ਵਿਜੀਲੈਂਸ ਬਿਊਰੋ ਵੱਲੋਂ 20,000 ਰੁਪਏ ਰਿਸ਼ਵਤ ਲੈਂਦਾ ਪੰਚਾਇਤ ਸਕੱਤਰ ਗ੍ਰਿਫਤਾਰ

Thursday, Sep 10, 2026 - 11:52 AM (IST)

ਵਿਜੀਲੈਂਸ ਬਿਊਰੋ ਵੱਲੋਂ 20,000 ਰੁਪਏ ਰਿਸ਼ਵਤ ਲੈਂਦਾ ਪੰਚਾਇਤ ਸਕੱਤਰ ਗ੍ਰਿਫਤਾਰ

ਪਟਿਆਲਾ/ਦੇਵੀਗੜ੍ਹ (ਬਲਜਿੰਦਰ, ਨੌਗਾਵਾਂ) : ਵਿਜੀਲੈਂਸ ਬਿਊਰੋ ਵੱਲੋਂ ਬੀ. ਡੀ. ਪੀ. ਓ. ਦਫ਼ਤਰ ਭੂਨਰਹੇੜੀ, ਜ਼ਿਲਾ ਪਟਿਆਲਾ ਵਿਖੇ ਤਾਇਨਾਤ ਪੰਚਾਇਤ ਸਕੱਤਰ ਗੁਰਜੰਟ ਸਿੰਘ ਨੂੰ 20,000 ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਸਟੇਟ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਪਿੰਡ ਭਟੀਆਂ, ਜ਼ਿਲਾ ਪਟਿਆਲਾ ਦੇ ਇਕ ਨਿਵਾਸੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਗ੍ਰਾਮ ਪੰਚਾਇਤ ਨੇ ਇਕ ਧਰਮਸ਼ਾਲਾ ਅਤੇ ਕਮਿਊਨਿਟੀ ਹਾਲ ਦੀ ਮੁਰੰਮਤ ਅਤੇ ਉਸਾਰੀ ਲਈ ਮਤੇ ਪਾਸ ਕੀਤੇ ਸਨ। ਇਨ੍ਹਾਂ ਮਤਿਆਂ ਦੀ ਅਗਲੇਰੀ ਕਾਰਵਾਈ ਅਤੇ ਵਿਕਾਸ ਕਾਰਜਾਂ ਲਈ ਪੰਚਾਇਤ ਸਕੱਤਰ ਗੁਰਜੰਟ ਸਿੰਘ ਨੇ 20,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ।

ਮੁਲਜ਼ਮ ਪੰਚਾਇਤ ਸਕੱਤਰ ਨੇ ਦੱਸਿਆ ਕਿ ਇਸ ਰਿਸ਼ਵਤ ਦੀ ਰਕਮ ’ਚੋਂ ਇਕ ਹਿੱਸਾ ਮਤਿਆਂ ’ਤੇ ਦਸਤਖ਼ਤ ਕਰਵਾਉਣ ਲਈ ਗ੍ਰਾਮ ਪੰਚਾਇਤ ਦੇ ਪੰਚਾਂ ਨੂੰ ਵੰਡਿਆ ਜਾਵੇਗਾ। ਰਿਸ਼ਵਤ ਨਾ ਦੇਣ ਦੀ ਇੱਛਾ ਰੱਖਦਿਆਂ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਪਟਿਆਲਾ ਕੋਲ ਪਹੁੰਚ ਕੀਤੀ।

ਉਸ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਅਤੇ ਮੁਲਜ਼ਮ ਪੰਚਾਇਤ ਸਕੱਤਰ ਨੂੰ 2 ਸਰਕਾਰੀ ਗਵਾਹਾਂ ਦੀ ਹਾਜ਼ਰੀ ’ਚ ਸ਼ਿਕਾਇਤਕਰਤਾ ਤੋਂ 20,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਇਸ ਸਬੰਧੀ ਮੁਲਜ਼ਮ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਥਾਣਾ ਪਟਿਆਲਾ ਵਿਖੇ ਕੇਸ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।


author

Gurminder Singh

Content Editor

Related News