ਸਿੱਖ ਸ਼ਹੀਦਾਂ ਨੂੰ ਅੱਤਵਾਦੀ ਦੱਸਣ ਦੀ ਹਰਸਿਮਰਤ ਨੇ ਭੁੱਲ ਕੀਤੀ : ਜੀ. ਕੇ.(ਵੀਡੀਓ)
Saturday, Jun 08, 2019 - 09:22 AM (IST)
ਜਲੰਧਰ (ਚਾਵਲਾ)—ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਜੂਨ 1984 ਵਿਚ ਸਾਕਾ ਨੀਲਾ ਤਾਰਾ ਦੌਰਾਨ ਸ਼ਹੀਦ ਕੀਤੇ ਗਏ ਸਿੱਖਾਂ ਨੂੰ ਕਥਿਤ ਤੌਰ 'ਤੇ ਅੱਤਵਾਦੀ ਦੱਸਣ 'ਤੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਇਤਰਾਜ਼ ਜਤਾਇਆ ਹੈ। ਦਰਅਸਲ ਹਰਸਿਮਰਤ ਨੇ ਨਿਊਜ਼ ਏਜੰਸੀ ਏ. ਐੱਨ. ਆਈ. ਨੂੰ 6 ਜੂਨ ਨੂੰ ਦਿੱਤੀ ਗਈ ਇੰਟਰਵਿਊ ਵਿਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਲੋਂ ਬਰਤਾਨੀਆ ਦੀ ਸਾਬਕਾ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਕੋਲੋਂ ਸ੍ਰੀ ਦਰਬਾਰ ਸਾਹਿਬ ਉੱਤੇ ਹਮਲੇ ਤੋਂ 1 ਸਾਲ ਪਹਿਲਾਂ ਮੰਗੇ ਗਏ ਜੰਗੀ ਅਤੇ ਰਣਨੀਤਕ ਸਹਿਯੋਗ ਦਾ ਹਵਾਲਾ ਦਿੰਦੇ ਹੋਏ ਕਾਂਗਰਸ ਤੋਂ ਸਵਾਲ ਪੁੱਛਿਆ ਸੀ ਕਿ ਉੱਥੇ ਅੱਤਵਾਦੀ ਜਾਣਗੇ ਜਾਂ ਹੋਣਗੇ, ਇਹ ਇਕ ਸਾਲ ਪਹਿਲਾਂ ਇੰਦਰਾ ਗਾਂਧੀ ਨੂੰ ਕਿਵੇਂ ਪਤਾ ਲੱਗ ਗਿਆ ਸੀ?
ਨਾਲ ਹੀ ਹਰਸਿਮਰਤ ਨੇ ਕਿਹਾ ਸੀ ਕਿ ਉੱਥੋਂ ਅੱਤਵਾਦੀਆਂ ਨੂੰ ਕੱਢਿਆ ਜਾਵੇਗਾ। ਇਸ ਬਿਆਨ ਨੇ ਸਿੱਖ ਕੌਮ ਉੱਤੇ ਅੱਤਵਾਦੀ ਹੋਣ ਦਾ ਧੱਬਾ ਲਾਇਆ ਅਤੇ ਸਿੱਖ ਸ਼ਹੀਦਾਂ ਦਾ ਨਿਰਾਦਰ ਕੀਤਾ। ਜੀ.ਕੇ. ਨੇ ਕਿਹਾ ਕਿ 4 ਜੂਨ ਨੂੰ ਹਰਸਿਮਰਤ ਨੇ ਆਪਣੇ ਫੇਸਬੁੱਕ ਪੇਜ ਉੱਤੇ ਪੋਸਟ ਪਾ ਕੇ ਆਪ੍ਰੇਸ਼ਨ ਬਲਿਊ ਸਟਾਰ ਦੇ ਸ਼ਹੀਦਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਦਬ ਲਈ ਆਪਣੇ-ਆਪ ਨੂੰ ਕੁਰਬਾਨ ਕਰਨ ਵਾਲਾ ਦੱਸ ਕੇ ਘਟਨਾ ਨੂੰ ਤੀਜੇ ਘੱਲੂਘਾਰੇ ਦੇ ਤੌਰ 'ਤੇ ਪਰਿਭਾਸ਼ਿਤ ਕੀਤਾ ਤੇ 6 ਜੂਨ ਨੂੰ ਇਹ ਸ਼ਹੀਦ ਅੱਤਵਾਦੀ ਹੋ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਹਰਸਿਮਰਤ ਨੇ ਜਲਦਬਾਜ਼ੀ ਵਿਚ ਕਾਂਗਰਸ ਸਰਕਾਰ ਦੇ ਹਮਲੇ ਦੀ ਥਿਊਰੀ ਨੂੰ ਪ੍ਰਵਾਨ ਕਰ ਕੇ ਕਾਂਗਰਸ ਸਰਕਾਰ ਨੂੰ ਵੀ ਦੋਸ਼ ਮੁਕਤ ਕਰਨ ਦੇ ਨਾਲ ਹੀ ਸਿੱਖਾਂ ਨੂੰ ਅੱਤਵਾਦੀ ਦੱਸਣ ਦੀ ਭੁੱਲ ਕੀਤੀ ਹੈ ਜਦੋਂਕਿ ਫੌਜੀ ਕਾਰਵਾਈ ਦੇ ਦੌਰਾਨ ਮਾਰੇ ਗਏ ਲੋਕਾਂ ਵਿਚ ਵੱਡੀ ਗਿਣਤੀ ਨਿਰਦੋਸ਼ ਬੱਚਿਆਂ ਅਤੇ ਔਰਤਾਂ ਦੀ ਸੀ, ਜਿਨ੍ਹਾਂ ਨੂੰ ਬਿਨਾਂ ਸੋਚੇ ਹਰਸਿਮਰਤ ਨੇ ਅੱਤਵਾਦੀ ਦੱਸ ਦਿੱਤਾ। ਇਸ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਖੁਦ ਕਾਰਵਾਈ ਕਰਦੇ ਹੋਏ ਹਰਸਿਮਰਤ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ, ਕਿਉਂਕਿ ਕੇਂਦਰੀ ਮੰਤਰੀ ਨੇ ਇਹ ਮੰਨ ਲਿਆ ਹੈ ਕਿ ਸ੍ਰੀ ਦਰਬਾਰ ਸਾਹਿਬ ਵਿਚ ਅੱਤਵਾਦੀ ਸਨ, ਮਤਲਬ ਇੰਦਰਾ ਗਾਂਧੀ ਦੇ ਦਾਅਵੇ 'ਤੇ ਉਸ ਨੇ ਮੋਹਰ ਲਾ ਦਿੱਤੀ ਹੈ।
ਜੀ. ਕੇ. ਨੇ ਕਿਹਾ ਕਿ ਹਰਸਿਮਰਤ ਨੂੰ ਸੰਗਤ ਦੇ ਸਾਹਮਣੇ ਇਹ ਕਹਿਣਾ ਚਾਹੀਦਾ ਹੈ ਕਿ ਕੌਮ ਦੇ ਸ਼ਹੀਦਾਂ ਨੂੰ ਉਨ੍ਹਾਂ ਨੇ ਅੱਤਵਾਦੀ ਕਿਵੇਂ ਦੱਸਿਆ, ਉਹ ਵੀ ਉਦੋਂ, ਜਦੋਂ ਤੁਸੀ ਪੰਥਕ ਪਾਰਟੀ ਦੇ ਸੰਸਦ ਮੈਂਬਰ ਹੋਵੋ। ਜੀ. ਕੇ. ਨੇ ਇਕ ਅਕਾਲੀ ਨੇਤਾ ਵਲੋਂ 4 ਜੂਨ ਨੂੰ ਪਹਿਲਾਂ ਇਸ ਘਟਨਾ ਲਈ ਮੌਜੂਦਾ ਕੇਂਦਰ ਸਰਕਾਰ ਨੂੰ ਸਿੱਖਾਂ ਵਲੋਂ ਮੁਆਫੀ ਮੰਗਣ ਅਤੇ ਘਟਨਾ ਦੀ ਜਾਂਚ ਲਈ ਐੱਸ.ਆਈ.ਟੀ. ਬਣਾਉਣ ਦੀ ਵਕਾਲਤ ਕਰਨ ਵਾਲੇ ਦਿੱਤੇ ਗਏ ਬਿਆਨ ਤੋਂ 6 ਜੂਨ ਨੂੰ ਪੈਰ ਪਿੱਛੇ ਖਿੱਚਣ ਦਾ ਵੀ ਦੋਸ਼ ਲਾਇਆ।
ਉਨ੍ਹਾਂ ਦਾਅਵਾ ਕੀਤਾ ਕਿ ਕੱਲ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਕੇਂਦਰੀ ਮੰਤਰੀ ਅਮਿਤ ਸ਼ਾਹ ਨਾਲ ਮਿਲਣ ਗਏ ਵਫਦ ਨੇ ਇਸ ਮਾਮਲੇ ਉੱਤੇ ਕੋਈ ਗੱਲ ਨਹੀਂ ਕੀਤੀ। ਕਿਉਂਕਿ ਮੰਤਰੀ ਨੂੰ ਦਿੱਤੇ ਗਏ ਮੰਗ ਪੱਤਰ ਅਤੇ ਮੀਡੀਆ ਨੂੰ ਜਾਰੀ ਬਿਆਨ ਵਿਚ ਇਸ ਦਾ ਜ਼ਿਕਰ ਨਹੀਂ ਹੈ। ਉਨ੍ਹਾਂ ਪੁੱਛਿਆ ਕਿ ਕੀ ਅਕਾਲੀ ਆਗੂਆਂ ਦੀ ਆਪ੍ਰੇਸ਼ਨ ਬਲਿਊ ਸਟਾਰ ਵਿਚ ਸ਼ੱਕੀ ਰਹੀ ਭੂਮਿਕਾ ਇਸ ਯੂ-ਟਰਨ ਦਾ ਕਾਰਨ ਹੈ? ਜਾਂ ਉਕਤ ਆਗੂ ਪਾਰਟੀ ਲਾਈਨ ਤੋਂ ਬਾਹਰ ਕੁੱਝ ਵੀ ਬੋਲਣ ਲਈ ਆਜ਼ਾਦ ਹਨ? ਉਨ੍ਹਾਂ ਹਰਸਿਮਰਤ ਦੇ ਬਿਆਨ ਨੂੰ ਪੰਜਾਬ ਵਿਚ ਪਾਰਟੀ ਦੇ ਖਿਸਕਦੇ ਪੰਥਕ ਆਧਾਰ ਅਤੇ ਵਧਦੇ ਰਾਸ਼ਟਰਵਾਦੀ ਆਧਾਰ ਦੇ ਵਿਚ ਤਾਲਮੇਲ ਬਿਠਾਉਣ ਦੀ ਨਾਕਾਮ ਕੋਸ਼ਿਸ਼ ਵੀ ਦੱਸਿਆ।