ਪੇਅ ਕਮਿਸ਼ਨ ਖ਼ਿਲਾਫ਼ ਪ੍ਰਦਰਸ਼ਨਾਂ ਦੌਰਾਨ ਵੱਡੀ ਗਿਣਤੀ ''ਚ ਸ਼ਮੂਲੀਅਤ ਕਰੇਗੀ ''ਵੈਟਨਰੀ ਇੰਸਪੈਕਟਰਜ਼ ਐਸੀਸੋਏਸ਼ਨ''
Thursday, Jun 24, 2021 - 06:44 PM (IST)
ਚੰਡੀਗੜ੍ਹ (ਰਮਨਜੀਤ) : ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਸੱਚਰ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਦਿੱਤੀ ਪੇਅ ਕਮਿਸ਼ਨ ਦੀ ਰਿਪੋਰਟ ਨੂੰ ਮੁੱਢੋਂ ਹੀ ਰੱਦ ਕਰਕੇ ਇਸ ਨੂੰ ਰੱਦੀ ਦੀ ਟੋਕਰੀ ਵਿਚ ਸੁੱਟ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਹੈ ਕਿ ਪੰਜਾਬ ਅਤੇ ਯੂ. ਟੀ. ਇੰਪਲਾਈ ਯੂਨੀਅਨ ਦੇ ਨੁਮਾਇੰਦਿਆਂ ਨਾਲ ਜੋ ਗੱਲਬਾਤ ਹੋਈ ਸੀ, ਉਸ ਅਨੁਸਾਰ ਸਾਰੇ ਗੁੰਝਲਦਾਰ ਪੈਰਿਆਂ ਨੂੰ ਖ਼ਤਮ ਕਰਕੇ ਸਾਫ ਤੇ ਸਪਸਟ ਪੇਅ ਕਮਿਸ਼ਨ ਦਿੱਤਾ ਜਾਵੇ। ਵੈਟਨਰੀ ਇੰਸਪੈਕਟਰਾਂ ਨੂੰ ਬੇਸਿਕ ਪੇਅ ਦਾ 25 ਫ਼ੀਸਦੀ ਅਲਾਊਂਸ ਦਿੱਤਾ ਜਾਵੇ।
ਵੈਟਨਰੀ ਇੰਸਪੈਕਟਰਾਂ ਦੇ ਫੀਲਡ ਵਿਚਲੇ ਕੰਮ ਨੂੰ ਮੁੱਖ ਰੱਖਦੇ ਹੋਏ ਬੱਝਵਾਂ ਐਫ. ਟੀ. ਏ. ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਮੁਲਾਜ਼ਮ ਇਹ ਲੰਗੜਾ ਅਤੇ ਮੁਲਾਜ਼ਮ ਮਾਰੂ ਪੇਅ ਕਮਿਸ਼ਨ ਨੂੰ ਕਿਸੇ ਵੀ ਕੀਮਤ 'ਤੇ ਪ੍ਰਵਾਨ ਨਹੀਂ ਕਰਨਗੇ। ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜਨ ਅਤੇ ਸੂਬਾ ਜਨਰਲ ਸਕੱਤਰ ਜਸਵਿੰਦਰ ਬੜੀ ਨੇ ਕਿਹਾ ਕਿ ਅੰਨ੍ਹੀ ਅਤੇ ਬੋਲੀ ਸਰਕਾਰ ਦੇ ਕੰਨਾਂ ਵਿਚ ਆਵਾਜ਼ ਪਹੁੰਚਾਉਣ ਲਈ ਸਾਂਝਾ ਮੁਲਾਜ਼ਮ ਮੰਚ ਦੇ ਸੱਦੇ 'ਤੇ ਡਟ ਕੇ ਪਹਿਰਾ ਦਿੰਦੇ ਹੋਏ ਸਰਕਾਰ ਖ਼ਿਲਾਫ਼ ਵੱਡੇ ਪੱਧਰ 'ਤੇ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨਾਂ ਵਿਚ ਵੱਡੀ ਪੱਧਰ 'ਤੇ ਵੈਟਨਰੀ ਇੰਸਪੈਕਟਰਜ਼ ਐਸੋਸੀਏਸ਼ਨ ਸ਼ਾਮਲ ਹੋ ਕੇ ਸਰਕਾਰ ਦਾ ਪਿੱਟ-ਸਿਆਪਾ ਕਰੇਗੀ।