ਵਿਪਨ ਸ਼ਰਮਾ ਕਤਲ ਕਾਂਡ: ਇਕ ਹੋਰ ਗੈਂਗਸਟਰ ਕਾਬੂ

05/28/2019 3:56:11 PM

ਬਟਾਲਾ/ਫਤਿਹਗੜ੍ਹ ਚੂੜੀਆਂ (ਬੇਰੀ, ਮਠਾਰੂ, ਸਾਰੰਗਲ, ਬਿਕਰਮਜੀਤ)—ਅੱਜ ਸਿਖਰ ਦੁਪਹਿਰੇ ਕਾਰ ਸਵਾਰ ਗੈਂਗਸਟਰਾਂ ਅਤੇ ਪੁਲਸ ਵਿਚਕਾਰ ਹੋਏ ਮੁਕਾਬਲੇ 'ਚ ਫਤਿਹਗੜ੍ਹ ਚੂੜੀਆਂ ਪੁਲਸ ਦੇ ਡੀ. ਐੱਸ. ਪੀ. ਬਲਬੀਰ ਸਿੰਘ ਨੇ ਪੁਲਸ ਪਾਰਟੀ ਸਮੇਤ ਬਹਾਦਰੀ ਨਾਲ ਪਿੱਛਾ ਕਰਦੇ ਹੋਏ 2 ਗੈਂਗਸਟਰਾਂ ਨੂੰ ਮਾਰੂ ਹਥਿਆਰਾਂ ਸਮੇਤ ਕਾਬੂ ਕਰ ਕੇ ਭਾਰੀ ਮਾਤਰਾ ਵਿਚ ਗੋਲੀ-ਸਿੱਕਾ ਅਤੇ ਬੁਲੇਟ ਪਰੂਫ ਜੈਕੇਟ ਬਰਾਮਦ ਕੀਤੀ ਹੈ।

ਪ੍ਰੈੱਸ ਕਾਨਫਰੰਸ ਮੌਕੇ ਆਈ. ਜੀ. ਬਾਰਡਰ ਰੇਂਜ ਸੁਰਿੰਦਰਪਾਲ ਸਿੰਘ ਪਰਮਾਰ ਅਤੇ ਐੱਸ. ਐੱਸ. ਪੀ. ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਥਾਣਾ ਫਤਿਹਗੜ੍ਹ ਚੂੜੀਆਂ ਵੱਲੋਂ ਟੀ-ਪੁਆਇੰਟ ਬੰਦੇਸ਼ਾ ਪੈਲੇਸ ਲਾਗੇ ਸਪੈਸ਼ਲ ਚੈਕਿੰਗ ਨਾਕਾ ਲਾਇਆ ਹੋਇਆ ਸੀ ਕਿ ਇਸ ਦੌਰਾਨ ਪੁਲਸ ਪਾਰਟੀ ਨੇ ਰਮਦਾਸ ਵੱਲੋਂ ਇਕ ਆਈ-20 ਕਾਰ ਨੰ. ਪੀ ਬੀ-06-ਏ ਬੀ-5349 'ਤੇ ਸਵਾਰ ਹੋ ਕੇ ਆ ਰਹੇ 2 ਨੌਜਵਾਨਾਂ ਨੂੰ ਚੈਕਿੰਗ ਲਈ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਪੁਲਸ ਨੂੰ ਵੇਖ ਕੇ ਗੱਡੀ ਪਿੱਛੇ ਮੋੜਨ ਦੀ ਕੋਸ਼ਿਸ਼ ਕੀਤੀ ਪਰ ਅਸਫ਼ਲ ਰਹਿਣ 'ਤੇ ਦੋਵੇਂ ਨੌਜਵਾਨ ਪੁਲਸ 'ਤੇ ਫਾਇਰਿੰਗ ਕਰਦੇ ਹੋਏ ਗੱਡੀ ਛੱਡ ਕੇ ਰਸਤੇ ਵਿਚ ਇਕ ਰਾਹਗੀਰ ਦਾ ਮੋਟਰਸਾਈਕਲ ਖੋਹ ਕੇ ਲੈ ਗਏ ਅਤੇ ਉਸ ਉੱਪਰ ਬੈਠ ਕੇ ਫ਼ਰਾਰ ਹੋ ਗਏ, ਜਿਸ 'ਤੇ ਪੁਲਸ ਕਰਮਚਾਰੀਆਂ ਨੇ ਮੁਸਤੈਦੀ ਨਾਲ ਕੰਮ ਲੈਂਦੇ ਹੋਏ ਦੋਵੇਂ ਪਾਸਿਓਂ ਫਾਇਰਿੰਗ ਹੋਣ ਦੇ ਬਾਵਜੂਦ ਪਿੰਡ ਪੱਬਾਂਰਾਲੀ ਲਾਗੇ ਇਨ੍ਹਾਂ ਨੂੰ ਮਾਰੂ ਹਥਿਆਰਾਂ ਸਮੇਤ ਕਾਬੂ ਕਰ ਲਿਆ।

