ਵ੍ਹਿਜ਼ ਪਾਵਰ ਫਰਾਡ : ਦੋਸ਼ੀਆਂ ਦੇ ਪਰਿਵਾਰਾਂ ਅਤੇ ਮੈਨੇਜਮੈਂਟ ਮੈਂਬਰਾਂ ''ਤੇ ਰਹਿਮ, ਪੀੜਤਾਂ ਨੂੰ ਡੰਡਾ ਦਿਖਾ ਰਹੀ ਪੁਲਸ

08/28/2020 7:04:00 PM

ਜਲੰਧਰ – ਪੀ.ਪੀ.ਆਰ. ਮਾਲ ਸਥਿਤ ਓ.ਐੱਲ.ਐੱਸ. ਵ੍ਹਿਜ਼ ਪਾਵਰ ਕੰਪਨੀ ਵਲੋਂ ਕੀਤੇ ਗਏ ਕਰੋੜਾਂ ਰੁਪਏ ਦੇ ਫਰਾਡ ਮਾਮਲੇ ਵਿਚ ਪੁਲਸ ਦੀ ਢਿੱਲੀ ਜਾਂਚ ਕਾਬਿਲ ਪੁਲਸ ਅਧਿਕਾਰੀਆਂ 'ਤੇ ਉਂਗਲੀ ਉਠਾਉਣ ਲੱਗੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸਵਾ ਮਹੀਨਾ ਬੀਤ ਜਾਣ ਤੋਂ ਬਾਅਦ ਵੀ ਪੁਲਸ ਵਲੋਂ ਕੰਪਨੀ ਦੇ ਫਰਾਰ ਸੀ. ਈ. ਓ. ਗੁਰਮਿੰਦਰ ਸਿੰਘ ਅਤੇ ਮੈਨੇਜਮੈਂਟ ਮੈਂਬਰਾਂ ਦੇ ਪਰਿਵਾਰਾਂ 'ਤੇ ਦਬਾਅ ਨਹੀਂ ਬਣਾਇਆ ਜਾ ਰਿਹਾ, ਜਦਕਿ ਕੰਪਨੀ ਵਿਚ ਲੋਕਾਂ ਦੇ ਪੈਸੇ ਇਨਵੈਸਟ ਕਰਵਾਉਣ ਵਾਲੇ ਡਿਸਟਰੀਬਿਊਟਰਾਂ ਅਤੇ ਨਿਵੇਸ਼ਕਾਂ ਨੂੰ ਲਗਾਤਾਰ ਥਾਣੇ ਬੁਲਾ ਕੇ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਕੇਸ ਵਿਚ ਪੁਲਸ ਆਪਣਾ ਖੌਫ ਵੀ ਗੁਆਉਂਦੀ ਜਾ ਰਹੀ ਹੈ ਕਿਉਂਕਿ ਨੋਟਿਸ ਜਾਰੀ ਹੋਣ ਤੋਂ ਬਾਅਦ ਵੀ ਫਰਾਰ ਦੋਸ਼ੀ ਗੁਰਮਿੰਦਰ ਸਿੰਘ ਦੇ ਪਿਤਾ ਅਤੇ ਕੌਂਸਲਰ ਭਰਾ ਪੁਲਸ ਅੱਗੇ ਪੇਸ਼ ਨਹੀਂ ਹੋਏ। ਇਹੀ ਕਾਰਣ ਹੈ ਕਿ ਪੀੜਤ ਸ਼ੁਰੂ ਤੋਂ ਹੀ ਪੁਲਸ ਦੀ ਜਾਂਚ ਤੋਂ ਅਸੰਤੁਸ਼ਟ ਹਨ। ਹੈਰਾਨੀ ਦੀ ਗੱਲ ਹੈ ਕਿ ਪੀੜਤਾਂ ਨੇ ਸੀ. ਐੱਮ., ਡੀ. ਜੀ.ਪੀ. ਸਮੇਤ ਕਈ ਵਿਭਾਗਾਂ ਨੂੰ ਚਿੱਠੀਆਂ ਭੇਜ ਕੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਪਰ ਉਸ 'ਤੇ ਵੀ ਕੋਈ ਅਮਲ ਨਹੀਂ ਕੀਤਾ ਗਿਆ।

