ਯੂਨੀਵਰਸਿਟੀ ਮਾਮਲਾ : ਬਾਥਰੂਮ ਦੇ ਦਰਵਾਜ਼ੇ ਹੇਠੋਂ ਬਣਾਈ ਗਈ 8 ਕੁੜੀਆਂ ਦੀ ਇਤਰਾਜ਼ਯੋਗ ਵੀਡੀਓ, ਕੁੜੀ ਨੇ ਕਬੂਲੀ ਗੱਲ

Monday, Sep 19, 2022 - 11:56 AM (IST)

ਯੂਨੀਵਰਸਿਟੀ ਮਾਮਲਾ : ਬਾਥਰੂਮ ਦੇ ਦਰਵਾਜ਼ੇ ਹੇਠੋਂ ਬਣਾਈ ਗਈ 8 ਕੁੜੀਆਂ ਦੀ ਇਤਰਾਜ਼ਯੋਗ ਵੀਡੀਓ, ਕੁੜੀ ਨੇ ਕਬੂਲੀ ਗੱਲ

ਮੋਹਾਲੀ (ਨਿਆਮੀਆਂ) : ਖਰੜ ਦੀ ਇਕ ਨਿੱਜੀ ਯੂਨੀਵਰਸਿਟੀ ਦੇ ਡੀ. ਐੱਸ. ਡਬਲਿਯੂ. ਰਿਤੂ ਰਣੌਤ ਦੀ ਸ਼ਿਕਾਇਤ ’ਤੇ ਘੜੂੰਆਂ ਥਾਣੇ 'ਚ ਐੱਫ਼. ਆਈ. ਆਰ. ਦਰਜ ਹੋਈ ਹੈ। ਇਸ 'ਚ ਦੱਸਿਆ ਗਿਆ ਕਿ ਇਕ ਕੁੜੀ ਦੀ ਅਸ਼ਲੀਲ ਵੀਡੀਓ ਕਿਸੇ ਹੋਰ ਕੁੜੀ ਦੇ ਫ਼ੋਨ ’ਤੇ ਆਈ, ਜੋ ਨਹਾਉਂਦੇ ਸਮੇਂ ਬਣਾਈ ਗਈ ਸੀ। ਕੁੜੀ ’ਤੇ ਐੱਫ਼. ਆਈ. ਆਰ. ਦਰਜ ਹੋਈ ਹੈ। ਉਸ ਦੀ ਸ਼ਿਕਾਇਤ ਹੋਰ ਕੁੜੀਆਂ ਨੇ ਵਾਰਡਨ ਨੂੰ ਕੀਤੀ ਸੀ, ਜਿਸ ਤੋਂ ਬਾਅਦ ਮੁਲਜ਼ਮ ਕੁੜੀ ਨੇ ਮੰਨਿਆ ਕਿ ਉਸ ਨੇ ਸ਼ਿਕਾਇਤ 'ਚ ਦਰਜ 8 ਕੁੜੀਆਂ ਦੀ ਵੀਡੀਓ ਬਣਾਈ ਸੀ ਅਤੇ ਆਪਣੇ ਦੋਸਤ ਸ਼ਿਮਲਾ ਦੇ ਰਹਿਣ ਵਾਲੇ ਸੰਨੀ ਨੂੰ ਭੇਜੀ ਸੀ। ਉਪਰੋਕਤ ਵੀਡੀਓ ਦੂਸਰੀ ਵਿਦਿਆਰਥਣ ਦੇ ਫ਼ੋਨ 'ਚ ਕਿਵੇਂ ਆਈ, ਇਹ ਉਹ ਨਹੀਂ ਜਾਣਦੀ। ਸ਼ਿਕਾਇਤ 'ਚ ਦੱਸਿਆ ਗਿਆ ਕਿ ਮੁਲਜ਼ਮ ਕੁੜੀ ਨੇ ਮੰਨਿਆ ਹੈ ਕਿ ਉਸ ਨੇ ਵੀਡੀਓਜ਼ ਡਿਲੀਟ ਕਰ ਦਿੱਤੀਆਂ ਹਨ। ਐੱਫ਼. ਆਈ. ਆਰ. 'ਚ ਲਿਖਿਆ ਹੈ ਕਿ ਸ਼ਿਕਾਇਤ ਦੇਣ ਵਾਲੀਆਂ ਕੁੜੀਆਂ ਨੂੰ ਸ਼ੱਕ ਹੈ ਕਿ ਉਨ੍ਹਾਂ ਦੀ ਅਸ਼ਲੀਲ ਵੀਡੀਓ ਬਣਾ ਕੇ ਭੇਜੀ ਗਈ ਹੈ।

