ਪੰਜਾਬ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ : ਹਥਿਆਰ ਚੋਰੀ ਕਰਨ ਦੇ ਮਾਮਲੇ ’ਚ ਦੋ ਮੁਲਜ਼ਮ ਗ੍ਰਿਫ਼ਤਾਰ

03/06/2024 6:45:06 PM

ਚੰਡੀਗੜ੍ਹ/ਅੰਮ੍ਰਿਤਸਰ (ਬਿਊਰੋ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਅਧੀਨ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਵੱਡੀ ਸਫ਼ਲਤਾ ਹਾਸਲ ਕਰਦਿਆਂ ਗੰਨ ਹਾਊਸ ਚੋਰੀ ਮਾਮਲੇ ਦੇ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਇਸ ਮਾਮਲੇ ਦੀ ਗੁੱਥੀ ਨੂੰ ਸੁਲਝਾ ਦਿੱਤਾ ਹੈ। ਪੁਲਸ ਵੱਲੋਂ ਉਨ੍ਹਾਂ ਦੇ ਕਬਜ਼ੇ ’ਚੋਂ 12 ਹਥਿਆਰਾਂ ਸਮੇਤ 21 ਕਾਰਤੂਸ ਬਰਾਮਦ ਕੀਤੇ ਗਏ ਹਨ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਨੇ ਦਿੱਤੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅਜੀਤ ਸਿੰਘ ਉਰਫ਼ ਗੋਲੂ (19) ਵਾਸੀ ਉੱਤਰ ਪ੍ਰਦੇਸ਼ ਜ਼ਿਲ੍ਹਾ ਉਨਾਓ, ਜੋ ਇਸ ਵੇਲੇ ਅੰਮ੍ਰਿਤਸਰ ਦੇ ਕੋਟ ਹਰਨਾਮ ਦਾਸ ਵਿਖੇ ਰਹਿ ਰਿਹਾ ਸੀ ਅਤੇ ਮਨਦੀਪ ਕੁਮਾਰ ਉਰਫ਼ ਵਾੜਾ (20) ਵਾਸੀ ਪਿੰਡ ਖਾਪਰਖੇੜੀ, ਅੰਮ੍ਰਿਤਸਰ ਦਿਹਾਤੀ ਵਜੋਂ ਹੋਈ ਹੈ। ਬਰਾਮਦ ਕੀਤੇ ਗਏ ਹਥਿਆਰਾਂ ’ਚ 9 ਡਬਲ ਬੈਰਲ ਗੰਨਸ, ਤਿੰਨ ਪੰਪ ਐਕਸ਼ਨ (ਐੱਸ.ਬੀ.ਬੀ.ਐੱਲ.) ਗੰਨਸ ਅਤੇ ਇਕ ਕਿਰਚ (ਤੇਜ ਹਥਿਆਰ) ਸ਼ਾਮਲ ਹੈ। ਜਾਣਕਾਰੀ ਅਨੁਸਾਰ 21 ਅਤੇ 22 ਫਰਵਰੀ ਦੀ ਦਰਮਿਆਨੀ ਰਾਤ ਨੂੰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਅੰਮ੍ਰਿਤਸਰ ਸਥਿਤ ਰਾਇਲ ਗੰਨ ਹਾਊਸ ਤੋਂ ਹਥਿਆਰਾਂ ਸਮੇਤ ਗੋਲਾ-ਸਿੱਕਾ ਅਤੇ ਕੁਝ ਨਕਦੀ ਚੋਰੀ ਕੀਤੀ ਗਈ ਸੀ। ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਅੰਮ੍ਰਿਤਸਰ ਕਮਿਸ਼ਨਰੇਟ ਦੇ ਸੀ.ਆਈ.ਏ. ਸਟਾਫ਼ -1 ਅਤੇ 2 ਦੀਆਂ ਘੱਟੋ-ਘੱਟ 10 ਟੀਮਾਂ ਬਣਾਈਆਂ ਗਈਆਂ ਸਨ, ਜਿਨ੍ਹਾਂ ਨੇ ਤਕਨੀਕੀ ਅਤੇ ਵਿਗਿਆਨਕ ਢੰਗ ਨਾਲ ਜਾਂਚ ਕੀਤੀ ਅਤੇ ਪੰਜ ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ 1000 ਤੋਂ ਕਿਲੋਮੀਟਰ ਵੱਧ ਪਿੱਛਾ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ।

