ਖੰਨਾ : ਸਾਬਕਾ ਕਾਂਗਰਸੀ ਸਰਪੰਚ ਦੇ ਪਤੀ ਵਲੋਂ ''ਚੋਣ ਜ਼ਾਬਤੇ'' ਦੀ ਉਲੰਘਣਾ

03/22/2019 3:43:36 PM

ਖੰਨਾ (ਵਿਪਨ) : ਖੰਨਾ ਦੇ ਨਜ਼ਦੀਕੀ ਪਿੰਡ ਭਾਦਲਾ ਉੱਚਾ 'ਚ ਚੋਣ ਜ਼ਾਬਤੇ ਦੀ ਉਲੰਘਣਾ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪਿੰਡ ਦੀ ਸਾਬਕਾ ਕਾਂਗਰਸੀ ਸਰਪੰਚ ਦੇ ਪਤੀ ਵਲੋਂ ਗੁਰਦੁਆਰਾ ਸਾਹਿਬ 'ਚ ਰਾਸ਼ਨ ਦੇ ਸਮਾਰਟ ਕਾਰਡਾਂ ਦੇ ਫਾਰਮ ਭਰੇ ਜਾ ਰਹੇ ਸਨ। ਹੈਰਾਨੀ ਵਾਲੀ ਗੱਲ ਹੈ ਕਿ ਇੱਥੇ ਮੌਜੂਦਾ ਸਰਪੰਚ ਵੀ ਮੌਜੂਦ ਨਹੀਂ ਸੀ। ਮੀਡੀਆ ਦੇ ਪੁੱਜਦੇ ਹੀ ਫਾਰਮ ਭਰਨ ਵਾਲੇ ਵਿਅਕਤੀ ਉੱਥੋਂ ਖਿਸਕ ਗਏ। ਦੂਜੇ ਪਾਸੇ ਮੌਜੂਦਾ ਸਰਪੰਚ ਨੇ ਚੋਣ ਕਮਿਸ਼ਨ ਵਲੋਂ ਇਸ ਸਬੰਧੀ ਕਾਰਵਾਈ ਦੀ ਮੰਗ ਕੀਤੀ ਹੈ। ਇਸ ਬਾਰੇ ਜਦੋਂ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪਿੰਡ ਦੇ ਗੁਰਦੁਆਰਾ ਸਾਹਿਬ 'ਚ ਅਨਾਊਂਸਮੈਂਟ ਕੀਤੀ ਗਈ ਸੀ, ਜਿਸ ਕਾਰਨ ਉਹ ਫਾਰਮ ਭਰਵਾਉਣ ਆਏ ਸਨ।

ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਕੰਮ ਨਹੀਂ ਹੋਣਾ ਸੀ ਤਾਂ ਉਨ੍ਹਾਂ ਦਾ ਸਮਾਂ ਖਰਾਬ ਨਹੀਂ ਕਰਨਾ ਚਾਹੀਦਾ ਸੀ। ਪਿੰਡ ਦੇ ਮੌਜੂਦਾ ਸਰਪੰਚ ਨੇ ਇਸ ਬਾਰੇ ਦੱਸਿਆ ਕਿ ਉਹ ਅਕਾਲੀ ਦਲ ਨਾਲ ਸਬੰਧਿਤ ਹੈ ਅਤੇ ਇੱਥੇ ਫਾਰਮ ਭਰਨ ਵਾਲਾ ਵਿਅਕਤੀ ਸਾਬਕਾ ਕਾਂਗਰਸੀ ਸਰਪੰਚ ਦਾ ਪਤੀ ਹੈ, ਜੋ ਕਿ ਚੋਣ ਜ਼ਾਬਤਾ ਲੱਗਿਆ ਹੋਣ ਦੇ ਬਾਵਜੂਦ ਜਨਤਾ ਨੂੰ ਗੁੰਮਰਾਹ ਕਰ ਰਿਹਾ ਹੈ, ਉਹ ਵੀ ਮੇਰੀ ਜਾਣਕਾਰੀ ਦੇ ਬਿਨਾ, ਇਸ ਲਈ ਚੋਣ ਕਮਿਸ਼ਨ ਨੂੰ ਇਸ 'ਤੇ ਨੋਟਿਸ ਲੈਣਾ ਚਾਹੀਦਾ ਹੈ। ਇਸ ਬਾਰੇ ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਚੋਣਾਂ ਕਾਰਨ ਚੋਣ ਜ਼ਾਬਤਾ ਲਾਗੂ ਹੋ ਚੁੱਕਾ ਹੈ ਅਤੇ ਇਸ ਸਮੇਂ ਕੋਈ ਵੀ ਅਜਿਹਾ ਕੰਮ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਸਾਡੇ ਵਲੋਂ ਕੋਈ ਕੰਮ ਕਰਾਇਆ ਜਾ ਰਿਹਾ ਹੈ। ਅਧਿਕਾਰੀਆਂ ਨੇ ਵੀ ਇਸ ਤਰ੍ਹਾਂ ਦੇ ਕੰਮ ਕਰਨ ਵਾਲਿਆਂ 'ਤੇ ਬਣਦੀ ਕਾਰਵਾਈ ਕਰਨ ਦੀ ਗੱਲ ਕਹੀ ਹੈ।


Babita

Content Editor

Related News