ਵਿਜੇਇੰਦਰ ਸਿੰਗਲਾ ਨੇ ਲਿਆ ਅਨਾਜ ਮੰਡੀ ''ਚ ਖਰੀਦ ਪ੍ਰਬੰਧਾ ਦਾ ਜਾਇਜ਼ਾ, ਸੋਸ਼ਲ ਡਿਸਟੈਂਸਿੰਗ ਦਾ ਰੱਖਿਆ ਧਿਆਨ
Saturday, Apr 18, 2020 - 04:46 PM (IST)
ਭਵਾਨੀਗੜ੍ਹ (ਕਾਂਸਲ,ਵਿਕਾਸ,ਸੰਜੀਵ,ਅੱਤਰੀ, ਵਿਵੇਕ): ਪੰਜਾਬ ਦੇ ਲੋਕ ਨਿਰਮਾਣ ਤੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਵਲੋਂ ਸ਼ਨੀਵਾਰ ਨੂੰ ਸਥਾਨਕ ਅਨਾਜ ਮੰਡੀ ਦਾ ਦੌਰਾ ਕਰਦਿਆਂ ਕਣਕ ਦੇ ਖਰੀਦ ਪ੍ਰਬੰਧਾਂ ਦਾ ਜਾਇਜਾ ਲਿਆ। ਇਸ ਮੌਕੇ ਸਿੰਗਲਾ ਨੇ ਜਿੱਥੇ ਅਨਾਜ ਮੰਡੀ 'ਚ ਫਸਲ ਵੇਚਣ ਪਹੁੰਚੇ ਕਿਸਾਨਾਂ ਸਮੇਤ ਆੜਤੀਆਂ ਤੋਂ ਉਨ੍ਹਾਂ ਦੀਆਂ ਸਮੱਸਿਆਵਾਂ ਜਾਣੀਆ ਅਤੇ ਉਨ੍ਹਾਂ ਦਾ ਤੁਰੰਤ ਹੱਲ ਕਰਨ ਦਾ ਭਰੋਸਾ ਦਿੱਤਾ, ਉੱਥੇ ਹੀ ਸਿੰਗਲਾ ਨੇ ਮੰਡੀ 'ਚ ਕੰਮ ਕਰ ਰਹੀ ਲੇਬਰ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਸਬੰਧੀ ਸਰਕਾਰ ਦੀਆਂ ਹਦਾਇਤਾਂ ਦੀ ਹਰ ਹਾਲ 'ਚ ਪਾਲਣਾ ਕਰਨ ਲਈ ਕਿਹਾ।
ਇਸ ਮੌਕੇ ਸਿੰਗਲਾ ਨੇ ਅਨਾਜ ਮੰਡੀ 'ਚ ਫੈਲੀ ਗੰਦਗੀ ਦਾ ਗੰਭੀਰ ਨੋਟਿਸ ਲੈਂਦਿਆ ਮਾਰਕਿਟ ਕਮੇਟੀ ਦੇ ਮੁਲਾਜ਼ਮਾਂ ਨੂੰ ਤਾੜਨਾ ਕੀਤੀ ਅਤੇ ਸਫਾਈ ਪ੍ਰਬੰਧਾਂ ਵਿੱਚ ਕੁਤਾਹੀ ਵਰਤਣ ਵਾਲੇ ਠੇਕੇਦਾਰ ਖਿਲਾਫ ਕਾਰਵਾਈ ਕਰਨ ਦੇ ਹੁਕਮ ਦਿੱਤੇ। ਇਸ ਮੌਕੇ ਹਾਜ਼ਰ ਮੰਡੀ ਦੇ ਆੜਤੀਆਂ ਨੇ ਸਿੰਗਲਾ ਨੂੰ ਸ਼ਿਕਾਇਤ ਭਰੇ ਲਹਿਜੇ ਕਿਹਾ ਕਿ ਭਾਵੇਂ ਕਿ ਕਣਕ ਦੀ ਖਰੀਦ ਦਾ ਅੱਜ ਚੌਥਾ ਦਿਨ ਹੈ ਦੇ ਬਾਵਜੂਦ ਵੀ ਡੇਢ ਦਰਜਨ ਦੇ ਕਰੀਬ ਆੜਤੀਆਂ ਨੂੰ ਈ-ਪਾਸ ਜਾਰੀ ਨਹੀਂ ਹੋਏ, ਜਿਸ ਕਰਕੇ ਉਨ੍ਹਾਂ ਸਮੇਤ ਕਿਸਾਨਾਂ ਨੂੰ ਵੱਡੀ ਸਮੱਸਿਆ ਝੱਲਣੀ ਪੈ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਆੜਤੀਆਂ ਨੂੰ ਕਿਸਾਨ ਕਰਫਿਊ ਪਾਸ ਜਾਰੀ ਕਰਨ ਦੇ ਅਧਿਕਾਰ ਸਥਾਨਕ ਪੱਧਰ ਦੇ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਦਿੱਤੇ ਜਾਣ ਤਾਂ ਹੀ ਇਸ ਸਮੱਸਿਆ ਦਾ ਹੱਲ ਹੋ ਸਕੇਗਾ।
ਇਸ ਦੇ ਨਾਲ ਆੜਤੀਆਂ ਨੇ ਸਿੰਗਲਾ ਨੂੰ ਕਿਹਾ ਕਿ ਆੜਤੀ ਐਸੋਸ਼ੀਏਸ਼ਨ ਵਲੋਂ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਸਮਾਜਿਕ ਦੂਰੀ ਅਤੇ ਮੰਡੀਆਂ 'ਚ ਇਕੱਠ ਨਾ ਹੋਵੇ ਨੂੰ ਧਿਆਨ 'ਚ ਰੱਖਦੇ ਹੋਏ ਪੰਜਾਬ ਮੰਡੀ ਬੋਰਡ ਨੂੰ ਭਵਾਨੀਗੜ੍ਹ 'ਚ 15 ਸਬ ਯਾਰਡ ਵੱਖ-ਵੱਖ ਸ਼ੈਲਰਾਂ 'ਚ ਬਣਾਉਣ ਲਈ ਲਿਖ ਕੇ ਭੇਜਿਆ ਗਿਆ ਸੀ ਪਰੰਤੂ ਇਸ ਸੁਝਾਅ ਨੂੰ ਗੰਡੀਰਤਾ ਨਾਲ ਨਹੀਂ ਲਿਆ ਗਿਆ। ਬਾਅਦ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਿੰਗਲਾ ਨੇ ਕਿਹਾ ਕਿ ਮੰਡੀ ਬੋਰਡ ਵਲੋਂ ਕੂਪਨ ਸਿਸਟਮ ਰਾਹੀਂ ਕਣਕ ਦੀ ਖਰੀਦ ਕੀਤੀ ਜਾ ਰਹੀ ਹੈ। ਜਲਦ ਹੀ ਸਾਰੇ ਆੜ੍ਹਤੀਆਂ ਨੂੰ ਕੂਪਨ ਜਾਰੀ ਕਰਵਾ ਦਿੱਤੇ ਜਾਣਗੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸੰਗਰੂਰ ਰਾਜੇਸ਼ ਤ੍ਰਿਪਾਠੀ ਨੇ ਦੱਸਿਆ ਕਿ ਭਵਾਨੀਗੜ੍ਹ 'ਚ ਹੁਣ ਤੱਕ 1575 ਮੈਟ੍ਰਿਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ ਅਤੇ ਕਰੀਬ 