ਜੰਡੂਸਿੰਘਾ ਚੌਂਕੀ ’ਚ ਵਿਜੀਲੈਂਸ ਦੀ ਰੇਡ, ਇੰਚਾਰਜ ਸੁਖਦੇਵ ਸਿੰਘ ਰਿਸ਼ਵਤ ਲੈਣ ''ਤੇ ਗ੍ਰਿਫ਼ਤਾਰ

11/27/2021 2:35:23 PM

ਜਲੰਧਰ (ਜ. ਬ.)–ਵਿਜੀਲੈਂਸ ਬਿਊਰੋ ਜਲੰਧਰ ਰੇਂਜ ਨੇ ਚੌਂਕੀ ਜੰਡੂਸਿੰਘਾ ਵਿਚ ਰੇਡ ਕਰਕੇ ਇੰਚਾਰਜ ਸੁਖਦੇਵ ਸਿੰਘ ਨੂੰ ਰਿਸ਼ਵਤ ਮੰਗਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ। ਚੌਕੀ ਇੰਚਾਰਜ ਕੋਲੋਂ ਰਿਸ਼ਵਤ ਦੇ ਪੈਸੇ ਬਰਾਮਦ ਨਹੀਂ ਹੋਏ ਪਰ ਉਸ ਖ਼ਿਲਾਫ਼ ਇਕ ਡਰਾਈਵਰ ਕੋਲੋਂ ਰਿਸ਼ਵਤ ਮੰਗਣ ਦੇ ਪੁਖ਼ਤਾ ਸਬੂਤ ਮਿਲਣ ’ਤੇ ਵਿਜੀਲੈਂਸ ਨੇ ਥਾਣਾ ਆਦਮਪੁਰ ਵਿਚ ਏ. ਐੱਸ. ਆਈ. ਸੁਖਦੇਵ ਸਿੰਘ ਖ਼ਿਲਾਫ਼ ਕੇਸ ਦਰਜ ਕਰਵਾਇਆ, ਹਾਲਾਂਕਿ ਮਾਮਲਾ ਰਿਸ਼ਵਤ ਦਾ ਹੋਣ ਕਾਰਨ ਵਿਜੀਲੈਂਸ ਬਿਊਰੋ ਵਿਚ ਵੀ ਏ. ਐੱਸ. ਆਈ. ਖ਼ਿਲਾਫ਼ ਵੱਖ ਕੇਸ ਦਰਜ ਕੀਤਾ ਜਾਵੇਗਾ।

ਐੱਸ. ਐੱਸ. ਪੀ. ਵਿਜੀਲੈਂਸ ਡੀ. ਐੱਸ. ਢਿੱਲੋਂ ਨੇ ਦੱਸਿਆ ਕਿ ਮਕਸੂਦਾਂ ਵਿਖੇ ਰਹਿਣ ਵਾਲੇ ਇਕ ਡਰਾਈਵਰ ਨੇ ਉਨ੍ਹਾਂ ਨੂੰ ਸ਼ਿਕਾਇਤ ਦਿੱਤੀ ਸੀ, ਜਿਸ ਦਾ ਕਹਿਣਾ ਸੀ ਕਿ ਉਹ ਪਹਿਲਾਂ ਨਸ਼ਾ ਕਰਦਾ ਸੀ ਪਰ ਢਾਈ ਸਾਲ ਤੋਂ ਉਹ ਨਸ਼ਾ ਛੱਡ ਚੁੱਕਾ ਹੈ। ਪਹਿਲਾਂ ਉਸਦੀ ਦਵਾਈ ਕਾਲਾ ਬੱਕਰਾ ਤੋਂ ਮਿਲਦੀ ਸੀ ਪਰ ਆਈ. ਡੀ. ਕਾਰਡ ਬਣਨ ਤੋਂ ਬਾਅਦ ਉਹ ਕਿਸੇ ਵੀ ਨਸ਼ਾ ਛੁਡਾਊ ਕੇਂਦਰ ਤੋਂ ਦਵਾਈ ਲੈ ਸਕਦਾ ਸੀ। ਡਰਾਈਵਰ ਹੁਣ ਸੇਖੋਂ ਪਿੰਡ ਤੋਂ ਦਵਾਈ ਲੈ ਰਿਹਾ ਸੀ। ਉਸ ਨੇ ਵਿਜੀਲੈਂਸ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਕਿ 10 ਨਵੰਬਰ ਨੂੰ ਜਦੋਂ ਉਹ ਦਵਾਈ ਲੈ ਕੇ ਆਪਣੇ ਮੋਟਰਸਾਈਕਲ ’ਤੇ ਘਰ ਪਰਤ ਰਿਹਾ ਸੀ ਤਾਂ ਕੋਟਲਾ ਨੂੰ ਜਾਂਦੀ ਕੱਚੀ ਸੜਕ ’ਤੇ ਸਿਵਲ ਵਰਦੀ ਵਿਚ ਖੜ੍ਹੇ ਪੁਲਸ ਮੁਲਾਜ਼ਮਾਂ ਨੇ ਉਸ ਨੂੰ ਰੋਕ ਲਿਆ ਅਤੇ ਜ਼ਬਰਦਸਤੀ ਮੋਟਰਸਾਈਕਲ ਤੇ ਮੋਬਾਇਲ ਖੋਹ ਕੇ ਉਸ ਨੂੰ ਆਪਣੀ ਗੱਡੀ ਵਿਚ ਬਿਠਾ ਕੇ ਚੌਂਕੀ ਜੰਡੂਸਿੰਘਾ ਲੈ ਗਏ। ਦੋਸ਼ ਹੈ ਕਿ ਵਰਦੀ ਵਿਚ ਆਏ ਇਕ ਮੁਲਾਜ਼ਮ ਨੇ ਉਸ ਕੋਲੋਂ ਨਸ਼ਾ ਮਿਲਣ ਦੀ ਗੱਲ ਕਹੀ ਪਰ ਉਸ ਨੇ ਨਸ਼ਾ ਛੱਡ ਦੇਣ ਦੀ ਗੱਲ ਕਹੀ ਤਾਂ ਸਿਵਲ ਵਰਦੀ ਵਿਚ ਆਏ ਮੁਲਾਜ਼ਮ ਹਰਦੀਪ ਲਾਲ ਨੇ ਉਸ ਨਾਲ ਕੁੱਟਮਾਰ ਕੀਤੀ। ਮੁਲਾਜ਼ਮ ਨੇ ਉਸ ’ਤੇ 40 ਗ੍ਰਾਮ ਨਸ਼ਾ ਪਾਉਣ ਦੀ ਗੱਲ ਕਹੀ। ਇਹ ਵੀ ਕਿਹਾ ਕਿ ਜੇਕਰ ਉਸ ਖ਼ਿਲਾਫ਼ ਕੇਸ ਦਰਜ ਹੋ ਗਿਆ ਤਾਂ ਜ਼ਮਾਨਤ ਨਹੀਂ ਹੋਵੇਗੀ।

ਇਹ ਵੀ ਪੜ੍ਹੋ: ਚੰਡੀਗੜ੍ਹ ਵਿਖੇ ਅਕਾਲੀ ਆਗੂਆਂ ਸਮੇਤ ਸੁਖਬੀਰ ਸਿੰਘ ਬਾਦਲ ਨੂੰ ਲਿਆ ਗਿਆ ਹਿਰਾਸਤ ’ਚ

