ਟਿਊਸ਼ਨ ਪੜ੍ਹਨ ਗਈ 7 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਦੀ ਕੋਸ਼ਿਸ਼,ਬੱਚੀ ਵੱਲੋਂ ਚੀਕ ਚਿਹਾੜਾ ਪਾਉਣ ’ਤੇ ਦੋਸ਼ੀ ਫ਼ਰਾਰ

Friday, Nov 12, 2021 - 10:45 AM (IST)

ਟਿਊਸ਼ਨ ਪੜ੍ਹਨ ਗਈ 7 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਦੀ ਕੋਸ਼ਿਸ਼,ਬੱਚੀ ਵੱਲੋਂ ਚੀਕ ਚਿਹਾੜਾ ਪਾਉਣ ’ਤੇ ਦੋਸ਼ੀ ਫ਼ਰਾਰ

ਬੱਧਨੀ ਕਲਾਂ, ਚੜਿੱਕ (ਬੱਬੀ): ਥਾਣਾ ਬੱਧਨੀ ਕਲਾਂ ਅਧੀਨ ਪੈਂਦੇ ਇਕ ਪਿੰਡ ’ਚ 7 ਸਾਲਾ ਮਾਸੂਮ ਬੱਚੀ ਨਾਲ ਗੁਆਂਢੀਆਂ ਦੇ ਹੀ ਇਕ ਨੌਜਵਾਨ ਮੁੰਡੇ ਵੱਲੋਂ ਜਬਰ-ਜ਼ਿਨਾਹ ਦੀ ਕੋਸ਼ਿਸ਼ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪਤਾ ਲੱਗਾ ਹੈ ਕਿ ਬੱਚੀ ਦੋਸ਼ੀ ਦੀ ਭੈਣ ਕੋਲ ਟਿਊਸ਼ਨ ’ਤੇ ਲੱਗੀ ਹੋਈ ਸੀ ਅਤੇ ਘਟਨਾ ਸਮੇਂ ਵੀ ਉਹ ਟਿਊਸ਼ਨ ਪੜ੍ਹਨ ਗਈ ਹੋਈ ਸੀ, ਜਿੱਥੇ ਉਕਤ ਨੌਜਵਾਨ ਮੁੰਡਾ ਚਾਕਲੇਟ ਦਿਖਾ ਕੇ ਬੱਚੀ ਨੂੰ ਬਾਥਰੂਮ ’ਚ ਲੈ ਗਿਆ ਅਤੇ ਉਸ ਨਾਲ ਜਬਰ-ਜ਼ਿਨਾਹ ਦੀ ਕੋਸ਼ਿਸ਼ ਕੀਤੀ, ਪਰ ਬੱਚੀ ਵੱਲੋਂ ਚੀਕ-ਚਿਹਾੜਾ ਪਾਉਣ ’ਤੇ ਦੋਸ਼ੀ ਘਟਨਾ ਸਥਾਨ ਤੋਂ ਰਫੂ ਚੱਕਰ ਹੋ ਗਿਆ।

ਸਬ-ਇੰਸਪੈਕਟਰ ਮੈਡਮ ਗੁਰਵਿੰਦਰ ਕੌਰ ਨੇ ਦੱਸਿਆ ਕਿ ਪੀੜਤ ਬੱਚੀ ਦੀ ਮਾਤਾ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਕਿਹਾ ਹੈ ਕਿ ਉਸ ਦੀ ਬੱਚੀ ਗੁਆਂਢੀਆਂ ਦੇ ਘਰ ਰੋਜ਼ਾਨਾਂ ਵਾਂਗ ਸ਼ਾਮ ਨੂੰ ਪੰਜ ਵਜੇ ਕਰੀਬ ਟਿਊਸ਼ਨ ਪੜ੍ਹਨ ਗਈ ਸੀ। ਇਸ ਦੌਰਾਨ ਉਥੇ ਬਾਥਰੂਮ ਕਰਨ ਚਲੀ ਗਈ, ਜਿਸ ਦੌਰਾਨ ਦੋਸ਼ੀ ਅਵੈਪ੍ਰਤਾਪ ਸਿੰਘ ਉਸ ਨੂੰ ਚਾਕਲੇਟ ਦਾ ਲਾਲਚ ਦੇ ਕੇ ਕੋਠੀ ਵਾਲੇ ਬਾਥਰੂਮ ਅੰਦਰ ਲੈ ਗਿਆ ਅਤੇ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਲੱਗਾ। ਦੋਸ਼ੀ ਦੀ ਇਸ ਹਰਕਤ ਤੋਂ ਬੱਚੀ ਡਰ ਗਈ ਤਾਂ ਉਸ ਨੇ ਬੱਚੀ ਨੂੰ ਜਾਣੋਂ ਮਾਰਨ ਦੀਆਂ ਧਮਕੀਆਂ ਦਿੰਦਿਆਂ ਉਸ ਨਾਲ ਜਬਰ-ਜ਼ਿਨਾਹ ਦੀ ਕੋਸ਼ਿਸ਼ ਕੀਤੀ।

ਬੱਚੀ ਨੇ ਜਦੋਂ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਤਾਂ ਦੋਸ਼ੀ ਮੌਕੇ ਤੋਂ ਭੱਜ ਗਿਆ। ਇਸ ਦੌਰਾਨ ਬੱਚੀ ਦਾ ਚੀਕ-ਚਿਹਾੜਾ ਸੁਣ ਕੇ ਜਦੋਂ ਉਸ ਦੀ ਮਾਂ ਉਨ੍ਹਾਂ ਦੇ ਘਰ ਭੱਜ ਕੇ ਗਈ ਤਾਂ ਬੱਚੀ ਨੇ ਆਪਣੀ ਮਾਂ ਨੂੰ ਦੋਸ਼ੀ ਦੀ ਹਰਕਤ ਬਾਰੇ ਦੱਸਿਆ। ਸਬ-ਇੰਸਪੈਕਟਰ ਮੈਡਮ ਗੁਰਵਿੰਦਰ ਕੌਰ ਨੇ ਕਿਹਾ ਕਿ ਇਸ ਘਟਨਾ ਨੂੰ ਗੰਭੀਰਤਾਂ ਨਾਲ ਲੈਂਦਿਆਂ ਥਾਣਾ ਬੱਧਨੀ ਕਲਾਂ ਵਿਖੇ ਬੱਚੀ ਦੀ ਮਾਤਾ ਵੱਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ ’ਤੇ ਅਵੈਪ੍ਰਤਾਪ ਸਿੰਘ ਵਾਸੀ ਬੋਡੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਤੇ ਦੋਸ਼ੀ ਨੂੰ ਕਾਬੂ ਕਰਨ ਲਈ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।


author

Shyna

Content Editor

Related News