1070 ਮੈਟ੍ਰਿਕ ਟਨ ਦੀ ਖਰੀਦ ਹੋ ਚੁੱਕੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਦੀਪ ਕੱਦ ਚੈਅਰਮੈਨ ਮਾਰਕਿਟ ਕਮੇਟੀ, ਵਰਿੰਦਰ ਪੰਨਵਾਂ ਚੈਅਰਮੈਨ ਬਲਾਕ ਸੰਮਤੀ, ਕਪਲ ਗਰਗ ਚੈਅਰਮੈਨ ਪੀਆਰਟੀਸੀ, ਜਗਤਾਰ ਨਮਾਦਾ, ਮਹੇਸ਼ ਕੁਮਾਰ ਮੇਸ਼ੀ, ਵਰਿੰਦਰ ਮਿੱਤਲ ਪ੍ਰਧਾਨ ਅਗਰਵਾਲ ਸਭਾ, ਪ੍ਰਦੀਪ ਮਿੱਤਲ ਦੀਪਾ,ਪੰਕਜ ਮਿੱਤਲ, ਟਵਿੰਕਲ ਗੋਇਲ,ਫਕੀਰ ਚੰਦ ਸਿੰਗਲਾ ਸਾਬਕਾ ਕੌੰਸਲਰ, ਮੰਗਤ ਸ਼ਰਮਾਂ,ਜਿਲ੍ਹਾ ਮੰਡੀ ਬੋਰਡ ਅਫਸਰ,ਗੁਰਲੀਨ ਕੌਰ ਤਹਿਸੀਲਦਾਰ,ਕਰਮਜੀਤ ਸਿੰਘ ਖੱਟੜਾ ਨਾਇਬ ਤਹਿਸੀਲਦਾਰ, ਗੋਬਿੰਦਰ ਸਿੰਘ ਡੀਐੱਸਪੀ ਭਵਾਨੀਗੜ ਅਤੇ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀ ਤੇ ਮੁਲਾਜ਼ਮ ਹਾਜ਼ਰ ਸਨ।
ਮੰਤਰੀ ਜੀ ਦਿੰਦੇ ਰਹੇ 'ਸ਼ੋਸ਼ਲ ਡਿਸਟੈਂਸ' ਰੱਖਣ ਦੀ ਦੁਹਾਈ
ਅੱਜ ਅਨਾਜ ਮੰਡੀ 'ਚ ਜਿਵੇਂ ਹੀ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਪਹੁੰਚੇ ਤਾਂ ਅਪਣੀ ਗੱਡੀ 'ਚੋਂ ਉੱਤਰਦਿਆ ਹੀ ਸਭ ਤੋਂ ਪਹਿਲਾਂ ਉਨ੍ਹਾਂ ਨੇ ਮੌਕੇ 'ਤੇ ਹਾਜ਼ਰ ਆੜਤੀਆਂ, ਮੁਲਾਜ਼ਮਾਂ ਤੇ ਸਮੂਹ ਅਧਿਕਾਰੀਆਂ ਨੂੰ ਇੱਕ ਦੂਜੇ ਤੋਂ 'ਸ਼ੋਸਲ ਡਿਸਟੈਂਸਿੰਗ' ਰੱਖਣ ਦੀ ਵਿਸ਼ੇਸ਼ ਹਦਾਇਤ ਦਿੱਤੀ ਤੇ ਇਸ ਦੌਰਾਨ ਕਈ ਮੌਕਿਆਂ 'ਤੇ ਸ਼ੋਸ਼ਲ ਡਿਸਟੈਂਸਿੰਗ ਦੀ ਉਲੰਘਣਾ ਵੀ ਹੋਈ ਜਿਸ 'ਤੇ ਸਿੰਗਲਾ ਨਰਾਜ਼ ਹੋਏ ਤੇ ਵਾਰ-ਵਾਰ ਲੋਕਾਂ ਨੂੰ ਹੱਥ ਜੋੜ ਕੇ ਇਸ ਦੀ ਪਾਲਣਾ ਕਰਨ ਦੀ ਬੇਨਤੀ ਕਰਦੇ ਰਹੇ।