ਕੇਂਦਰ ਸਰਕਾਰ ਦੇ ਇਤਿਹਾਸਕ ਫੈਸਲੇ ਅੰਤਰਰਾਸ਼ਟਰੀ ਪੱਧਰ ''ਤੇ ਕੀਤੇ ਗਏ ਸਵੀਕਾਰ : ਸ਼ਵੇਤ ਮਲਿਕ

Monday, Sep 09, 2019 - 09:46 AM (IST)

ਕੇਂਦਰ ਸਰਕਾਰ ਦੇ ਇਤਿਹਾਸਕ ਫੈਸਲੇ ਅੰਤਰਰਾਸ਼ਟਰੀ ਪੱਧਰ ''ਤੇ ਕੀਤੇ ਗਏ ਸਵੀਕਾਰ : ਸ਼ਵੇਤ ਮਲਿਕ

ਪਟਿਆਲਾ (ਜੋਸਨ)—ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਇਥੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਕੋਨੇ-ਕੋਨੇ ਤੱਕ ਭਾਜਪਾ ਦਾ 'ਕਮਲ' ਖਿੜ ਕੇ ਰਹੇਗਾ। ਅਕਾਲੀ-ਭਾਜਪਾ ਗਠਜੋੜ ਲੰਮੇ ਸਮੇਂ ਤੋਂ ਚੱਲ ਰਿਹਾ ਹੈ। ਦੋਵੇਂ ਪਾਰਟੀਆਂ ਆਪੋ-ਆਪਣੇ ਪੱਧਰ 'ਤੇ ਸ਼ਕਤੀ ਵਧਾ ਰਹੀਆਂ ਹਨ। ਉਨ੍ਹਾਂ ਕਿਹਾ ਕਿ 2022 'ਚ ਸੀਟਾਂ 'ਤੇ ਫੈਸਲਾ ਪਾਰਲੀਮਾਨੀ ਬੋਰਡ ਹੀ ਕਰੇਗਾ। ਸ਼ਵੇਤ ਮਲਿਕ ਅੱਜ ਪਟਿਆਲਾ 'ਚ ਭਾਰਤੀ ਜਨਤਾ ਪਾਰਟੀ ਪਟਿਆਲਾ ਸ਼ਹਿਰੀ ਪ੍ਰਧਾਨ ਹਰਿੰਦਰ ਕੋਹਲੀ ਦੀ ਅਗਵਾਈ 'ਚ 'ਪੰਜਾਬ ਮਿਸ਼ਨ-2002' ਤਹਿਤ ਆਯੋਜਿਤ ਇਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਸੂਬੇ ਭਰ 'ਚੋਂ 7 ਲੱਖ ਦੀ ਮੈਂਬਰਸ਼ਿਪ ਇਕੱਠੀ ਕਰ ਕੇ ਸਾਰੇ ਰਿਕਾਰਡ ਤੋੜਦਿਆਂ ਸ਼ਵੇਤ ਮਲਿਕ ਨੇ ਕਿਹਾ ਕਿ ਭਾਰਤ ਦੀ ਵਾਗਡੋਰ ਇਕ ਸੂਝਵਾਨ, ਦੂਰਦਰਸ਼ੀ ਅਤੇ ਨਿੱਡਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥਾਂ 'ਚ ਆਈ ਹੈ, ਜਿਨ੍ਹਾਂ ਦੀ ਅਗਵਾਈ 'ਚ ਦੇਸ਼ ਦੇ ਵਿਕਾਸ ਨੂੰ ਗਤੀ ਮਿਲ ਸਕੀ ਹੈ। ਪ੍ਰਧਾਨ ਮੰਤਰੀ ਮੋਦੀ ਵੱਲੋਂ ਕੀਤੇ ਗਏ ਇਤਿਹਾਸਕ ਫੈਸਲਿਆਂ ਨੂੰ ਕੇਵਲ ਦੇਸ਼ ਦੀ ਜਨਤਾ ਨੇ ਹੀ ਨਹੀਂ ਬਲਕਿ ਅੰਤਰਰਾਸ਼ਟਰੀ ਪੱਧਰ 'ਤੇ ਵੀ ਸਵੀਕਾਰਿਆ ਗਿਆ ਹੈ। ਅੱਜ ਦੇਸ਼ 'ਚ ਭਾਜਪਾ ਦਾ ਹਰ ਪਾਸੇ ਬੋਲਬਾਲਾ ਹੈ, ਜਿਸ ਕਾਰਣ ਅੱਜ 18 ਹਜ਼ਾਰ ਕਰੋੜ ਲੋਕ ਭਾਜਪਾ ਦੀ ਮੈਂਬਰਸ਼ਿਪ ਹਾਸਲ ਕਰ ਚੁੱਕੇ ਹਨ। ਭਾਜਪਾ ਦੀ ਭਰਤੀ ਮੁਹਿੰਮ ਦੌਰਾਨ ਪਿਛਲੇ ਸਾਰੇ ਰਿਕਾਰਡ ਟੁੱਟ ਗਏ ਹਨ। ਪੰਜਾਬ ਭਰ 'ਚੋਂ 7 ਲੱਖ ਦੀ ਮੈਂਬਰਸ਼ਿਪ ਇਕੱਠੀ ਕਰ ਕੇ ਸਾਰੇ ਰਿਕਾਰਡ ਤੋੜ ਦਿੱਤੇ ਹਨ।

