪ੍ਰਵਾਸੀ ਮਜ਼ਦੂਰਾਂ ਦੀ ਮੌਤ
Thursday, Aug 22, 2019 - 12:29 PM (IST)
ਵਲਟੋਹਾ/ਅਮਰਕੋਟ (ਬਲਜੀਤ, ਸੰਦੀਪ) : ਕਸਬਾ ਅਲਗੋਂ ਕੋਠੀ ਵਿਖੇ ਤਿੰਨ ਪ੍ਰਵਾਸੀ ਮਜ਼ਦੂਰਾਂ ਦੀ ਮੀਟ ਖਾਣ ਤੋਂ ਬਾਅਦ ਭੇਤਭਰੇ ਹਾਲਾਤ 'ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਮ੍ਰਿਤਕ ਦੇ ਭਰਾ ਸਾਹਿਲ ਪੁੱਤਰ ਰਾਇਨ ਚੌਧਰੀ ਵਾਸੀ ਬਿਹਾਰ ਨੇ ਦੱਸਿਆ ਕਿ ਉਸ ਦਾ ਭਰਾ ਕੋਮਲ ਅਤੇ ਰਾਹੁਲ ਅਤੇ ਸੁਪਨ ਤਿੰਨੇ ਹੀ ਕਸਬਾ ਅਲਗੋਂ ਕੋਠੀ ਵਿਖੇ ਦੋ ਸਾਲ ਤੋਂ ਇਕੱਠੇ ਇਕ ਹੀ ਕਮਰੇ ਵਿਚ ਕਿਰਾਏ 'ਤੇ ਰਹਿੰਦੇ ਸਨ ਅਤੇ ਪੀ. ਓ. ਪੀ. ਦਾ ਕੰਮ ਕਰਦੇ ਸਨ। ਕੰਮ ਤੋਂ ਵਾਪਸ ਆ ਕੇ ਉਕਤ ਤਿੰਨਾਂ ਵਿਅਕਤੀਆਂ ਨੇ ਮੀਟ ਬਣਾਇਆ, ਜਿਸ ਵਿਚ ਕੋਈ ਜ਼ਹਿਰੀਲੀ ਚੀਜ਼ ਮੀਟ ਦੇ ਨਾਲ ਰਿੱਜ ਗਈ, ਜਿਸ ਦਾ ਉਨ੍ਹਾਂ ਨੂੰ ਪਤਾ ਨਹੀਂ ਚੱਲਿਆ ਅਤੇ ਉਨ੍ਹਾਂ ਨੇ ਮੀਟ ਖਾ ਲਿਆ, ਜਿਸ ਕਾਰਣ ਕੋਮਲ (13) ਅਤੇ ਸੁਪਨ (25) ਦੀ ਮੌਕੇ 'ਤੇ ਮੌਤ ਹੋ ਗਈ ਅਤੇ ਤੀਜੇ ਵਿਅਕਤੀ ਰਾਹੁਲ (32) ਦੀ ਹਸਪਤਾਲ ਲਿਜਾਂਦੇ ਸਮੇਂ ਰਸਤੇ 'ਚ ਮੌਤ ਹੋ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਦੋ ਵਿਅਕਤੀ ਕੋਮਲ ਅਤੇ ਰਾਹੁਲ ਬਿਹਾਰ ਅਤੇ ਇਕ ਸੁਪਨ ਬੰਗਾਲ ਦਾ ਰਹਿਣ ਵਾਲਾ ਹੈ। ਇਸ ਸਬੰਧੀ ਡੀ. ਐੱਸ. ਪੀ. ਸੁਲੱਖਣ ਸਿੰਘ ਮਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਿੰਨੇ ਪ੍ਰਵਾਸੀ ਮਜ਼ਦੂਰਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ 174 ਦੀ ਕਾਰਵਾਈ ਕਰ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ।