ਵਣ ਮਹੋਤਸਵ 2022 : ਪੰਜਾਬ ਪੁਲਸ ਦੇ ਮੁੱਖ ਦਫ਼ਤਰ ਵਿਖੇ DGP ਨੇ ਲਾਇਆ ਸਾਗਵਾਨ ਦਾ ਬੂਟਾ

07/25/2022 5:09:08 PM

ਚੰਡੀਗੜ੍ਹ : ਵਣ ਮਹੋਤਸਵ-2022 ਦੇ ਜਸ਼ਨਾਂ ਦੇ ਹਿੱਸੇ ਵਜੋਂ ਡਾਇਰੈਕਟਰ ਜਨਰਲ ਆਫ਼ ਪੁਲਸ (ਡੀ. ਜੀ. ਪੀ.) ਪੰਜਾਬ ਗੌਰਵ ਯਾਦਵ ਨੇ ਅੱਜ ਸੂਬਾ ਪੱਧਰੀ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਚੰਡੀਗੜ੍ਹ ਸਥਿਤ ਪੰਜਾਬ ਪੁਲਸ ਦੇ ਮੁੱਖ ਦਫ਼ਤਰ ਵਿਖੇ ਸਾਗਵਾਨ (ਟੀਕ) ਦਾ ਬੂਟਾ ਲਗਾਇਆ। ਮੁੱਖ ਦਫ਼ਤਰ ਵਿਖੇ ਪੰਜਾਬ ਪੁਲਸ ਦੇ ਵੈੱਲਫੇਅਰ ਵਿੰਗ ਵੱਲੋਂ ਵਣ ਮਹੋਤਸਵ ਮਨਾਉਣ ਲਈ ਵਿਸ਼ੇਸ਼ ਸਮਾਰੋਹ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਪੰਜਾਬ ਪੁਲਸ ਦੇ ਵੈੱਲਫੇਅਰ ਵਿੰਗ ਵੱਲੋਂ ਸ਼ੁਰੂ ਕੀਤੀ ਇਸ ਪੌਦੇ ਲਗਾਉਣ ਦੀ ਮੁਹਿੰਮ ਤਹਿਤ ਸਾਰੇ ਪੁਲਸ ਜ਼ਿਲ੍ਹਿਆਂ/ਯੂਨਿਟਾਂ 'ਚ ਮੌਲਸਰੀ, ਅਮਲਤਾਸ, ਟੀਕ, ਟਰਮੀਨਲੀਆ ਅਰਜੁਨਾ ਆਦਿ ਸਮੇਤ ਵੱਖ-ਵੱਖ ਕਿਸਮਾਂ ਦੇ ਲਗਭਗ 31000 ਪੌਦੇ ਲਗਾਏ ਜਾਣਗੇ। ਇਹ ਪੌਦੇ ਸੂਬੇ ਦੇ ਜੰਗਲਾਤ ਵਿਭਾਗ ਵੱਲੋਂ ਮੁਹੱਈਆ ਕਰਵਾਏ ਗਏ ਹਨ। 