ਉਨ੍ਹਾਂ ਦੱਸਿਆ ਕਿ ਫੜੇ ਗਏ ਦੋਵੇਂ ਨੌਜਵਾਨ ਨਾਮੀ ਗੈਂਗਸਟਰ ਹਨ, ਜਿਨ੍ਹਾਂ ਦੇ ਨਾਂ ਕ੍ਰਮਵਾਰ ਮਨਪ੍ਰੀਤ ਸਿੰਘ ਉਰਫ਼ ਮਾਨਾ ਪੁੱਤਰ ਗੁਰਮੇਜ ਸਿੰਘ ਵਾਸੀ ਵਲੀਪੁਰ (ਤਰਨਤਾਰਨ) ਅਤੇ ਸ਼ੁਭਮ ਸਿੰਘ ਪੁੱਤਰ ਸਵ. ਬਲਜਿੰਦਰ ਸਿੰਘ ਵਾਸੀ ਅੰਮ੍ਰਿਤਸਰ ਵਜੋਂ ਸਾਹਮਣੇ ਆਏ ਹਨ। ਉਕਤ ਦੋਵਾਂ ਗੈਂਗਸਟਰਾਂ ਤੋਂ ਇਕ ਬ੍ਰੇਟਾ ਪਿਸਤੌਲ, 3 ਪਿਸਤੌਲ 32 ਬੋਰ, ਇਕ ਮੈਗਨਮ ਰਿਵਾਲਵਰ 357 ਅਤੇ ਇਕ ਪੰਪ ਐਕਸ਼ਨ ਰਾਈਫਲ 12 ਬੋਰ ਤੋਂ ਇਲਾਵਾ ਭਾਰੀ ਮਾਤਰਾ ਵਿਚ ਗੋਲੀ-ਸਿੱਕਾ, ਜਿਸ 'ਚ 46 ਰੌਂਦ ਜ਼ਿੰਦਾ 12 ਬੋਰ, 18 ਰੌਂਦ ਜ਼ਿੰਦਾ 315 ਬੋਰ, 25 ਰੌਂਦ 43 ਬੋਰ, 30 ਰੌਂਦ 57 ਬੋਰ, 32 ਬੋਰ 83 ਰੌਂਦ, 9 ਐੱਮ. ਐੱਮ. ਦੇ 43 ਰੌਂਦ ਜੋ ਕੁੱਲ 245 ਰੌਂਦ ਬਣਦੇ ਹਨ, ਸ਼ਾਮਲ ਹਨ। ਇਸ ਤੋਂ ਇਲਾਵਾ ਇਕ ਬੁਲੇਟ ਪਰੂਫ ਜੈਕੇਟ, 25 ਹਜ਼ਾਰ ਰੁਪਏ ਨਕਦ, ਐਕਸਟਰਾ ਪਿਸਟਲ ਦੇ 2 ਬੈਰੇਲ ਬਰਾਮਦ ਕੀਤੇ ਹਨ।
ਆਈ. ਜੀ. ਨੇ ਦੱਸਿਆ ਕਿ ਉਕਤ ਗੈਂਗਸਟਰਾਂ ਨੇ ਹਥਿਆਰਾਂ ਦੀ ਨੋਕ 'ਤੇ ਕਈ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ, ਜਿਸ ਤਹਿਤ ਇਨ੍ਹਾਂ ਵਿਰੁੱਧ ਵੱਖ-ਵੱਖ ਜ਼ਿਲਿਆਂ ਦੇ ਥਾਣਿਆਂ ਵਿਚ ਕਈ ਮੁਕੱਦਮੇ ਦਰਜ ਹਨ ਅਤੇ ਉਹ ਪੰਜਾਬ ਦੇ ਕਈ ਜ਼ਿਲਿਆਂ ਦੇ ਬੈਂਕਾਂ ਨੂੰ ਵੀ ਲੁੱਟ ਚੁੱਕਾ ਹੈ।

ਸ਼ਿਵ ਸੈਨਾ ਪ੍ਰਧਾਨ ਤੇ ਕੌਂਸਲਰ ਦੀ ਹੱਤਿਆ 'ਚ ਵੀ ਲੋੜੀਂਦਾ ਸੀ ਗੈਂਗਸਟਰ ਸ਼ੁਭਮ
ਆਈ. ਜੀ. ਪਰਮਾਰ ਅਤੇ ਐੱਸ. ਐੱਸ. ਪੀ. ਘੁੰਮਣ ਨੇ ਦੱਸਿਆ ਕਿ ਗੈਂਗਸਟਰ ਸ਼ੁਭਮ ਨੇ ਹੀ ਸ਼ਿਵ ਸੈਨਾ ਪ੍ਰਧਾਨ ਵਿਪਨ ਸ਼ਰਮਾ ਅਤੇ ਕੌਂਸਲਰ ਗੁਰਦੀਪ ਸਿੰਘ ਪਹਿਲਵਾਨ ਦੇ ਕਤਲ ਕੀਤੇ ਸਨ । ਇਹ ਇਨ੍ਹਾਂ ਦੋਵਾਂ ਕੇਸਾਂ 'ਚ ਪਹਿਲਾਂ ਤੋਂ ਲੋੜੀਂਦਾ ਸੀ। ਇਸ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਖੁਲਾਸੇ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਕਤ ਦੋਵਾਂ ਗੈਂਗਸਟਰਾਂ ਕੋਲੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।


Shyna

Content Editor

Related News