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ : ਹਲਕਾ ਸੰਗਰੂਰ  ’ਚ ਸਾਢੂ-ਸਾਢੂ ਵਿਚਾਲੇ ਹੋ ਸਕਦਾ ਹੈ ਦਿਲਚਸਪ ਮੁਕਾਬਲਾ

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸੀ.ਪੀ. ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਡੀ.ਸੀ.ਪੀ. ਸਿਟੀ ਡਾ. ਪ੍ਰਗਿਆ ਜੈਨ ਅਤੇ ਡੀ.ਸੀ.ਪੀ. ਡਿਟੈਕਟਿਵ ਹਰਪ੍ਰੀਤ ਸਿੰਘ ਮੰਡੇਰ ਦੀ ਅਗਵਾਈ ’ਚ ਏ.ਡੀ.ਸੀ.ਪੀ. ਸਿਟੀ-2 ਪ੍ਰਭਜੋਤ ਸਿੰਘ ਵਿਰਕ ਅਤੇ ਏ.ਡੀ.ਸੀ.ਪੀ. ਡਿਟੈਕਟਿਵ ਨਵਜੋਤ ਸਿੰਘ ਅਧੀਨ ਪੁਲਸ ਟੀਮਾਂ ਨੇ ਇਸ ਗੁੰਝਲਦਾਰ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਅਤੇ ਦੋਸ਼ੀ ਵਿਅਕਤੀਆਂ ਦਾ ਪਿੱਛਾ ਕੀਤਾ, ਜੋ ਗ੍ਰਿਫ਼ਤਾਰੀ ਦੇ ਡਰ ਤੋਂ ਵਾਰਦਾਤ ਵਾਲੇ ਦਿਨ ਪੰਜਾਬ ਤੋਂ ਭੱਜ ਗਏ ਅਤੇ ਅੰਮ੍ਰਿਤਸਰ ਵਾਪਸ ਜਾਣ ਤੋਂ ਪਹਿਲਾਂ ਚੰਡੀਗੜ੍ਹ, ਪਾਣੀਪਤ, ਦਿੱਲੀ, ਆਗਰਾ, ਅਯੁੱਧਿਆ ਅਤੇ ਹਰਿਆਣਾ/ਯੂ.ਪੀ. ਗਏ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮਾਂ ਨੇ ਸਬਜੀ ਮੰਡੀ ਵੱਲਾ, ਰੇਲਵੇ ਟਰੈਕ ਨੇੜੇ ਟੋਆ ਪੁੱਟ ਕੇ ਹਥਿਆਰ ਅਤੇ ਗੋਲਾ ਸਿੱਕਾ ਸੁਰੱਖਿਅਤ ਢੰਗ ਨਾਲ ਛੁਪਾ ਦਿੱਤਾ ਸੀ। ਸੀ.ਪੀ. ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮ ਅਜੀਤ ਕੁਮਾਰ ਉਰਫ਼ ਗੋਲੂ ਨੇ ਅਕਤੂਬਰ 2023 ’ਚ ਆਪਣੇ ਸਾਥੀਆਂ ਨਾਲ ਮਿਲ ਕੇ ਥਾਣਾ ਬੀ ਡਵੀਜ਼ਨ ਅੰਮ੍ਰਿਤਸਰ ਦੇ ਖੇਤਰ ’ਚੋਂ 4.2 ਕਿਲੋ ਸੋਨਾ ਚੋਰੀ ਕੀਤਾ ਸੀ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਇਸ ਸਬੰਧੀ ਐੱਫ.ਆਈ.ਆਰ. ਨੰਬਰ 25 ਮਿਤੀ 22-2-2024 ਨੂੰ ਥਾਣਾ ਸਿਵਲ ਲਾਈਨ, ਅੰਮ੍ਰਿਤਸਰ ਵਿਖੇ ਭਾਰਤੀ ਦੰਡਾਵਲੀ ਦੀ ਧਾਰਾ 457 ਅਤੇ 380 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਕਿਸਾਨਾਂ ਦਾ ਦਿੱਲੀ ਕੂਚ ਅੱਜ, ਕੇਂਦਰ ਸਰਕਾਰ ਨੇ 500 ਤੋਂ ਵੱਧ ਕਿਸਾਨ ਨੇਤਾਵਾਂ ਦੇ ਸ਼ੋਸ਼ਲ ਮੀਡੀਆ ਅਕਾਊਂਟ ਕੀਤੇ ਬੰਦ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇*Join us on Whatsapp channel*👇

https://whatsapp.com/channel/0029Va94hsaHAdNVur4L170e
 


Anuradha

Content Editor

Related News