ਡੀ. ਜੀ. ਪੀ. ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਪੰਜਾਬ ਪੁਲਸ ਵੱਲੋਂ ਪੌਦੇ ਲਗਾਉਣ ਦੀ ਇਸ ਵਿਆਪਕ ਮੁਹਿੰਮ ਦਾ ਆਯੋਜਨ ਕੀਤਾ ਗਿਆ, ਜਿਸ ਤਹਿਤ 'ਰੁੱਖ ਲਗਾਓ, ਪੰਜਾਬ ਨੂੰ ਸਵਰਗ ਬਣਾਓ' ਦੇ ਨਾਅਰੇ ਤਹਿਤ 31000 ਪੌਦੇ ਲਗਾਏ ਜਾਣਗੇ। ਡੀ. ਜੀ. ਪੀ. ਪੰਜਾਬ ਤੋਂ ਬਾਅਦ, ਵਧੀਕ ਡਾਇਰੈਕਟਰ ਜਨਰਲ ਆਫ ਪੁਲਸ (ਏ. ਡੀ. ਜੀ. ਪੀ.) ਜਿਨ੍ਹਾਂ 'ਚ ਸ਼ਸ਼ੀ ਪ੍ਰਭਾ, ਐਸਕੇ ਅਸਥਾਨਾ, ਅਰਪਿਤ ਸ਼ੁਕਲਾ, ਰਾਮ ਸਿੰਘ, ਐਸਐਸ ਸ੍ਰੀਵਾਸਤਵ, ਨਰੇਸ਼ ਅਰੋੜਾ, ਏ. ਐਸ. ਰਾਏ, ਬੀ. ਚੰਦਰ ਸ਼ੇਖਰ, ਜੀ ਨਾਗੇਸ਼ਵਰ ਰਾਓ, ਅਨੀਤਾ ਪੁੰਜ ਅਤੇ ਐੱਮ. ਐੱਫ. ਫਾਰੂਕੀ ਸ਼ਾਮਲ ਹਨ, ਨੇ ਵੀ ਵੱਖ-ਵੱਖ ਕਿਸਮਾਂ ਦੇ ਪੌਦੇ ਲਗਾਏ।

ਡੀ. ਜੀ. ਪੀ. ਨੇ ਸਾਰੇ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਸਬੰਧਿਤ ਜ਼ਿਲ੍ਹਿਆਂ/ਯੂਨਿਟਾਂ 'ਚ ਲਗਾਏ ਗਏ ਸਾਰੇ ਰੁੱਖਾਂ ਅਤੇ ਪੌਦਿਆਂ ਦੀ ਸਹੀ ਦੇਖ-ਭਾਲ ਨੂੰ ਯਕੀਨੀ ਬਣਾਉਣ। ਉਨ੍ਹਾਂ ਨੇ ਇਸ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕਰਨ ਲਈ ਭਲਾਈ ਵਿੰਗ ਦੇ ਏ. ਡੀ. ਜੀ. ਪੀ. ਅਰਪਿਤ ਸ਼ੁਕਲਾ ਦੇ ਯਤਨਾਂ ਦੀ ਸ਼ਲਾਘਾ ਵੀ ਕੀਤੀ ਜੋ ਕਿ ਹਰੇ-ਭਰੇ ਵਾਤਾਵਰਣ ਲਈ ਬਹੁਤ ਵੱਡਾ ਯੋਗਦਾਨ ਸਾਬਿਤ ਹੋਵੇਗਾ। ਜ਼ਿਕਰਯੋਗ ਹੈ ਕਿ 28 ਪੁਲਸ ਜ਼ਿਲ੍ਹਿਆਂ ਦੇ ਸਾਰੇ ਸੀ. ਪੀਜ਼./ਐੱਸ. ਐੱਸ. ਪੀਜ਼. ਤੋਂ ਇਲਾਵਾ ਰੇਲਵੇ, ਕਮਾਂਡੋ ਬਟਾਲੀਅਨ, ਪੀ. ਏ. ਪੀ. ਬਟਾਲੀਅਨ, ਆਈ. ਆਰ. ਬੀ. ਬਟਾਲੀਅਨ ਅਤੇ ਇੰਟੈਲੀਜੈਂਸ ਵਿੰਗ ਸਮੇਤ ਸਾਰੀਆਂ ਯੂਨਿਟਾਂ ਦੇ ਮੁਖੀਆਂ ਨੇ ਵੀ ਆਪਣੇ ਸਬੰਧਿਤ ਜ਼ਿਲ੍ਹਿਆਂ 'ਚ ਪੌਦੇ ਲਗਾ ਕੇ ਡੀ. ਜੀ. ਪੀ. ਨਾਲ ਇਸ ਮੁਹਿੰਮ 'ਚ ਸ਼ਿਰੱਕਤ ਕੀਤੀ।


Babita

Content Editor

Related News