ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਦੇਸੀ ਪਿਸਤੌਲਾਂ ਤੇ ਕਾਰਤੂਸ ਸਣੇ 2 ਮੁਲਜ਼ਮ ਕਾਬੂ

02/20/2023 11:37:48 AM

ਕਪੂਰਥਲਾ (ਭੂਸ਼ਣ/ਮਹਾਜਨ)-ਬੀਤੇ ਦਿਨੀਂ ਢਿੱਲਵਾਂ ਦੇ ਨਜ਼ਦੀਕ ਇਕ ਐੱਨ. ਆਰ. ਆਈ. ਪਰਿਵਾਰ ਨਾਲ ਸਬੰਧਤ ਬਜ਼ੁਰਗ ਨੂੰ ਫਿਰੌਤੀ ਲਈ ਅਗਵਾ ਕਰਨ ਦੇ ਮਾਮਲੇ ’ਚ ਗ੍ਰਿਫ਼ਤਾਰ ਮੁਲਜ਼ਮ ਵਿਜੈ ਕੁਮਾਰ ਦੇ ਖ਼ੁਲਾਸੇ ’ਤੇ ਸੀ. ਆਈ. ਏ. ਸਟਾਫ਼ ਕਪੂਰਥਲਾ ਦੀ ਪੁਲਸ ਨੇ ਕਾਰਵਾਈ ਕਰਦੇ ਹੋਏ ਮੁਲਜ਼ਮ ਵਿਜੈ ਕੁਮਾਰ ਵੱਲੋਂ ਦਿੱਤੇ ਗਏ 2 ਨਾਜਾਇਜ਼ ਪਿਸਤੌਲ ਰੱਖਣ ਦੇ ਮਾਮਲੇ ’ਚ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ ਦੋਵੇਂ ਪਿਸਤੌਲ ਤੇ 4 ਕਾਰਤੂਸ ਬਰਾਮਦ ਕੀਤੇ ਗਏ ਹਨ। ਦੋਵਾਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਜਾਣਕਾਰੀ ਅਨੁਸਾਰ ਐੱਸ. ਐੱਸ. ਪੀ. ਕਪੂਰਥਲਾ ਰਾਜਪਾਲ ਸਿੰਘ ਸੰਧੂ ਦੇ ਹੁਕਮਾਂ ’ਤੇ ਜ਼ਿਲੇ ਭਰ ’ਚ ਚਲਾਈ ਜਾ ਰਹੀ ਅਪਰਾਧ ਵਿਰੋਧੀ ਮੁਹਿੰਮ ਦੇ ਤਹਿਤ ਐੱਸ. ਪੀ. (ਡੀ.) ਹਰਵਿੰਦਰ ਸਿੰਘ ਤੇ ਡੀ. ਐੱਸ. ਪੀ. (ਡੀ.) ਬਰਜਿੰਦਰ ਸਿੰਘ ਦੀ ਨਿਗਰਾਨੀ ’ਚ ਸੀ. ਆਈ. ਏ. ਸਟਾਫ ਕਪੂਰਥਲਾ ਦੇ ਇੰਚਾਰਜ ਇੰਸਪੈਕਟਰ ਜਰਨੈਲ ਸਿੰਘ ਨੇ ਪੁਲਸ ਟੀਮ ਦੇ ਨਾਲ ਕਾਂਜਲੀ ਰੋਡ ’ਤੇ ਨਾਕਾਬੰਦੀ ਕੀਤੀ ਹੋਈ ਸੀ।

ਇਹ ਵੀ ਪੜ੍ਹੋ : 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ’ਚ ਨਕਲ ਰੋਕਣ ਸਬੰਧੀ PSEB ਦੀ ਸਖ਼ਤੀ, ਜਾਰੀ ਕੀਤੇ ਇਹ ਹੁਕਮ

ਇਸ ਦੌਰਾਨ ਇਕ ਮੁਖਬਰ ਖਾਸ ਨੇ ਪੁਲਸ ਟੀਮ ਨੂੰ ਸੂਚਨਾ ਦਿੱਤੀ ਕਿ 2 ਮੁਲਜ਼ਮ ਨਵਜੋਤ ਸਿੰਘ ਉਰਫ ਮਨੀ ਪੁੱਤਰ ਮਲਕੀਅਤ ਸਿੰਘ ਵਾਸੀ ਪਿੰਡ ਮੁਸ਼ਕਵੇਦ ਕਪੂਰਥਲਾ ਤੇ ਗੁਰਜੰਟ ਸਿੰਘ ਪੁੱਤਰ ਬਿੱਕਰ ਸਿੰਘ ਵਾਸੀ ਪਿੰਡ ਘੁਮਿਆਰਾਂ ਜ਼ਿਲਾ ਜਲੰਧਰ ਇਕ ਬਿਨਾਂ ਨੰਬਰ ਦੇ ਮੋਟਰਸਾਈਕਲ ’ਤੇ ਘੁੰਮ ਰਹੇ ਹਨ ਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਹਨ। ਜੇਕਰ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇ ਤਾਂ ਉਨ੍ਹਾਂ ਪਾਸੋਂ ਨਾਜਾਇਜ਼ ਪਿਸਤੌਲ ਵੀ ਬਰਾਮਦ ਹੋ ਸਕਦੇ ਹਨ।
ਜਦੋਂ ਨਾਕਾਬੰਦੀ ਕਰਕੇ ਪੁਲਸ ਟੀਮ ਨੂੰ ਦੋਵਾਂ ਮੁਲਜ਼ਮਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਨੇ ਮੋਟਰਸਾਈਕਲ ਨੂੰ ਤੇਜ਼ ਰਫਤਰ ਨਾਲ ਭਜਾਉਂਦੇ ਹੋਏ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਟੀਮ ਨੇ ਪਿੱਛਾ ਕਰਕੇ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਦੋਵਾਂ ਮੁਲਜ਼ਮਾਂ ਦੀ ਤਲਾਸ਼ੀ ਦੌਰਾਨ ਉਨ੍ਹਾਂ ਪਾਸੋਂ 2 ਦੇਸੀ ਪਿਸਤੌਲ 7.65 ਐੱਮ. ਐੱਮ. ਤੇ 4 ਕਾਰਤੂਸ ਬਰਾਮਦ ਕੀਤੇ ਗਏ।