ਇਹ ਵੀ ਪੜ੍ਹੋ : ਮੋਹਾਲੀ ਦੀ ਯੂਨੀਵਰਸਿਟੀ 'ਚ 60 ਕੁੜੀਆਂ ਦੀ ਨਹਾਉਂਦੀਆਂ ਦੀ ਵੀਡੀਓ ਵਾਇਰਲ, 8 ਨੇ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼ (ਵੀਡੀਓ)
ਬਾਥਰੂਮ ਦੇ ਦਰਵਾਜ਼ੇ ਹੇਠੋਂ ਬਣਾਈਆਂ ਵੀਡੀਓਜ਼
ਯੂਨੀਵਰਸਿਟੀ ਦੀ ਇਕ ਵਿਦਿਆਰਥਣ ਨੇ ਦੱਸਿਆ ਕਿ ਵਾਰਡਨ ਨੇ ਮੁਲਜ਼ਮ ਵਿਦਿਆਰਥਣ ਦੇ ਫ਼ੋਨ ਵਿਚੋਂ ਵੀਡੀਓਜ਼ ਡਿਲੀਟ ਕਰਵਾ ਦਿੱਤੀਆਂ ਹਨ, ਜਦੋਂ ਕਿ ਉਕਤ ਕੁੜੀ ਨੇ ਮੰਨਿਆ ਹੈ ਕਿ ਉਸ ਨੇ ਵੀਡੀਓਜ਼ ਕਿਉਂ ਬਣਾਈਆਂ ਸਨ, ਜਿਸ ਨੂੰ ਕੁੱਝ ਕੁੜੀਆਂ ਨੇ ਦੇਖਿਆ ਵੀ ਸੀ ਪਰ ਇੰਨੇ ਹੰਗਾਮੇ ਤੋਂ ਬਾਅਦ ਕੋਈ ਵੀ ਸਾਹਮਣੇ ਨਹੀਂ ਆਉਣਾ ਚਾਹੁੰਦੀ। ਜਿਹੜੇ ਹੋਸਟਲ 'ਚ ਅਸ਼ਲੀਲ ਵੀਡੀਓ ਬਣਾਈ ਗਈ ਸੀ, ਉਹ ਪਹਿਲਾਂ ਮੁੰਡਿਆਂ ਦਾ ਹੋਸਟਲ ਸੀ।

ਇਹ ਵੀ ਪੜ੍ਹੋ : ਇਤਰਾਜ਼ਯੋਗ ਵਾਇਰਲ ਵੀਡੀਓ ਮਾਮਲੇ 'ਚ 'ਯੂਨੀਵਰਸਿਟੀ' ਦਾ ਪਹਿਲਾ ਬਿਆਨ, ਦੱਸੀ ਅਸਲ ਸੱਚਾਈ

ਮੁੰਡਿਆਂ ਲਈ ਬਣੇ ਬਾਥਰੂਮ ਦੇ ਦਰਵਾਜ਼ਿਆਂ ਦੇ ਹੇਠਾਂ ਬਹੁਤ ਖ਼ਾਲੀ ਥਾਂ ਹੁੰਦੀ ਹੈ ਅਤੇ ਉਪਰੋਂ ਕੋਈ ਕਵਰ ਨਹੀਂ ਹੁੰਦਾ, ਜਿਸ ਕਾਰਨ ਨਹਾਉਂਦੇ ਸਮੇਂ ਜਾਂ ਕੱਪੜੇ ਬਦਲਦੇ ਸਮੇਂ ਕਿਸੇ ਦੀ ਵੀ ਵੀਡੀਓ ਬਣਾਈ ਜਾ ਸਕਦੀ ਹੈ। ਵਿਦਿਆਰਥਣਾਂ ਦਾ ਕਹਿਣਾ ਹੈ ਕਿ ਹੋਸਟਲ ਦੇ ਕਮਰੇ ਦੇਣ ਸਮੇਂ ਇੱਥੇ ਆਉਣ ਵਾਲੇ ਵਿਦਿਆਰਥੀ ਦੇ ਪਿਛੋਕੜ ਦੀ ਜਾਂਚ ਨਹੀਂ ਕੀਤੀ ਜਾਂਦੀ, ਜਿਸ ਕਾਰਨ ਅਜਿਹੀਆਂ ਘਟਨਾਵਾਂ ਦਾ ਵਾਪਰਨਾ ਸੁਭਾਵਿਕ ਹੈ। ਵਿਦਿਆਰਥਣਾਂ ਨੇ ਦੱਸਿਆ ਕਿ ਹੋਸਟਲ ਦੀ ਲਾਬੀ 'ਚ ਸੀ. ਸੀ. ਟੀ. ਵੀ. ਕੈਮਰੇ ਵੀ ਨਹੀਂ ਲਾਏ ਗਏ ਸਨ, ਜਿੱਥੇ ਕੋਈ ਵੀ ਦਾਖ਼ਲ ਹੋ ਜਾਵੇ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News