ਅਕਾਲੀ ਲੀਡਰ ਵਲਟੋਹਾ ਦੇ ਘਰ ਚਾਰ ਥਾਣਿਆਂ ਦੀ ਪੁਲਸ ਨੇ ਮਾਰਿਆ ਛਾਪਾ, ਜਾਣੋ ਕੀ ਹੈ ਪੂਰਾ ਮਾਮਲਾ

Sunday, Mar 15, 2020 - 05:51 PM (IST)

ਤਰਨਤਾਰਨ (ਰਮਨ ਚਾਵਲਾ) : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਪ੍ਰਾਈਵੇਟ ਲਿਮਟਿਡ ਦੀ ਇਕ ਵਿਸ਼ੇਸ਼ ਟੀਮ ਵਲੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਤੋਂ ਹਲਕਾ ਖੇਮਕਰਨ ਦੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਦੇ ਅਮਰਕੋਟ ਸਥਿਤ ਭਵਨ ਵਿਖੇ ਛਾਪੇਮਾਰੀ ਦੌਰਾਨ ਬਿਜਲੀ ਚੋਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਕੀਤੀ ਗਈ ਛਾਪੇਮਾਰੀ ਦੌਰਾਨ ਵਿਭਾਗ ਨੂੰ ਚਾਰ ਥਾਣਿਆਂ ਦੀ ਪੁਲਸ ਦਾ ਸਹਿਯੋਗ ਵੀ ਲੈਣਾ ਪਿਆ। ਜ਼ਿਕਰਯੋਗ ਹੈ ਕਿ ਇਸ ਭਵਨ ਅੰਦਰ ਸਾਲ 2018 ਤੋਂ ਜ਼ੀਰੋ ਖਪਤ ਅਤੇ ਬਿਜਲੀ ਦੀਆਂ ਸਿੱਧੀਆਂ ਕੁੰਡੀਆਂ ਲਗਾ ਕੇ ਚੋਰੀ ਕੀਤੇ ਜਾਣ ਤਹਿਤ 1.50 ਲੱਖ ਤੋਂ ਵੱਧ ਜੁਰਮਾਨਾ ਪਾਉਂਦੇ ਹੋਏ ਤਾਰਾਂ ਅਤੇ ਹੋਰ ਸਾਮਾਨ ਨੂੰ ਕਬਜ਼ੇ 'ਚ ਲੈ ਕੇ ਬਿਜਲੀ ਵਿਭਾਗ ਦੇ ਥਾਣਾ ਵੇਰਕਾ ਨੂੰ ਅਗਲੇਰੀ ਕਾਰਵਾਈ ਲਈ ਸੂਚਨਾ ਦੇ ਦਿੱਤੀ ਗਈ ਹੈ।

PunjabKesari

ਜਾਣਕਾਰੀ ਅਨੁਸਾਰ ਸ਼ਨੀਵਾਰ ਦੁਪਹਿਰ ਜ਼ਿਲਾ ਤਰਨਤਾਰਨ ਅਧੀਨ ਆਉਂਦੇ ਸਰਕਲ ਭਿੱਖੀਵਿੰਡ ਦੇ ਐਕਸੀਅਨ ਆਰ. ਕੇ. ਗੋਇਲ ਤੋਂ ਇਲਾਵਾ ਐੱਸ. ਡੀ. ਓ. ਭਿੱਖੀਵਿੰਡ, ਐੱਸ. ਡੀ. ਓ. ਖੇਮਕਰਨ, ਐੱਸ. ਡੀ. ਓ. ਖਾਲੜਾ, ਐੱਸ. ਡੀ. ਓ. ਅਮਰਕੋਟ ਤੋਂ ਇਲਾਵਾ ਚਾਰ ਥਾਣਿਆਂ ਦੀ ਪੁਲਸ ਜਿਨ੍ਹਾਂ 'ਚ ਖੇਮਕਰਨ, ਕੱਚਾ ਪੱਕਾ, ਭਿੱਖੀਵਿੰਡ ਅਤੇ ਖਾਲੜਾ ਸ਼ਾਮਲ ਸਨ ਵਲੋਂ ਅਮਰਕੋਟ ਵਿਖੇ ਸਥਿਤ ਪ੍ਰੋ. ਵਿਰਸਾ ਸਿੰਘ ਵਲਟੋਹਾ ਦੇ ਭਵਨ (ਦਫ਼ਤਰ) ਵਿਖੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਟੀਮ ਵਲੋਂ ਮੌਕੇ ਤੋਂ ਬਿਨਾਂ ਮਨਜ਼ੂਰੀ ਲਏ ਬਿਜਲੀ ਸਪਲਾਈ ਦੀ ਸਿੱਧੇ ਤੌਰ 'ਤੇ ਸ਼ਰੇਆਮ ਚੋਰੀ ਕੀਤੇ ਜਾਣਾ ਪਾਇਆ ਗਿਆ।

