ਪਿੰਡ ਦੀਵਾਨ ਖੇੜਾ ਦੇ ਲੋਕਾਂ ਨੇ ਕੀਤਾ ਪੰਚਾਇਤੀ ਚੋਣਾਂ ਦਾ ਬਾਈਕਾਟ
Saturday, Dec 22, 2018 - 01:39 PM (IST)

ਫਾਜ਼ਿਲਕਾ(ਸੁਨੀਲ)— 'ਪਿੰਡ ਦਾ ਵਿਕਾਸ ਹੈ ਪਿੰਡ ਵਾਸੀਆਂ ਦੀ ਆਸ'। ਅਜਿਹੇ ਨਾਅਰੇ ਲਗਾ ਰਹੇ ਲੋਕ ਅਬੋਹਰ ਦੇ ਪਿੰਡ ਦੀਵਾਨ ਖੇੜਾ ਦੇ ਹਨ। ਪਿੰਡ ਵਾਸੀਆਂ ਨੂੰ ਪਿੰਡ ਦੇ ਵਿਕਾਸ ਨਾਲ ਕਿੰਨਾ ਲਗਾਅ ਹੈ ਤੇ ਇਸ ਲਈ ਉਨ੍ਹਾਂ ਦੇ ਇਰਾਦੇ ਕਿੰਨੇ ਪੱਕੇ ਹਨ, ਇਸ ਦਾ ਪਤਾ ਇਸੇ ਗੱਲ ਤੋਂ ਲੱਗਦਾ ਹੈ ਕਿ ਪੂਰੇ ਪਿੰਡ ਨੇ ਪੰਚਾਇਤੀ ਚੋਣਾਂ ਦਾ ਬਾਈਕਾਟ ਕਰ ਦਿੱਤਾ ਹੈ। ਪਿੰਡ ਦਾ ਵਿਕਾਸ ਨਾ ਹੋਣ ਤੋਂ ਨਾਰਾਜ਼ ਪਿੰਡ ਦੀਵਾਨ ਖੇੜਾ 'ਚ ਸਰਪੰਚੀ ਤੇ ਪੰਚਾਇਤੀ ਦੇ ਸਾਰੇ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਵਿਚ ਵਾਟਰ ਵਰਕਸ ਤੇ ਸਕੂਲ ਨੂੰ ਅਪਗ੍ਰੇਡ ਕਰਨ ਦੀਆਂ ਮੰਗਾਂ ਨੂੰ ਕਈ ਸਾਲਾਂ ਤੋਂ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਸਰਕਾਰ ਚਾਹੇ ਅਕਾਲੀਆਂ ਦੀ ਹੋਵੇ ਜਾਂ ਕਾਂਗਰਸ ਦੀ, ਕਿਸੇ ਨੇ ਵੀ ਪਿੰਡ ਵੱਲ ਧਿਆਨ ਨਹੀਂ ਦਿੱਤਾ। ਇਸ ਤੋਂ ਨਿਰਾਸ਼ ਹੋ ਕੇ ਉਹ ਚੋਣਾਂ ਦਾ ਬਾਈਕਾਟ ਕਰ ਰਹੇ ਹਨ। ਪਿੰਡ ਵਾਸੀਆਂ ਨੇ ਐਲਾਨ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਚੋਣਾਂ ਦਾ ਇਹ ਬਾਈਕਾਟ 2019 ਦੀਆਂ ਲੋਕ ਸਭਾ ਚੋਣਾਂ ਤੇ 2022 ਦੀਆਂ ਵਿਧਾਨ ਸਭਾ ਚੋਣਾਂ ਤੱਕ ਜਾਰੀ ਰਹੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਚੋਣਾਂ ਲੜ ਕੇ ਕੀ ਕਰਨ ਜੇਕਰ ਪਿੰਡ ਦਾ ਵਿਕਾਸ ਹੀ ਨਹੀਂ ਹੋ ਰਿਹਾ।