ਧਾਰਮਿਕ ਅਸਥਾਨ ’ਚ ਦੰਗਲ ਪ੍ਰਬੰਧਕ ਕਮੇਟੀ ਦੀ ਚੋਣ ਨੂੰ ਲੈ ਕੇ ਭਿੜੀਆਂ ਦੋ ਧਿਰਾਂ, ਚੱਲੀਆਂ ਡਾਂਗਾਂ

Sunday, Aug 11, 2024 - 07:27 PM (IST)

ਮਾਛੀਵਾੜਾ ਸਾਹਿਬ (ਟੱਕਰ) - ਮਾਛੀਵਾੜਾ ਦੇ ਨੇੜਲੇ ਪਿੰਡ ਤੱਖਰਾਂ ਵਿਖੇ ਗੁਰਦੁਆਰਾ ਸਾਹਿਬ ਅੰਦਰ ਦੰਗਲ ਪ੍ਰਬੰਧਕ ਕਮੇਟੀ ਦੀ ਚੋਣ ਦੌਰਾਨ ਦੋ ਧਿਰਾਂ ਵਿਚ ਹੱਥੋਪਾਈ ਅਤੇ ਗਾਲੀ-ਗਲੋਚ ਹੋਈ ਅਤੇ ਹੁਣ ਇਹ ਮਾਮਲਾ ਮਾਛੀਵਾੜਾ ਪੁਲਸ ਕੋਲ ਪੁੱਜ ਚੁੱਕਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਤੱਖਰਾਂ-ਖੋਖਰਾਂ ਵਿਖੇ ਦੰਗਲ ਮੇਲਾ ਕਰਵਾਇਆ ਜਾਂਦਾ ਹੈ, ਜਿਸ ਦੀ ਚੋਣ ਨੂੰ ਲੈ ਕੇ ਦੰਗਲ ਪ੍ਰਬੰਧਕ ਕਮੇਟੀ ਦੀ ਇਕ ਮੀਟਿੰਗ ਗੁਰਦੁਆਰਾ ਸਾਹਿਬ ਵਿਖੇ ਬੁਲਾਈ ਗਈ ਸੀ। ਚੋਣ ਦੌਰਾਨ ਉੱਥੇ ਮੌਜੂਦ ਪਿੰਡ ਦੇ ਵਿਅਕਤੀ ਮੇਜਰ ਸਿੰਘ ਨੇ ਕਿਹਾ ਕਿ ਪ੍ਰਬੰਧਕ ਕਮੇਟੀ ਵਿਚ ਰੱਦੋ-ਬਦਲ ਕੀਤੀ ਜਾਵੇ, ਜਿਸ ’ਤੇ ਗੁਰੂ ਘਰ ਦੀ ਇਮਾਰਤ ਅੰਦਰ ਹੀ ਹੰਗਾਮਾ ਹੋ ਗਿਆ ਅਤੇ ਦੋਵਾਂ ਧਿਰਾਂ ਨੇ ਇਕ ਦੂਜੇ ’ਤੇ ਹਮਲਾ ਕਰਨ ਦੇ ਦੋਸ਼ ਲਗਾ ਦਿੱਤੇ। 