ਗ੍ਰਿਫ਼ਤਾਰ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਇਹ ਦੋਵੇਂ ਪਿਸਤੌਲ ਉਨ੍ਹਾਂ ਨੂੰ 3 ਜਨਵਰੀ ਨੂੰ ਥਾਣਾ ਢਿੱਲਵਾਂ ਦੇ ਪਿੰਡ ਗੁਡਾਣੀ ਨਾਲ ਸਬੰਧਤ ਐੱਨ. ਆਰ. ਆਈ. ਪਰਿਵਾਰ ਦੇ ਬਜ਼ੁਰਗ ਨੂੰ ਫਿਰੌਤੀ ਲਈ ਅਗਵਾ ਕਰਨ ਵਾਲੇ ਗ੍ਰਿਫ਼ਤਾਰ ਮੁਲਜ਼ਮ ਗੁਰਇਕਬਾਲ ਸਿੰਘ ਨੇ ਮੁਹੱਈਆ ਕਰਵਾਏ ਸਨ। ਉਕਤ ਮੁਲਜ਼ਮਾਂ ਦੇ ਸਬੰਧ ’ਚ ਸੀ. ਆਈ. ਏ. ਸਟਾਫ਼ ਕਪੂਰਥਲਾ ਦੀ ਪੁਲਸ ਨੂੰ ਪੁੱਛਗਿੱਛ ਦੌਰਾਨ ਵਿਜੈ ਕੁਮਾਰ ਨੇ ਬਰਾਮਦ ਪਿਸਤੌਲਾਂ ਦਾ ਖ਼ੁਲਾਸਾ ਵੀ ਕੀਤਾ ਸੀ।

ਮੁਲਜ਼ਮਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਜੇਕਰ ਉਹ ਫਡ਼ੇ ਨਾ ਜਾਂਦੇ ਤਾਂ ਉਨ੍ਹਾਂ ਨੇ ਲੁੱਟ ਦੀ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਸਾਜਿਸ਼ ਤਿਆਰ ਕੀਤੀ ਸੀ। ਗ੍ਰਿਫ਼ਤਾਰ ਮੁਲਜ਼ਮ ਨਵਜੋਤ ਸਿੰਘ ਉਰਫ਼ ਮਨੀ ਖ਼ਿਲਾਫ਼ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਗ੍ਰਿਫਤਾਰ ਮੁਲਜ਼ਮਾਂ ਨੇ ਬਰਾਮਦ ਦੇਸੀ ਪਿਸਤੌਲਾਂ ਦੀ ਮਦਦ ਨਾਲ ਕਿਸ ਜਗ੍ਹਾ ਵਾਰਦਾਤ ਨੂੰ ਅੰਜਾਮ ਦੇਣਾ ਸੀ ਤੇ ਉਨ੍ਹਾਂ ਦੀ ਕਿਹੜੀ ਸਾਜਿਸ਼ ਸੀ, ਇਸ ਸਬੰਧੀ ਉਨ੍ਹਾਂ ਪਾਸੋਂ ਪੁੱਛਗਿੱਛ ਦਾ ਦੌਰ ਜਾਰੀ ਹੈ, ਜਿਸ ਦੇ ਆਧਾਰ ’ਤੇ ਸਨਸਨੀਖੇਜ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ। ਉੱਥੇ ਹੀ ਮੁਲਜ਼ਮਾਂ ਕੋਲੋਂ ਉਨ੍ਹਾਂ ਦੇ ਬਾਕੀ ਸਾਥੀਆਂ ਦੇ ਸਬੰਧ ’ਚ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਚਾਚੇ ਦੀਆਂ ਅੱਖਾਂ ਸਾਹਮਣੇ ਵਾਪਰਿਆ ਦਰਦਨਾਕ ਹਾਦਸਾ, ਵੇਂਹਦਿਆਂ-ਵੇਂਹਦਿਆਂ ਮੌਤ ਦੇ ਮੂੰਹ ’ਚ ਚਲਾ ਗਿਆ 17 ਸਾਲਾ ਭਤੀਜਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News