ਮੀਂਹ ਅਤੇ ਟਰੱਕਾਂ ਦੀ ਹਡ਼ਤਾਲ ਕਾਰਨ ਸਬਜ਼ੀਆਂ ਦੇ ਭਾਅ ਹੋਏ ਦੁੱਗਣੇ
Monday, Jul 23, 2018 - 12:28 AM (IST)

ਰੂਪਨਗਰ, (ਕੈਲਾਸ਼)- ਮਹਾਨਗਰਾਂ ਵਿਚ ਹੋਈ ਟਰੱਕਾਂ ਦੀ ਹਡ਼ਤਾਲ ਅਤੇ ਬਰਸਾਤੀ ਮੌਸਮ ਕਰਕੇ ਸਬਜ਼ੀਆਂ ਦੇ ਭਾਅ ਲੱਗਭਗ ਦੁਗਣੇ ਹੋ ਚੁੱਕੇ ਹਨ, ਜਿਸ ਕਾਰਨ ਲੋਕਾਂ ਦਾ ਬਜਟ ਵਿਗਡ਼ਨ ਲੱਗ ਪਿਆ ਹੈ। ਸੱਭ ਤੋਂ ਵੱਧ ਪ੍ਰੇਸ਼ਾਨੀ ਸਬਜ਼ੀਆਂ ਦੇ ਭਾਅ ਵਧਣ ਕਾਰਨ ਮਹਿਲਾਵਾਂ ਨੂੰ ਹੋ ਰਹੀ ਹੈ।
ਜਾਣਕਾਰੀ ਅਨੁਸਾਰ ਪਿਛਲੇ ਕੁਝ ਦਿਨਾਂ ਤੋਂ ਬਰਸਾਤ ਦਾ ਮੌਸਮ ਹੋਣ ਕਾਰਨ ਸਬਜ਼ੀਆਂ ਦੀ ਆਮਦ ਮੰਡੀ ਵਿਚ ਘੱਟ ਹੀ ਦੇਖਣ ਨੂੰ ਮਿਲਦੀ ਸੀ, ਜਿਸ ਕਾਰਨ ਸਬਜ਼ੀਆਂ ਦੇ ਰੇਟਾਂ ਵਿਚ ਕੁਝ ਦਿਨਾਂ ਤੋਂ ਰੋਜ਼ਾਨਾ ਵਾਧਾ ਹੋ ਰਿਹਾ ਸੀ ਪਰ ਬੀਤੇ ਕੁਝ ਦਿਨਾਂ ਤੋਂ ਮਹਾਨਗਰਾਂ ਵਿਚ ਹੋਈ ਟਰੱਕਾਂ ਦੀ ਹਡ਼ਤਾਲ ਇਸ ਦੀ ਸਿੱਧੀ ਮਾਰ ਕਰਿਆਨੇ ਅਤੇ ਸਬਜ਼ੀਆਂ ’ਤੇ ਪਈ ਹੈ, ਜਿਸ ਨਾਲ ਸਬਜ਼ੀਆਂ ਦੇ ਭਾਅ ਬੀਤੇ ਦਿਨਾਂ ਤੋਂ ਕਰੀਬ ਦੁਗਣੇ ਹੋ ਗਏ ਹਨ।
ਇਸ ਮੌਕੇ ਬੀਤੀ ਦੇਰ ਸ਼ਾਮ ਗਿਆਨੀ ਜ਼ੈਲ ਸਿੰਘ ਨਗਰ ਵਿਚ ਲੱਗੀ ਸਬਜ਼ੀ ਮੰਡੀ ਵਿਚ ਸਬਜ਼ੀਆਂ ਦੇ ਭਾਅ ਵਧਣ ਕਾਰਨ ਕਈ ਅੌਰਤਾਂ ਨੂੰ ਸਬਜ਼ੀ ਵਿਕਰੇਤਾਵਾਂ ਨਾਲ ਭਾਅ ਘੱਟ ਕਰਾਉਣ ਲਈ ਉਲਝਦੇ ਵੀ ਦੇਖਿਆ ਗਿਆ ਅਤੇ ਆਮ ਲੋਕਾਂ ਵਿਚ ਵਧੇ ਰੇਟਾਂ ਕਾਰਨ ਨਾਮੌਸ਼ੀ ਦੇਖਣ ਨੂੰ ਮਿਲੀ।