ਜੰਮੂ-ਕਸ਼ਮੀਰ 'ਚ ਧਾਰਾ 370 ਹਟਾਉਣ ਦਾ ਫ਼ੈਸਲਾ ਇਤਿਹਾਸਕ
ਸ਼ਵੇਤ ਮਲਿਕ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ-ਕਸ਼ਮੀਰ 'ਚ ਧਾਰਾ 370 ਹਟਾਉਣ ਦਾ ਇਤਿਹਾਸਕ ਫੈਸਲਾ ਕਰਨ ਦੇ ਨਾਲ-ਨਾਲ ਤਿੰਨ ਤਲਾਕ ਸਮੇਤ ਕਈ ਅਹਿਮ ਫੈਸਲੇ ਕੀਤੇ, ਜਿਨ੍ਹਾਂ ਨੂੰ ਜਨਤਾ ਨੇ ਸਵੀਕਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਨੂੰ ਅਸਲ 'ਚ ਹੁਣ ਅਜ਼ਾਦੀ ਮਿਲੀ ਹੈ। ਤਿੰਨ ਤਲਾਕ ਬਿੱਲ ਪਾਸ ਕਰ ਕੇ ਔਰਤਾਂ ਦਾ ਸਨਮਾਨ ਅਤੇ ਸਤਿਕਾਰ ਵੀ ਬਹਾਲ ਕੀਤਾ ਹੈ।

ਕੈਪਟਨ ਜਨਤਾ ਦਾ ਕਦੇ ਵੀ ਭਲਾ ਨਹੀਂ ਕਰ ਸਕਦਾ
ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਸੂਬੇ ਦੇ ਲੋਕਾਂ ਨੇ ਆਪਣੀ ਕੀਮਤੀ ਵੋਟ ਉਸ ਵਿਅਕਤੀ ਨੂੰ ਪਾ ਕੇ ਮੁੱਖ ਮੰਤਰੀ ਬਣਾਇਆ, ਜੋ ਜਨਤਾ ਦਾ ਕਦੇ ਭਲਾ ਨਹੀਂ ਕਰ ਸਕਦਾ। ਅੱਜ ਸੂਬੇ 'ਚ ਅਸਥਿਰਤਾ ਪੈਦਾ ਹੋ ਗਈ ਹੈ। ਕੇਵਲ ਅਮਨ-ਕਾਨੂੰਨੀ ਦੀ ਸਥਿਤੀ ਹੀ ਖਰਾਬ ਨਹੀਂ ਹੋਈ ਬਲਕਿ ਮੁਲਾਜ਼ਮ, ਕਿਸਾਨ ਅਤੇ ਵਪਾਰੀ ਵਰਗ ਤੋਂ ਇਲਾਵਾ ਹਰ ਵਿਅਕਤੀ ਕੈਪਟਨ ਦੀ ਅਗਵਾਈ ਵਾਲੀ ਸਰਕਾਰ ਤੋਂ ਪ੍ਰੇਸ਼ਾਨ ਹੈ। ਇਸ ਮੌਕੇ ਮੇਜਰ ਗਿੱਲ ਮੀਡੀਆ ਐਡਵਾਈਜ਼ਰ ਸ਼ਵੇਤ ਮਲਿਕ, ਗੁਰਤੇਜ ਢਿੱਲੋਂ ਸਕੱਤਰ ਭਾਜਪਾ, ਅਨਿਲ ਬਜਾਜ ਸਾਬਕਾ ਸੀਨੀਅਰ ਡਿਪਟੀ ਮੇਅਰ, ਭੁਪੇਸ਼ ਗੋਇਲ ਚੇਅਰਮੈਨ, ਹਰੀਸ਼ ਕੇਹਰ, ਵਰਿੰਦਰ ਖੰਨਾ, ਤ੍ਰਿਭਵਨ ਗੁਪਤਾ, ਵਿਕਾਸ ਸਿੰਗਲਾ, ਮੋਹਨ ਲਾਲ ਅਤੇ ਪ੍ਰਵੀਨ ਬਾਂਸਲ ਸਮੇਤ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਹਾਜ਼ਰ ਸੀ ।


author

Shyna

Content Editor

Related News