PunjabKesari

ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਐਕਸੀਅਨ ਆਰ. ਕੇ. ਗੋਇਲ ਨੇ ਤਰਨਤਾਰਨ ਸਥਿਤ ਦਫ਼ਤਰ ਵਿਖੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਛਾਪੇਮਾਰੀ ਦੌਰਾਨ ਪਤਾ ਲੱਗਾ ਹੈ ਕਿ ਪ੍ਰੋ. ਵਿਰਸਾ ਸਿੰਘ ਵਲਟੋਹਾ ਦੇ ਨਾਮ 'ਤੇ ਭਵਨ ਵਿਖੇ ਚੱਲ ਰਹੇ ਬਿਜਲੀ ਕੁਨੈੱਕਸ਼ਨ ਦੀ ਸਾਲ 2018 ਤੋਂ ਖਪਤ ਜ਼ੀਰੋ ਆ ਰਹੀ ਸੀ ਜਦਕਿ ਭਵਨ ਅੰਦਰ ਲੱਗੇ ਏਅਰ ਕੰਡੀਸ਼ਨਰ, ਫਰਿਜ, ਗੀਜ਼ਰ, ਪੱਖੇ, ਲਾਈਟਾਂ ਅਤੇ ਹੋਰ ਬਿਜਲੀ ਯੰਤਰਾਂ ਦੀ ਵਰਤੋਂ ਹੋਣ ਦੇ ਬਾਵਜੂਦ ਬਿਜਲੀ ਬਿੱਲ ਐਵਰੇਜ ਅਨੁਸਾਰ ਅਦਾ ਕੀਤਾ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਛਾਪੇਮਾਰੀ ਦੌਰਾਨ ਟੀਮ ਵਲੋਂ ਸਿੱਧੇ ਤੌਰ 'ਤੇ ਲਾਈਆਂ ਗਈਆਂ ਕੁੰਡੀਆਂ ਦੀ ਵੀਡੀਓਗ੍ਰਾਫੀ ਕਰਦੇ ਹੋਏ ਕਬਜ਼ੇ 'ਚ ਲੈ ਲਈਆਂ ਗਈਆਂ ਹਨ।

PunjabKesari

ਉਨ੍ਹਾਂ ਦੱਸਿਆ ਕਿ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਵਿਰਸਾ ਸਿੰਘ ਵਲੋਂ ਇਸ ਭਵਨ ਵਿਖੇ ਬਿਜਲੀ ਦੀ ਖਪਤ ਸਬੰਧੀ 4.85 ਕੇ. ਵੀ. ਲੋਡ ਦੀ ਮਨਜ਼ੂਰੀ ਵਿਭਾਗ ਪਾਸੋਂ ਲਈ ਗਈ ਸੀ ਜਦਕਿ ਇੱਥੇ 11 ਕੇ. ਵੀ. ਤੋਂ ਵੱਧ ਦੀ ਮਨਜ਼ੂਰੀ ਲੈਣੀ ਬਣਦੀ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਰੀਬ 1.50 ਲੱਖ ਤੋਂ ਵੱਧ ਜੁਰਮਾਨਾ ਪਾਉਣ ਤੋਂ ਇਲਾਵਾ ਇਸ ਦੀ ਸੂਚਨਾ ਬਿਜਲੀ ਚੋਰੀ ਸਬੰਧੀ ਵਿਭਾਗ ਦੇ ਥਾਣਾ ਵੇਰਕਾ ਨੂੰ ਅਗਲੇਰੀ ਕਾਰਵਾਈ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ।

PunjabKesari

ਕੀ ਕਹਿਣਾ ਹੈ ਵਿਰਸਾ ਸਿੰਘ ਵਲਟੋਹਾ ਦਾ 
ਉੱਧਰ ਇਸ ਸੰਬੰਧੀ ਜਦੋਂ ਸਾਬਕਾ ਮੰਤਰੀ ਪ੍ਰੋ. ਵਿਰਸਾ ਸਿੰਘ ਵਲਟੋਹਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਇਸ ਨੂੰ ਸਿਆਸੀ ਕਾਰਵਾਈ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਿਆਸੀ ਰੰਜਿਸ਼ ਤਹਿਤ ਇਸ ਬਿਜਲੀ ਚੋਰੀ ਕੇਸ 'ਚ ਬਦਨਾਮ ਕੀਤਾ ਜਾ ਰਿਹਾ ਹੈ। ਜਿਨ੍ਹਾਂ ਨੇ ਕੋਈ ਵੀ ਭਵਨ ਵਿਖੇ ਬਿਜਲੀ ਚੋਰੀ ਨਹੀਂ ਕੀਤੀ ਹੈ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਕਾਰਨ ਸ੍ਰੀ ਕਰਤਾਰਪੁਰ ਲਾਂਘਾ ਆਰਜ਼ੀ ਤੌਰ 'ਤੇ ਬੰਦ      


Gurminder Singh

Content Editor

Related News