ਡਰਾਈਵਰ ਨੇ ਕਿਹਾ ਕਿ ਕੇਸ ਦੇ ਨਾਂ ’ਤੇ ਉਹ ਡਰ ਗਿਆ ਅਤੇ ਵਾਰ-ਵਾਰ ਮੁਲਾਜ਼ਮ ਹਰਦੀਪ ਲਾਲ ਨੂੰ ਕਹਿੰਦਾ ਰਿਹਾ ਕਿ ਉਹ ਨਸ਼ਾ ਛੱਡ ਚੁੱਕਾ ਹੈ। ਹਰਦੀਪ ਲਾਲ ਨੇ ਕੇਸ ਤੋਂ ਬਚਣ ਲਈ ਉਸ ਕੋਲੋਂ 60 ਹਜ਼ਾਰ ਦੀ ਮੰਗ ਕੀਤੀ। ਪੈਸੇ ਨਾ ਹੋਣ ਦੀ ਗੱਲ ਕਹਿਣ ’ਤੇ ਮੁਲਾਜ਼ਮ ਹਰਦੀਪ ਨੇ ਉਸ ਨਾਲ ਕੁੱਟਮਾਰ ਵੀ ਕੀਤੀ। ਡਰਾਈਵਰ ਨੇ ਮਾਰ ਦੇ ਡਰੋਂ ਪੈਸਿਆਂ ਦਾ ਇੰਤਜ਼ਾਮ ਕਰਨ ਦਾ ਭਰੋਸਾ ਦਿੱਤਾ, ਜਿਸ ਤੋਂ ਬਾਅਦ ਹਰਦੀਪ ਲਾਲ ਚੌਕੀ ਇੰਚਾਰਜ ਸੁਖਦੇਵ ਸਿੰਘ ਕੋਲ ਲੈ ਗਿਆ। ਸੁਖਦੇਵ ਸਿੰਘ ਨੇ ਡਰਾਈਵਰ ਨੂੰ 11 ਨਵੰਬਰ ਨੂੰ ਸਵੇਰੇ 25 ਹਜ਼ਾਰ ਰੁਪਏ ਲਿਆਉਣ ਨੂੰ ਕਿਹਾ ਅਤੇ ਫਿਰ ਜਾ ਕੇ ਉਸ ਨੂੰ ਸ਼ਾਮੀਂ 7 ਵਜੇ ਬਿਨਾਂ ਮੋਬਾਇਲ ਅਤੇ ਮੋਟਰਸਾਈਕਲ ਦਿੱਤੇ ਭੇਜ ਦਿੱਤਾ। ਡਰਾਈਵਰ ਨੇ ਆਪਣੀ ਪਤਨੀ ਸਮੇਤ ਵਿਜੀਲੈਂਸ ਜਲੰਧਰ ਰੇਂਜ ਵਿਚ ਆ ਕੇ ਇਸ ਸਬੰਧੀ ਸ਼ਿਕਾਇਤ ਦਿੱਤੀ। ਡਰਾਈਵਰ ਵੱਲੋਂ ਦਿੱਤੇ ਸਬੂਤ ਪੁਖਤਾ ਸਨ ਪਰ ਉਹ ਰਿਸ਼ਵਤ ਦੇ 25 ਹਜ਼ਾਰ ਰੁਪਏ ਦੇਣ ਤੋਂ ਅਸਮਰੱਥ ਸੀ। ਅਜਿਹੇ ਵਿਚ ਡੀ. ਐੱਸ. ਪੀ. ਵਿਜੀਲੈਂਸ ਦਲਬੀਰ ਸਿੰਘ ਨੇ ਆਪਣੀ ਟੀਮ ਅਤੇ ਸਰਕਾਰੀ ਗਵਾਹਾਂ ਸਮੇਤ ਚੌਕੀ ਜੰਡੂਸਿੰਘਾ ਵਿਚ ਚੈਕਿੰਗ ਲਈ ਰੇਡ ਕੀਤੀ। ਚੌਕੀ ਵਿਚੋਂ ਡਰਾਈਵਰ ਦਾ ਮੋਟਰਸਾਈਕਲ ਬਰਾਮਦ ਹੋ ਗਿਆ।

ਇਹ ਵੀ ਪੜ੍ਹੋ: ਸੱਜੇ ਤੇ ਖੱਬੇ ਪਾਸੇ ਮਾਫ਼ੀਆ ਬੈਠਾ, ਕੇਜਰੀਵਾਲ ਵੱਲੋਂ ਦਿੱਤੇ ਗਏ ਬਿਆਨ 'ਤੇ CM ਚੰਨੀ ਦਾ ਪਲਟਵਾਰ

ਇਸ ਦੌਰਾਨ ਚੌਂਕੀ ਇੰਚਾਰਜ ਸੁਖਦੇਵ ਸਿੰਘ ਕੋਲੋਂ ਜਦੋਂ ਮੋਬਾਇਲ ਬਾਰੇ ਪੁੱਛਿਆ ਗਿਆ ਤਾਂ ਉਹ ਵੀ ਬਰਾਮਦ ਹੋ ਗਿਆ। ਵਿਜੀਲੈਂਸ ਦੀ ਟੀਮ ਨੇ ਜਦੋਂ ਮੋਬਾਇਲ ਅਤੇ ਮੋਟਰਸਾਈਕਲ ਰੱਖਣ ਦਾ ਕਾਰਨ ਪੁੱਛਿਆ ਤਾਂ ਚੌਕੀ ਇੰਚਾਰਜ ਨੇ 2 ਨਸ਼ੇ ਦੀਆਂ ਪੁੜੀਆਂ ਵਿਖਾਉਂਦਿਆਂ ਕਿਹਾ ਕਿ ਡਰਾਈਵਰ ਕੋਲੋਂ ਇਹ ਮਿਲੀਆਂ ਸਨ। ਪੁੜੀਆਂ ਦਿਖਾ ਕੇ ਚੌਕੀ ਇੰਚਾਰਜ ਖ਼ੁਦ ਹੀ ਫਸ ਗਿਆ ਅਤੇ ਜਦੋਂ ਵਿਜੀਲੈਂਸ ਨੇ ਨਸ਼ਾ ਬਰਾਮਦ ਹੋਣ ਦੇ ਬਾਵਜੂਦ ਡਰਾਈਵਰ ਨੂੰ ਛੱਡਣ ਦਾ ਕਾਰਨ ਪੁੱਛਿਆ ਤਾਂ ਇੰਚਾਰਜ ਕੋਈ ਪੱਖ ਨਾ ਰੱਖ ਸਕਿਆ। ਅਜਿਹੇ ਵਿਚ ਵਿਜੀਲੈਂਸ ਦੀ ਟੀਮ ਨੇ ਥਾਣਾ ਆਦਮਪੁਰ ਦੇ ਇੰਚਾਰਜ ਇੰਸ. ਹਰਜਿੰਦਰ ਸਿੰਘ ਨੂੰ ਬੁਲਾਇਆ ਅਤੇ ਨਸ਼ੇ ਦੀਆਂ ਪੁੜੀਆਂ ਉਨ੍ਹਾਂ ਦੇ ਹਵਾਲੇ ਕਰ ਦਿੱਤੀਆਂ। ਐੱਸ. ਐੱਸ. ਪੀ. ਢਿੱਲੋਂ ਨੇ ਕਿਹਾ ਕਿ ਚੌਕੀ ਇੰਚਾਰਜ ਨੇ ਰਿਸ਼ਵਤ ਲੈਣ ਲਈ ਡਰਾਈਵਰ ਦਾ ਮੋਟਰਸਾਈਕਲ ਅਤੇ ਮੋਬਾਇਲ ਆਪਣੇ ਕਬਜ਼ੇ ਵਿਚ ਰੱਖਿਆ ਹੋਇਆ ਸੀ। ਅਜਿਹੇ ਵਿਚ ਥਾਣਾ ਆਦਮਪੁਰ ਵਿਚ ਚੌਕੀ ਇੰਚਾਰਜ ਸੁਖਦੇਵ ਸਿੰਘ ਖਿਲਾਫ ਐੱਫ. ਆਈ. ਆਰ. ਨੰਬਰ 173, 21 ਐੱਨ. ਡੀ. ਪੀ. ਐੱਸ. ਐਕਟ 1985 ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਐੱਸ. ਐੱਸ. ਪੀ. ਵਿਜੀਲੈਂਸ ਨੇ ਕਿਹਾ ਕਿ ਇਹ ਮਾਮਲਾ ਰਿਸ਼ਵਤ ਨਾਲ ਜੁੜਿਆ ਹੈ। ਇਸ ਲਈ ਏ. ਐੱਸ. ਆਈ. ਸੁਖਦੇਵ ਸਿੰਘ ਖ਼ਿਲਾਫ਼ ਵਿਜੀਲੈਂਸ ਵਿਚ ਵੀ ਜਲਦ ਕੇਸ ਦਰਜ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਜਲੰਧਰ 'ਚ ਰਿਸ਼ਤੇ ਹੋਏ ਤਾਰ-ਤਾਰ, ਭਰਾ ਹੀ ਬਣਾਉਂਦਾ ਰਿਹਾ ਸਕੀ ਭੈਣ ਨੂੰ ਆਪਣੀ ਹਵਸ ਦਾ ਸ਼ਿਕਾਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News