ਮੇਜਰ ਸਿੰਘ ਨੇ ਮਾਛੀਵਾੜਾ ਪੁਲਸ ਥਾਣਾ ਵਿਚ ਸ਼ਿਕਾਇਤ ਦਰਜ ਕਰਵਾਈ ਕਿ ਗੁਰਦੁਆਰਾ ਸਾਹਿਬ ਦੀ ਇਮਾਰਤ ਅੰਦਰ ਦੰਗਲ ਪ੍ਰਬੰਧਕ ਕਮੇਟੀ ਦੀ ਚੋਣ ਮੀਟਿੰਗ ਚੱਲ ਰਹੀ ਸੀ, ਜਿਸ ਵਿਚ ਉਸ ਨੇ ਮੰਗ ਕੀਤੀ ਕਿ ਕਮੇਟੀ ਦਾ ਮੁਖੀ ਬਦਲਿਆ ਜਾਵੇ। ਜਿਸ ’ਤੇ ਦੂਜੀ ਧਿਰ ਨੇ ਉਸ ’ਤੇ ਹਮਲਾ ਕਰ ਦਿੱਤਾ ਅਤੇ ਗੁਰਦੁਆਰਾ ਸਾਹਿਬ ਅੰਦਰ ਕੁੱਟਮਾਰ ਕਰਦਿਆਂ ਗਾਲੀ-ਗਲੋਚ ਕੀਤਾ। ਸ਼ਿਕਾਇਤਕਰਤਾ ਮੇਜਰ ਸਿੰਘ ਨੇ 5 ਵਿਅਕਤੀਆਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਕਿ ਇਨ੍ਹਾਂ ਨੇ ਗੁਰੂ ਘਰ ਅੰਦਰ ਮੇਰੀ ਕੁੱਟਮਾਰ ਕੀਤੀ ਅਤੇ ਗੁਰਮਰਿਆਦਾ ਭੰਗ ਕੀਤੀ। ਦੂਜੇ ਪਾਸੇ ਦੰਗਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਲੜਕੇ ਗੁਰਤੇਜ ਸਿੰਘ ਨੇ ਦੱਸਿਆ ਕਿ ਇਥੇ ਚੋਣ ਚੱਲ ਰਹੀ ਸੀ ਅਤੇ ਮੇਜਰ ਸਿੰਘ ਨੇ ਉੱਥੇ ਮੇਰੇ ਪਿਤਾ ਦੀ ਸ਼ਾਨ ਖ਼ਿਲਾਫ਼ ਅਪਸ਼ਬਦ ਬੋਲੇ ਅਤੇ ਜਦੋਂ ਉਸ ਨੂੰ ਰੋਕਿਆ ਗਿਆ ਤਾਂ ਉਸ ਨੇ ਨੇੜੇ ਹੀ ਪਏ ਸਫ਼ਾਈ ਵਾਲੇ ਡੰਡੇ ਨਾਲ ਉਸ ’ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਬਾਂਹ ’ਤੇ ਸੱਟ ਲੱਗੀ। ਉਨ੍ਹਾਂ ਕਿਹਾ ਕਿ ਚੋਣ ਬੜੇ ਸ਼ਾਂਤਮਈ ਢੰਗ ਨਾਲ ਚੱਲ ਰਹੀ ਸੀ ਪਰ ਇਸ ਵਿਅਕਤੀ ਨੇ ਆ ਕੇ ਉੱਥੇ ਮਾਹੌਲ ਖ਼ਰਾਬ ਕੀਤਾ।

ਇਹ ਵੀ ਪੜ੍ਹੋ-ਪੰਜਾਬ ਦੀ ਸਿਆਸਤ 'ਚ ਮੁੜ ਸਰਗਰਮ ਹੋਣ ਦੇ ਨਵਜੋਤ ਸਿੰਘ ਸਿੱਧੂ ਨੇ ਦਿੱਤੇ ਸੰਕੇਤ, ਵੀਡੀਓ ਸਾਂਝੀ ਕਰਕੇ ਆਖੀ ਵੱਡੀ ਗੱਲ

ਮਾਮਲੇ ਦੀ ਜਾਂਚ ਤੋਂ ਬਾਅਦ ਹੋਵੇਗੀ ਕਾਰਵਾਈ: ਪਵਨਜੀਤ
ਧਾਰਮਿਕ ਅਸਥਾਨ ਅੰਦਰ ਹੋਈ ਲੜਾਈ ਸਬੰਧੀ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਪਵਨਜੀਤ ਮੌਕੇ ’ਤੇ ਪੁੱਜੇ, ਜਿਨ੍ਹਾਂ ਨੇ ਉੱਥੇ ਮੌਕੇ ’ਤੇ ਮੌਜੂਦ ਵਿਅਕਤੀਆਂ ਦੇ ਬਿਆਨ ਦਰਜ ਕੀਤੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਹਾਇਕ ਥਾਣੇਦਾਰ ਪਵਨਜੀਤ ਨੇ ਦੱਸਿਆ ਕਿ ਮੇਜਰ ਸਿੰਘ ਨੇ 5 ਵਿਅਕਤੀਆਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਨਾਲ ਗੁਰੂ ਘਰ ਅੰਦਰ ਕੁੱਟਮਾਰ ਕੀਤੀ ਗਈ ਜਦਕਿ ਦੂਜੀ ਧਿਰ ਦੇ ਵੀ ਬਿਆਨ ਦਰਜ ਕੀਤੇ ਗਏ ਹਨ ਕਿ ਪਹਿਲਾਂ ਸ਼ੁਰੂਆਤ ਕਿਸ ਨੇ ਕੀਤੀ। ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਇਸ ਮਾਮਲੇ ਵਿਚ ਜੋ ਵੀ ਦੋਸ਼ੀ ਹੋਣਗੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਧਾਰਮਿਕ ਅਸਥਾਨ ਅੰਦਰ ਝਗੜਾ ਹੋਣਾ ਮੰਦਭਾਗਾ: ਪ੍ਰਧਾਨ
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅੱਜ ਇਥੇ ਦੰਗਲ ਪ੍ਰਬੰਧਕ ਕਮੇਟੀ ਦੀ ਮੀਟਿੰਗ ਹੋ ਰਹੀ ਸੀ ਅਤੇ ਚੋਣ ਦੌਰਾਨ ਇਥੇ ਝਗੜਾ ਹੋਇਆ ਜੋਕਿ ਬਹੁਤ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਜਲਦ ਮੀਟਿੰਗ ਕਰ ਮਤਾ ਪਾਸ ਕਰੇਗੀ ਕਿ ਗੁਰੂ ਘਰ ਵਿਚ ਸਿਰਫ਼ ਧਾਰਮਿਕ ਸਮਾਗਮ ਕਰਵਾਏ ਜਾਣਗੇ, ਇਸ ਤੋਂ ਇਲਾਵਾ ਇਥੇ ਕੋਈ ਵੀ ਮੀਟਿੰਗ ਨਹੀਂ ਹੋਵੇਗੀ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਬਰਾਤੀਆਂ ਨਾਲ ਭਰੀ ਇਨੋਵਾ ਗੱਡੀ ਖੱਡ 'ਚ ਡਿੱਗਣ ਕਾਰਨ ਪਾਣੀ 'ਚ ਰੁੜੀ, 10 ਲੋਕਾਂ ਦੀ ਮੌਤ