ਮੈਨੇਜਮੈਂਟ ਮੈਂਬਰਾਂ ਦੇ ਫੋਨ ਆ ਰਹੇ ਬੰਦ : ਪੀੜਤ

ਪੀੜਤਾਂ ਦਾ ਕਹਿਣਾ ਹੈ ਕਿ ਨਾਮਜ਼ਦ ਕੀਤੇ ਗਏ ਕੰਪਨੀ ਦੇ ਮੈਨੇਜਮੈਂਟ ਮੈਂਬਰ ਸ਼ੀਲਾ ਦੇਵੀ, ਆਦਿੱਤਿਆ ਸੇਠੀ, ਪੁਨੀਤ ਸੇਠੀ, ਆਸ਼ੀਸ਼ ਸੇਠੀ ਅਤੇ ਨਤਾਸ਼ਾ ਕਪੂਰ ਦਾ ਫੋਨ ਲਗਾਤਾਰ ਬੰਦ ਆ ਰਿਹਾ ਹੈ, ਹਾਲਾਂਕਿ ਨਤਾਸ਼ਾ ਕਪੂਰ ਨੇ ਇਨਕੁਆਰੀ ਲਾਈ ਹੋਈ ਹੈ ਪਰ ਬਾਕੀ ਦੋਸ਼ੀ ਫਰਾਰ ਹੁੰਦੇ ਹੋਏ ਲਗਾਤਾਰ ਆਪਣਾ ਫੋਨ ਵਰਤ ਰਹੇ ਹਨ। ਪੁਲਸ ਦੀ ਢਿੱਲੀ ਕਾਰਵਾਈ ਕਾਰਨ ਮੈਨੇਜਮੈਂਟ ਦਾ ਕੋਈ ਮੈਂਬਰ ਅਜੇ ਤੱਕ ਗ੍ਰਿਫਤਾਰ ਨਹੀਂ ਹੋ ਸਕਿਆ।

ਇਹ ਸੀ ਮਾਮਲਾ

ਪੀ. ਪੀ. ਆਰ. ਮਾਲ ਸਥਿਤ ਓ. ਐੱਲ. ਐੱਸ. ਵ੍ਹਿਜ਼ ਪਾਵਰ ਕੰਪਨੀ ਨੇ ਆਪਣੇ ਨਿਵੇਸ਼ਕਾਂ ਨੂੰ ਗੋਲਡ ਕਿੱਟੀ ਦਾ ਝਾਂਸਾ ਦੇ ਕੇ ਉਨ੍ਹਾਂ ਨਾਲ ਕਰੋੜਾਂ ਰੁਪਏ ਦਾ ਫਰਾਡ ਕੀਤਾ ਸੀ। ਕੰਪਨੀ ਦੀ ਸ਼ਿਕਾਇਤ ਜਲੰਧਰ, ਚੰਡੀਗੜ੍ਹ ਅਤੇ ਹਰਿਆਣਾ ਵਿਚ ਵੀ ਹੋਈ , ਜਦੋਂਕਿ ਥਾਣਾ ਨੰਬਰ 7 ਵਿਚ ਕੰਪਨੀ ਦੇ ਮਾਲਕ ਰਣਜੀਤ ਸਿੰਘ ਪੁੱਤਰ ਗੁਰਮੁੱਖ ਸਿੰਘ ਨਿਵਾਸੀ ਸ਼ਿਵ ਵਿਹਾਰ, ਗਗਨਦੀਪ ਸਿੰਘ ਪੁੱਤਰ ਗੁਰਵਿੰਦਰ ਸਿੰਘ ਨਿਵਾਸੀ ਹਰਦੀਪ ਨਗਰ ਅਤੇ ਸੀ. ਈ. ਓ. ਗੁਰਮਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਨਿਵਾਸੀ ਕਪੂਰਥਲਾ ਖਿਲਾਫ ਕੇਸ ਦਰਜ ਕੀਤਾ ਗਿਆ ਸੀ ਅਤੇ ਫਿਰ ਕੰਪਨੀ ਦੇ ਮੈਨੇਜਮੈਂਟ ਮੈਂਬਰ ਸ਼ੀਲਾ ਦੇਵੀ, ਆਦਿੱਤਿਆ ਸੇਠੀ,ਪੁਨੀਤਵਰਮਾ, ਆਸ਼ੀਸ਼ ਸ਼ਰਮਾ ਤੇ ਨਤਾਸ਼ਾ ਕਪੂਰ ਖਿਲਾਫ ਵੀ ਕੇਸ ਦਰਜ ਹੋਇਆ ਸੀ। ਇਸ ਕੇਸ ਵਿਚ ਗਗਨਦੀਪ ਸਿੰਘ ਅਤੇ ਰਣਜੀਤ ਸਿੰਘ ਹੀ ਗ੍ਰਿਫਤਾਰ ਹੋਏ ਸਨ ਪਰ ਉਨ੍ਹਾਂ ਨੂੰ ਵੀ ਪੁਲਸ ਨੇ ਖੁਦ ਕਾਬੂ ਨਹੀਂ ਸੀ ਕੀਤਾ, ਸਗੋਂ ਉਨ੍ਹਾਂ ਨੇ ਆਤਮਸਮਰਪਣ ਕੀਤਾ ਸੀ।


Harinder Kaur

Content Editor

Related News