ਸ਼ਿਕਾਇਤਕਰਤਾ ਲੋੜੀਂਦੇ ਨਾਜਾਇਜ਼ ਮਾਈਨਿੰਗ ਮਾਮਲੇ ’ਚ ਕੀਤਾ ਗ੍ਰਿਫ਼ਤਾਰ
ਧਾਰਮਿਕ ਅਸਥਾਨ ਅੰਦਰ ਕੁੱਟਮਾਰ ਦੀ ਸ਼ਿਕਾਇਤ ਕਰਨ ਵਾਲੇ ਮੇਜਰ ਸਿੰਘ ’ਤੇ ਕਰੀਬ 2 ਸਾਲ ਪਹਿਲਾਂ ਇਕ ਨਾਜਾਇਜ਼ ਮਾਈਨਿੰਗ ਦਾ ਮਾਮਲਾ ਦਰਜ ਹੋਇਆ ਸੀ, ਜਿਸ ਸਬੰਧੀ ਉਹ ਪੁਲਸ ਨੂੰ ਲੋੜੀਂਦਾ ਸੀ। ਪੁਲਸ ਵੱਲੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਦੀ ਧਾਰਮਿਕ ਅਸਥਾਨ 'ਤੇ ਜੋ ਕੁੱਟਮਾਰ ਹੋਈ ਹੈ ਉਸ ਦੀ ਸ਼ਿਕਾਇਤ ਦਰਜ ਕਰ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਹੈ। ਸ਼ਿਕਾਇਤਕਰਤਾ ਮੇਜਰ ਸਿੰਘ ਨੇ ਦੱਸਿਆ ਕਿ ਉਸ ’ਤੇ ਨਾਜਾਇਜ਼ ਮਾਈਨਿੰਗ ਦਾ ਮਾਮਲਾ ਵੀ ਪਿੰਡ ਵਿਚ ਗੁੱਟਬਾਜ਼ੀ ਕਾਰਨ ਝੂਠਾ ਦਰਜ ਹੋਇਆ ਸੀ। ਉਸ ਨੇ ਦੱਸਿਆ ਕਿ ਚੋਣ ਮੀਟਿੰਗ ਦੌਰਾਨ ਉਸ ਨੇ ਸਿਰਫ਼ ਇਹੀ ਮੁੱਦਾ ਉਠਾਇਆ ਸੀ, ਇਸ ਵਾਰ ਪਿੰਡ ਦੇ ਨਵੇਂ ਵਿਅਕਤੀਆਂ ਨੂੰ ਦੰਗਲ ਕਰਵਾਉਣ ਦਾ ਮੌਕਾ ਦਿੱਤਾ ਜਾਵੇ, ਜਿਸ 'ਤੇ ਦੂਜੀ ਧਿਰ ਭੜਕ ਪਈ ਅਤੇ ਉਸ ਦੀ ਕੁੱਟਮਾਰ ਕੀਤੀ।

ਇਹ ਵੀ ਪੜ੍ਹੋ- ਪੰਜਾਬ 'ਚ ਦਿਲ-ਦਹਿਲਾਉਣ ਵਾਲੀ ਵਾਰਦਾਤ, ਬਜ਼ੁਰਗ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


shivani attri

Content Editor

Related News